ਜਲੰਧਰ, ਮੀਡੀਆ ਬਿਊਰੋ:
ਬੱਸਾਂ ਰੂਟ ‘ਤੇ ਰਵਾਨਾ ਨਹੀਂ ਹੋ ਪਾ ਰਹੀਆਂ ਹਨ ਤੇ ਕੋਈ ਕਮਾਈ ਨਹੀਂ ਕਰ ਰਹੀਆਂ ਹਨ। ਬੱਸਾਂ ਵਰਕਸ਼ਾਪ ‘ਚ ਖੜ੍ਹੀਆਂ ਹਨ ਤੇ ਸਾਂਭ-ਸੰਭਾਲ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਪੈ ਰਿਹਾ ਹੈ। ਬਾਵਜੂਦ ਇਸ ਦੇ ਰੋਡਵੇਜ਼ ਪ੍ਰਬੰਧਨ ਨੂੰ ਬੱਸਾਂ ਦੇ ਸਪੈਸ਼ਲ ਰੋਡ ਟੈਕਸ (SRT) ਦੀ ਅਦਾਇਗੀ ਕਰਨੀ ਪੈ ਰਹੀ ਹੈ। ਬੱਸਾਂ ਦੇ ਰੂਟ ‘ਤੇ ਰਵਾਨਾਂ ਨਾ ਹੋ ਸਕਣ ਦੀ ਮੁੱਖ ਵਜ੍ਹਾ ਇਹ ਹੈ ਕਿ ਪੰਜਾਬ ਰੋਡਵੇਜ਼ ਕੋਲ ਬੱਸਾਂ ਚਲਾਉਣ ਲਈ ਲੋੜੀਂਦੀ ਗਿਣਤੀ ‘ਚ ਸਟਾਫ ਉਪਲਬਧ ਨਹੀਂ ਹੈ।
ਪੰਜਾਬ ਰੋਡਵੇਜ਼ ਦੇ ਬੇੜੇ ‘ਚ ਲਗਪਗ 582 ਨਵੀਆਂ ਬੱਸਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਉਸ ਤੋਂ ਬਾਅਦ ਸਟਾਫ ਦੀ ਕਿੱਲਤ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਜੇਕਰ ਗੱਲ ਜਲੰਧਰ ਡਿਪੂ ਦੀ ਕੀਤੀ ਜਾਵੇ ਤਾਂ ਲਗਪਗ 25 ਫ਼ੀਸਦ ਬੱਸਾਂ ਰੂਟ ‘ਤੇ ਰਵਾਨਾ ਨਹੀਂ ਹੋ ਪਾ ਰਹੀਆਂ ਹਨ। ਪੰਜਾਬ ਰੋ਼ਡਵੇਜ਼ ਜਲੰਧਰ ਇਕ ਡਿਪੂ ‘ਚ 25 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਚੁੱਕੀਆਂ ਹਨ। ਨਿਯਮ ਮੁਤਾਬਕ ਆਵਾਜਾਈ ਵਿਭਾਗ ਤੋਂ ਜਿਸ ਬੱਸ਼ ਦਾ ਪਰਮਿਟ ਰੀਨਿਊ ਕੀਤਾ ਜਾਂਦਾ ਹੈ, ਉਸ ਦਾ ਐੱਸਆਰਟੀ ਦੇਣਾ ਲਾਜ਼ਮੀ ਹੁੰਦੀ ਹੈ। ਨਹੀਂ ਤਾਂ ਪਰਮਿਟ ਬੱਸ ਸਮੇਤ ਜ਼ਬਤ ਕੀਤਾ ਜਾ ਸਕਦਾ ਹੈ ਜਾਂ ਕੈਂਸਲ ਵੀ ਕੀਤਾ ਜਾ ਸਕਦਾ ਹੈ।
ਇਸੇ ਕਾਰਨ ਰੋਡਵੇਜ਼ ਨੂੰ ਮਜਬੂਰੀ ਵਸ ਕਮਾਈ ਨਾ ਕਰਨ ਵਾਲੀਆਂ ਬੱਸਾਂ ਦੇ ਵੀ ਐੱਸਆਰਟੀ ਦੀ ਅਦਾਇਗੀ ਕਰਨੀ ਪੈ ਰਹੀ ਹੈ। 25 ਫ਼ੀਸਦ ਬੱਸਾਂ ਦੇ ਵਰਕਸ਼ਾਪ ‘ਚ ਖੜ੍ਹੇ ਹੋ ਜਾਣ ਨਾਲ ਦਿਹਾਤੀ ਹਲਕੇ ‘ਚ ਬੱਸ ਸੇਵਾ ਪੂਰੀ ਤਰ੍ਹਾਂ ਨਾਲ ਖਸਤਾਹਾਲ ਰਹਿ ਗਈ ਹੈ। ਰੋਡਵੇਜ਼ ਪ੍ਰਬੰਧਨ ਵੱਲੋਂ ਨਵੀਆਂ ਬੱਸਾਂ ਨੂੰ ਸਿਰਫ਼ ਮੁੱਖ ਰੂਟਾਂ ‘ਤੇ ਹੀ ਚਲਾਇਆ ਜਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਜਲੰਧਰ ਤੋਂ ਬਟਾਲਾ, ਅੰਮ੍ਰਿਤਸਰ, ਚੰਡੀਗਰ੍ਹ, ਪਠਾਨਕੋਟ, ਦਿੱਲੀ, ਜੰਮੂ ਆਦਿ ਲਈ ਬੱਸਾਂ ਉਪਲਬਧ ਹਨ, ਪਰ ਜੇਕਰ ਜਲੰਧਰ ਤੋਂ ਨੂਰਮਹਿਲ ਜਾਣਾ ਹੈ ਤਾਂ ਬੱਸ ਸਟੈਂਡ ‘ਤੇ ਸਰਕਾਰੀ ਬੱਸ ਦਾ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਜਗਰਾਜ ਸਿੰਘ ਨੇ ਕਿਹਾ ਕਿ ਲੋੜੀਂਦੀ ਗਿਣਤੀ ‘ਚ ਡਰਾਈਵਰ ਉਪਲਬਧ ਕਰਵਾਉਣ ਲਈ ਡਾਇਰੈਕਟਰ ਸਟੇਟ ਟਰਾਂਸਪੋਰਟ ਅਤੇ ਟਰਾਂਸਪੋਰਟ ਮੰਤਰੀ ਤਕ ਦੇ ਸਮਰੱਥ ਮੰਗ ਉਠਾਈ ਜਾ ਚੁੱਕੀ ਹੈ। ਜਗਰਾਜ ਸਿੰਘ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਜੋ ਬੱਸਾਂ ਰੂਟ ‘ਤੇ ਰਵਾਨਾ ਨਹੀਂ ਹੋ ਪਾ ਰਹੀਆਂ ਹਨ, ਉਨ੍ਹਾਂ ਦਾ ਵੀ ਐੱਸਆਰਟੀ ਅਦਾ ਕਰਨਾ ਪੈ ਰਿਹਾ ਹੈ।