ਚੰਡੀਗੜ੍ਹ (ਮੀਡੀਆ ਬਿਊਰੋ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਤੋਂ ਬਾਅਦ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ.ਟੀ.ਯੂ.) ਦੇ ਡਿਪਟੀ ਰਜਿਸਟਰਾਰ ਨੂੰ ਤਰੱਕੀ ਵਿੱਚ ਦੇਰੀ ਦੇ ਮਾਮਲੇ ਵਿੱਚ ਇਨਸਾਫ਼ ਦਿੱਤਾ ਗਿਆ ਹੈ। ਯੂਨੀਵਰਸਿਟੀ ਡਾ. ਮਹਿਮੀ ਨੂੰ ਚਾਰ ਸਾਲ ਪਹਿਲਾਂ ਦੀ ਬਣਦੀ ਮਿਤੀ ਤੋਂ ਤਰੱਕੀ ਦੇਣ ਸਣੇ ਵਿੱਤੀ ਲਾਭ ਵੀ ਦੇਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਮੈਂਬਰ ਸ੍ਰੀ ਗਿਆਨ ਚੰਦ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਡਾ. ਸੰਦੀਪ ਮਹਿਮੀ ਨੇ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ ਕਿ ਉਹ 28 ਮਈ, 2010 ਤੋਂ ਪੀ.ਟੀ.ਯੂ. ਵਿੱਚ ਬਤੌਰ ਸਹਾਇਕ ਰਜਿਸਟਰਾਰ ਕੰਮ ਕਰ ਰਿਹਾ ਹੈ।
ਯੂਨੀਵਰਸਿਟੀ ਨਿਯਮਾਂ ਅਨੁਸਾਰ ਉਹ ਪੰਜ ਸਾਲ ਬਾਅਦ ਡਿਪਟੀ ਰਜਿਸਟਰਾਰ ਦੀ ਆਸਾਮੀ ’ਤੇ ਤਰੱਕੀ ਲਈ ਹਰ ਪੱਖੋਂ ਪੂਰੀਆਂ ਯੋਗਤਾਵਾਂ ਰੱਖਦਾ ਸੀ ਪਰ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣ ਕਾਰਨ ਉਸ ਨੂੰ 28 ਮਈ, 2015 ਦੀ ਬਜਾਏ 9 ਸਾਲ ਬਾਅਦ 28 ਮਈ, 2019 ਨੂੰ ਡਿਪਟੀ ਰਜਿਸਟਰਾਰ ਦੀ ਆਸਾਮੀ ’ਤੇ ਤਰੱਕੀ ਦਿੱਤੀ ਗਈ, ਜਦਕਿ ਉਸ ਤੋਂ ਪਹਿਲਾਂ ਜਨਰਲ ਵਰਗ ਦੇ ਅਧਿਕਾਰੀਆਂ ਨੂੰ ਪੰਜ ਸਾਲ ਦਾ ਸਮਾਂ ਪੂਰਾ ਹੋਣ ’ਤੇ ਹੀ ਤਰੱਕੀ ਦੇ ਦਿੱਤੀ ਗਈ।
ਇਸ ’ਤੇ ਕਾਰਵਾਈ ਕਰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਐਕਟ, 2004 ਦੀ ਧਾਰਾ 10 (2) ਅਧੀਨ ਸਬੰਧਤ ਵਿਭਾਗ ਪਾਸੋਂ ਸ਼ਿਕਾਇਤ ਸਬੰਧੀ ਪੜਤਾਲ ਰਿਪੋਰਟ ਮੰਗੀ ਗਈ ਸੀ ਅਤੇ ਸਾਰਾ ਰਿਕਾਰਡ ਘੋਖਣ ਪਿੱਛੋਂ ਸ਼ਿਕਾਇਤ ਬਿਲਕੁਲ ਸਹੀ ਪਾਈ ਗਈ। ਯੂਨੀਵਰਸਿਟੀ ਨਿਯਮਾਂ ਅਨੁਸਾਰ 5 ਸਾਲ ਬਾਅਦ ਸ਼ਿਕਾਇਤਕਰਤਾ ਨੂੰ ਤਰੱਕੀ ਦੇਣੀ ਬਣਦੀ ਸੀ। ਇਸ ’ਤੇ ਕਮਿਸ਼ਨ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਹੁਕਮ ਦਿੱਤੇ ਕਿ ਨਿਯਮਾਂ ਮੁਤਾਬਕ ਤਰੱਕੀ ਵਿੱਚ ਕੀਤੀ ਗਈ ਦੇਰੀ ਦੇ ਮੱਦੇਨਜ਼ਰ ਸ਼ਿਕਾਇਤਕਰਤਾ ਨੂੰ ਵਿੱਤੀ ਲਾਭਾਂ ਸਮੇਤ 28 ਮਈ, 2015 ਤੋਂ ਤਰੱਕੀ ਦਿੱਤੀ ਜਾਵੇ। ਸ੍ਰੀ ਗਿਆਨ ਚੰਦ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਸ੍ਰੀ ਦਵਿੰਦਰ ਸਿੰਘ ਨੇ ਕੱਲ ਕਮਿਸ਼ਨ ਦਫਤਰ ਵਿੱਚ ਪੇਸ਼ ਹੋ ਕੇ ਦੱਸਿਆ ਕਿ ਡਾ. ਮਹਿਮੀ ਨੂੰ ਚਾਰ ਸਾਲ ਪਹਿਲਾਂ ਦੀ ਬਣਦੀ ਮਿਤੀ ਤੋਂ ਤਰੱਕੀ ਦੇਣ ਸਮੇਤ ਵਿੱਤੀ ਲਾਭ ਦੇਣ ਸਬੰਧੀ ਯੂਨੀਵਰਸਿਟੀ ਵੱਲੋਂ ਹੁਕਮ ਦੇ ਦਿੱਤੇ ਗਏ ਹਨ।