Punjab Polls 2022 : ਪੰਜਾਬ ’ਚ ਭਾਜਪਾ ਲੀਡਰਾਂ ਨੂੰ ਮਿਲੇਗੀ ਕੇਂਦਰੀ ਸੁਰੱਖਿਆ, ਗ੍ਰਹਿ ਮੰਤਰਾਲੇ ਨੇ ਲਿਆ ਵੱਡਾ ਫ਼ੈਸਲਾ

ਨਵੀਂ ਦਿੱਲੀ, ਮੀਡੀਆ ਬਿਊਰੋ:

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ’ਚ ਸੁਰੱਖਿਆ ਸਥਿਤੀ ਦੀ ਸਮੀਖਿਆ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਸੂਬਾ ਦੇ ਭਾਜਪਾ ਦੇ ਕਈ ਅਹਿਮ ਨੇਤਾਵਾਂ ਨੂੰ ਕੇਂਦਰੀ ਸੁਰੱਖਿਆ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਚੋਣ ਪ੍ਰਚਾਰ ਦੌਰਾਨ ਕੁਝ ਕੇਂਦਰੀ ਮੰਤਰੀਆਂ ਤੇ ਭਾਜਪਾ ਨੇਤਾਵਾਂ ਦਾ ਸੁਰੱਖਿਆ ਘੇਰਾ ਹੋਰ ਸਖ਼ਤ ਕੀਤਾ ਜਾਵੇਗਾ। ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਇਨ੍ਹਾਂ ਨੇਤਾਵਾਂ ਦੇ ਨਾਂ ਜਨਤਕ ਨਹੀਂ ਕੀਤੇ ਗਏ ਹਨ।

ਇਸ ਤੋਂ ਇਲਾਵਾ ਕੇਂਦਰ ਸਰਕਾਰ ਕੌਮੀ ਸਵੈ-ਸੇਵਕ ਸੰਘ ਦੇ ਨੇਤਾਵਾਂ, ਭਾਜਪਾ ’ਚ ਸ਼ਾਮਲ ਹੋਏ ਦੂਸਰੀਆਂ ਪਾਰਟੀਆਂ ਦੇ ਨੇਤਾਵਾਂ ਤੇ ਧਾਰਮਿਕ ਸੰਗਠਨਾਂ ਨਾਲ ਜੁਡ਼ੇ ਲੋਕਾਂ ਨੂੰ ਵੀ ਵੀਆਈਪੀ ਸੁਰੱਖਿਆ ਦੇਣ ਦਾ ਫ਼ੈਸਲਾ ਕੀਤਾ ਹੈ।

ਕੇਂਦਰ ਦਾ ਇਹ ਕਦਮ ਖ਼ੁਫ਼ੀਆ ਏਜੰਸੀਆਂ ਦੇ ਇਨਪੁਟ ਤੋਂ ਬਾਅਦ ਆਇਆ ਹੈ, ਜਿਸ ’ਚ ਸੰਕੇਤ ਮਿਲਿਆ ਹੈ ਕਿ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਇੰਟਰ-ਸਰਵਿਸਜ਼ ਇੰਟੈਲੀਜੈਂਸ (ਆਈਐੱਸਆਈ) ਨੇ ਪੰਜਾਬ ’ਚ ਚੋਣ ਪ੍ਰਕਿਰਿਆ ਨੂੰ ਲੀਹ ’ਤੇ ਲਿਆਉਣ ਲਈ ਆਪਣੀਆਂ ਸਾਰੀਆਂ ਅੱਤਵਾਦੀ ਯੂਨਿਟਾਂ ਨੂੰ ਸਰਗਰਮ ਕਰ ਦਿੱਤਾ ਹੈ। ਖ਼ੁਫ਼ੀਆ ਇਨਪੁਟ ਦੇ ਹਵਾਲੇ ਨਾਲ ਸੁਰੱਖਿਆ ਵਿਵਸਥਾ ਦੇ ਸੂਤਰਾਂ ਨੇ ਕਿਹਾ ਕਿ ਆਈਐੱਸਆਈ ਸਪਾਂਸਰ ਸਿੱਖ ਅੱਤਵਾਦੀ ਸੰਗਠਨ ਚੋਣ ਰੈਲੀਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਉਹ ਪੰਜਾਬ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਕੁਝ ਹਿੱਸਿਆਂ ’ਚ ਚੋਣ ਪ੍ਰਚਾਰ ਦੌਰਾਨ ਅਹਿਮ ਨੇਤਾਵਾਂ ਜਾਂ ਵੀਵੀਆਈਪੀਜ਼ ਨੂੰ ਮਾਰਨ ਦੀ ਵੀ ਕੋਸ਼ਿਸ਼ ਕਰ ਸਕਦੇ ਹਨ।

ਆਈਐੱਸਆਈ ਪੰਜਾਬ ’ਚ ਵਿਧਾਨ ਸਭਾ ਚੋਣਾਂ ਦੀ ਆਡ਼ ’ਚ ਖ਼ਾਲਿਸਤਾਨੀ ਅੰਦੋਲਨ ਨੂੰ ਮੁਡ਼ ਤੋਂ ਹਵਾ ਦੇਣ ’ਚ ਸਰਗਰਮ ਹੈ। ਗਡ਼ਬਡ਼ੀ ਫੈਲਾਉਣ ਲਈ ਇਸ ਨੇ ਸਾਰੇ ਛੋਟੇ-ਵੱਡੇ ਅੱਤਵਾਦੀ ਸਮੂਹਾਂ ਨੂੰ ਸਰਗਰਮ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਆਈਐੱਸਆਈ ਨੇ ਵਿਦੇਸ਼ ’ਚ ਸਰਗਰਮ ਸਿੱਖ ਅੱਤਵਾਦੀ ਸਮੂਹਾਂ ਨੂੰ ਪੰਜਾਬ ’ਚ ਹਥਿਆਰਾਂ ਤੇ ਵਿਸਫੋਟਕਾਂ ਦੀ ਸਪਲਾਈ ਵਧਾਉਣ ਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐੱਸਵਾਈਐੱਫ), ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਤੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਵਰਗੇ ਸੰਗਠਨਾਂ ਨੂੰ ਖ਼ਾਸ ਨਿਰਦੇਸ਼ ਦਿੱਤੇ ਹਨ।

ਹਾਲ ਹੀ ’ਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਦਿੱਲੀ ਤੇ ਪੰਜਾਬ ਫੇਰੀ ਦੌਰਾਨ ਉਨ੍ਹਾਂ ਦੀ ਸੁਰੱਖਿਆ ਨੂੰ ਵਾਈ ਸ਼੍ਰੇਣੀ ਤੋਂ ਵਧਾ ਕੇ ਜ਼ੈੱਡ ਕਰ ਦਿੱਤਾ ਗਿਆ ਹੈ। ਉਹ ਭਾਜਪਾ ਦੇ ਪੰਜਾਬ ਦੇ ਚੋਣ ਇੰਚਾਰਜ ਵੀ ਹਨ।

Share This :

Leave a Reply