ਚੰਡੀਗੜ੍ਹ (ਮੀਡੀਆ ਬਿਊਰੋ)– ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬੱਚਿਆਂ ਦੇ ਮਾਹਿਰਾਂ ਦੇ ਗਰੁੱਪ ਦਾ ਐਲਾਨ ਕੀਤਾ ਹੈ ਜੋ ਬੱਚਿਆਂ ਦੇ ਇਲਾਜ ਲਈ ਪ੍ਰੋਟੋਕਾਲ ਤਿਆਰ ਕਰਨ ਅਤੇ ਬੱਚਿਆਂ ਦੇ ਬੈੱਡ ਵਧਾਉਣ ਤੇ ਇਲਾਜ ਸਬੰਧੀ ਕਾਰਜ ਵਿਧੀ ਲਈ ਪ੍ਰਾਈਵੇਟ ਹਸਪਤਾਲਾਂ ਨੂੰ ਸਹਿਯੋਗ ਕਰਨ ਵਾਸਤੇ ਰੂਪ-ਰੇਖਾ ਨੂੰ ਅਮਲੀਜਾਮਾ ਪਹਿਨਾਏਗਾ। ਇਸ ਦੇ ਨਾਲ ਹੀ ਸੂਬੇ ਵਿਚ ਕੋਵਿਡ ਦੀ ਸੰਭਾਵਿਤ ਤੀਜੀ ਲਹਿਰ ਦੀਆਂ ਤਿਆਰੀਆਂ ਸਬੰਧੀ ਵਿਸਥਾਰਤ ਕਾਰਜ ਯੋਜਨਾ ਨੂੰ ਅਮਲੀ ਰੂਪ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹ ਗਰੁੱਪ ਸਰਕਾਰੀ ਮੈਡੀਕਲ ਕਾਲਜਾਂ, ਸਿਹਤ ਵਿਭਾਗ, ਪੀ,ਜੀ.ਆਈ. ਅਤੇ ਆਈ.ਏ.ਪੀ. ਦੇ ਪੰਜਾਬ ਚੈਪਟਰ ਉਤੇ ਅਧਾਰਿਤ ਹੋਵੇਗਾ ਜਦਕਿ ਮੁੱਖ ਮੰਤਰੀ ਨੇ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਤੀਜੀ ਲਹਿਰ ਦੇ ਜਦੋਂ ਅਤੇ ਕਦੇ ਵੀ ਆਉਣ ਉਤੇ ਇਸ ਨਾਲ ਨਜਿੱਠਣ ਲਈ ਵਿਆਪਕ ਯੋਜਨਾ ਤਿਆਰ ਅਮਲ ਵਿਚ ਲਿਆਉਣ ਦੇ ਨਿਰਦੇਸ਼ ਦਿੱਤੇ।
ਕੋਵਿਡ ਸਬੰਧੀ ਸਮੀਖਿਆ ਮੀਟਿੰਗ ਦੀ ਵਰਚੂਅਲ ਤੌਰ ਉਤੇ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਤੀਜੀ ਲਹਿਰ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜਾ ਲਿਆ ਅਤੇ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਘੱਟੋ-ਘੱਟ ਤਿੰਨ ਦਿਨ ਲਈ ਆਕਸੀਜਨ ਲਈ ਭੰਡਾਰ ਸਮਰੱਥਾ ਪੈਦਾ ਕਰਨ ਅਤੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਪਾਈਪਡ ਆਕਸੀਜਨ ਉਪਲਬਧ ਕਰਵਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮੇਂ ਸੂਬੇ ਕੋਲ ਘੱਟੋ-ਘੱਟ 375 ਮੀਟਰਕ ਟਨ ਆਕਸੀਜਨ ਉਪਲਬਧ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਲਹਿਰ ਦੇ ਸਿਖਰ ਮੌਕੇ ਸਪਲਾਈ ਕੀਤੇ ਜਾਣ ਦਾ ਢਾਂਚਾ ਤਿਆਰ ਕਰਨ ਦੀ ਲੋੜ ਉਤੇ ਜੋਰ ਦਿੱਤਾ।
ਮੁੱਖ ਸਕੱਤਰ ਵਿਨੀ ਮਹਾਜਨ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਕਿ ਸੂਬੇ ਨੂੰ ਨਹਿਰੀ ਪਾਣੀ ਉਤੇ ਅਧਾਰਿਤ ਜਲ ਸਪਲਾਈ ਪ੍ਰਾਜੈਕਟ ਲਈ ਵਿਸ਼ਵ ਬੈਂਕ ਦੇ ਕਰਜੇ ਦੇ ਇਵਜ਼ ਵਿਚ ਅੱਜ 500 ਆਕਸੀਜਨ ਕੰਨਸੈਂਟਰੇਟਰਜ਼ ਪ੍ਰਾਪਤ ਹੋ ਚੁੱਕੇ ਹੋ ਚੁੱਕੇ ਹਨ ਜਦਕਿ 2500 ਹੋਰ ਆ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪ੍ਰਾਈਵੇਟ ਸੈਕਟਰ ਵਿਚ ਬੱਚਿਆਂ ਲਈ ਕੋਵਿਡ ਐਲ-2 ਅਤੇ ਐਲ-3 ਬੈੱਡ (ਘੱਟੋ-ਘੱਟ 1000) ਦੀ ਸ਼ਨਾਖਤ ਕਰਨ ਦੇ ਨਿਰਦੇਸ਼ ਦਿੱਤੇ ਅਤੇ ਮਾਹਿਰਾਂ ਵੱਲੋਂ ਬੱਚਿਆਂ ਦੇ ਇਲਾਜ ਲਈ ਪ੍ਰੋਟੋਕਾਲ ਅਤੇ ਦਵਾਈਆਂ ਬਾਰੇ ਜਿਲ੍ਹਾ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਜਾਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਬੱਚਿਆਂ ਦੀ ਕੋਵਿਡ ਟੈਸਟਿੰਗ ਲਈ ਆਰ.ਟੀ.ਪੀ.ਸੀ.ਆਰ. ਮਸ਼ੀਨਾਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਆਈ.ਸੀ.ਯੂ. ਅਤੇ ਆਕਸੀਜਨ ਦੀ ਸਮਰੱਥਾ ਵਿਚ ਵਾਧਾ ਕਰਨ, ਬੁਨਿਆਦੀ ਢਾਂਚੇ ਅਤੇ ਮਨੁੱਖੀ ਸ਼ਕਤੀ ਵਧਾਉਣ ਅਤੇ ਸੂਬਾ ਭਰ ਵਿਚ ਨਿਗਰਾਨੀ ਕਰਨ ਅਤੇ ਟੈਸਟਿੰਗ ਲਈ ਵਾਸਤੇ ਆਖਿਆ।
ਕੁਝ ਮੁਲਕਾਂ ਵਿਚ ਤੀਜੀ ਲਹਿਰ ਵੱਲੋਂ ਦੂਜੀ ਲਹਿਰ ਨਾਲੋਂ 25 ਫੀਸਦੀ ਵੱਧ ਨੁਕਸਾਨ ਕਰਨ ਦੇ ਸੰਕੇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਮੰਤਰੀ ਨੇ ਹੁਕਮ ਦਿੱਤੇ ਕਿ ਜੇਕਰ ਕੋਈ ਕਮੀ-ਪੇਸ਼ੀ ਹੈ ਤਾਂ ਉਸ ਨੂੰ ਦੂਰ ਕਰਦੇ ਹੋਏ ਡਾਕਟਰਾਂ, ਮਾਹਿਰਾਂ, ਨਰਸਾਂ, ਤਕਨੀਸ਼ੀਅਨਾਂ ਆਦਿ ਨਾਲ ਲੈਸ ਵਾਧੂ ਸਮਰੱਥਾ ਪੈਦਾ ਕਰਨ ਦੇ ਹੁਕਮ ਦਿੱਤੇ।
ਮੁੱਖ ਮੰਤਰੀ ਨੇ ਕਿਹਾ ਕਿ ਪੈਡੀਐਟਰਿਕ ਐਸੋਸੀਏਸ਼ਨ ਆਫ ਇੰਡੀਆ ਪਾਸੋਂ ਪ੍ਰਾਪਤ ਹੋਈ ਨਿਰਧਾਰਤ ਸੰਚਾਲਨ ਵਿਧੀ (ਐਸ.ਪੀ.ਓਜ਼) ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਸਿਹਤ ਮਾਹਿਰਾਂ ਨੂੰ ਮਹਾਮਾਰੀ ਦੀ ਤੀਜੀ ਲਹਿਰ ਨਾਲ ਨਿਪਟਣ ਲਈ ਵਿਆਪਕ ਕਾਰਜ ਯੋਜਨਾ ਅਮਲ ਵਿਚ ਲਿਆਉਣ ਦੇ ਹੁਕਮ ਦਿੱਤੇ। ਮੁੱਖ ਮੰਤਰੀ ਨੇ ਹਦਾਇਤ ਕੀਤੀ ਕਿ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਅਤੇ ਦਵਾਈਆਂ ਦਾ ਸਟਾਕ ਬਰਕਰਾਰ ਰੱਖਣ ਅਤੇ ਮੌਜੂਦਾ ਸਟਾਫ ਦੀ ਸਮਰੱਥਾ ਨਿਰਮਾਣ ਵਧਾਈ ਜਾਣੀ ਚਾਹੀਦੀ ਹੈ ਤਾਂ ਕਿ ਅਗਲੀ ਲਹਿਰ ਵਿਚ ਪੀੜਤ ਬੱਚਿਆਂ ਦੀ ਦੇਖਭਾਲ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਨੇ ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿਚ ਨਿਗਰਾਨੀ ਜਾਰੀ ਰੱਖਣ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਵਾਇਰਸ ਦੇ ਬਦਲਦੇ ਸਰੂਪ ਦੀ ਟੈਸਟਿੰਗ ਵੀ ਜਾਰੀ ਰਹਿਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੀਰੋ-ਸਰਵੇ ਵੀ ਸਮੇਂ ਸਮੇਂ ਉਤੇ ਕੀਤਾ ਜਾਂਦਾ ਰਹਿਣਾ ਚਾਹੀਦਾ ਹੈ।