ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਿੱਲੀ ਵਿਧਾਨ ਸਭਾ ਵਿੱਚ ਬਜਟ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ

ਨਵੀਂ ਦਿੱਲੀ, ਮੀਡੀਆ ਬਿਊਰੋ:

ਪੰਜਾਬ ’ਚ ਵੀ ਆਮ ਆਦਮੀ ਪਾਰਟੀ (ਆਪ) ਦੇ ਸੱਤਾ ’ਚ ਆਉਣ ਦੇ ਬਾਅਦ ਦਿੱਲੀ ਤੇ ਪੰਜਾਬ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਵਿਚਾਲੇ ਬਿਹਤਰ ਤਾਲਮੇਲ ਨਜ਼ਰ ਆਉਣ ਲੱਗਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਿੱਲੀ ਵਿਧਾਨ ਸਭਾ ’ਚ ਬਜਟ ਦੀ ਪ੍ਰਕਿਰਿਆ ਦੇਖਣਗੇ। ਸ਼ਨਿਚਰਵਾਰ (26 ਮਾਰਚ) ਨੂੰ ਦਿੱਲੀ ਦੀ ਆਪ ਸਰਕਾਰ ਲਗਾਤਾਰ ਅੱਠਵੀਂ ਵਾਰੀ ਬਜਟ ਪੇਸ਼ ਕਰਨ ਜਾ ਰਹੀ ਹੈ। ਉਪ ਮੁੱਖ ਮੰਤਰੀ ਤੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਬਜਟ ਪੇਸ਼ ਕਰਨਗੇ। 2015 ’ਚ ਆਪ ਸਰਕਾਰ ਆਉਣ ’ਤੇ ਦਿੱਲੀ ਸਰਕਾਰ ਦਾ ਕੁੱਲ ਅਨੁਮਾਨਿਤ ਬਜਟ 30 ਹਜ਼ਾਰ ਕਰੋਡ਼ ਦਾ ਪੇਸ਼ ਕੀਤਾ ਗਿਆ ਸੀ ਜਿਹਡ਼ਾ ਪਿਛਲਾ ਵਿੱਤੀ ਸਾਲ 2021-22 ’ਚ 69 ਹਜ਼ਾਰ ਕਰੋਡ਼ ਦਾ ਹੋ ਗਿਆ ਸੀ। ਇਸ ਵਾਰੀ ਵੀ ਬਜਟ ਵਧਣ ਦਾ ਅਨੁਮਾਨ ਹੈ।

ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਤੋਂ ਦੋ ਵਾਰੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਸੋਮਵਾਰ ਨੂੰ ਸਰਬਸੰਮਤੀ ਨਾਲ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ ਸੀ। ਉਨ੍ਹਾਂ ਦੇ ਨਾਂ ਦੀ ਤਜਵੀਜ਼ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖੀ ਸੀ। ਸੰਧਵਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸੀ ਉਮੀਦਵਾਰ ਅਜੇਪਾਲ ਸਿੰਘ ਸੰਧੂ ਨੂੰ 21,130 ਵੋਟਾਂ ਦੇ ਫਰਕ ਨਾਲ ਹਰਾ ਕੇ ਕੋਟਕਪੂਰਾ ਵਿਧਾਨ ਸਭਾ ਸੀਟ ਤੋਂ ਜਿੱਤ ਹਾਸਲ ਕੀਤੀ ਹੈ। ਉਹ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਭਰਾ ਦੇ ਪੋਤੇ ਹਨ।

Share This :

Leave a Reply