Punjab Politics : ਟਿਕਟ ਨੂੰ ਲੈ ਕੇ ਸਿੱਧੂ ਮੂਸੇਵਾਲਾ ’ਤੇ ਵਿਧਾਇਕ ਮਾਨਸ਼ਾਹੀਆ ਵਿਚਾਲੇ ਤਣਾਅ ਵਧਿਆ, ਮਾਨਸ਼ਾਹੀਆਂ ਨੇ ਰਾਹੁਲ ਗਾਂਧੀ ਨੂੰ ਲਿਖੀ ਚਿੱਠੀ

ਮਾਨਸਾ, ਮੀਡੀਆ ਬਿਊਰੋ: ਸਿੱਧੂ ਮੂਸੇਵਾਲਾ ਨੂੰ ਟਿਕਟ ਦੇਣ ਸਬੰਧੀ ਛਿੜੀ ਚਰਚਾ ’ਤੇ ਚੁੱਪ ਤੋੜਦਿਆਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਰੋਸ ਪ੍ਰਗਟਾਉਂਦਿਆਂ ਤਿੱਖੇ ਤੇਵਰ ਦਿਖਾਏ ਹਨ। ਪਾਰਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਉਨ੍ਹਾਂ ਨੇ ਮਾਨਸਾ ਵਿਧਾਨ ਸਭਾ ਹਲਕੇ ਤੋਂ ਮੂਸੇਵਾਲਾ ਦੀ ਬਜਾਏ ਆਪਣੇ ਲਈ ਟਿਕਟ ਦੀ ਮੰਗ ਕੀਤੀ ਹੈ।

ਇਸ ਸਬੰਧ ਵਿਚ ਵਿਧਾਇਕ ਮਾਨਸ਼ਾਹੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਸਾਲ 2017 ਦੌਰਾਨ ਮਾਨਸਾ ਹਲਕੇ ਤੋਂ ਚੋਣ ਜਿੱਤੀ ਸੀ। ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਪੇ੍ਰਣਾ ਸਦਕਾ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕੀਤੀ ਸੀ। ਉਨ੍ਹਾਂ ਦਾ ਪਰਿਵਾਰ ਪਹਿਲਾਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ।

ਵਿਧਾਇਕ ਮਾਨਸ਼ਾਹੀਆ ਨੇ ਅੱਗੇ ਕਿਹਾ ਕਿ ਆਪਣੇ ਤੌਰ ’ਤੇ ਪਾਰਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਮਾਨਸਾ ਤੋਂ ਟਿਕਟ ਦੀ ਮੰਗ ਕੀਤੀ ਹੈ। ਸਿੱਧੂ ਮੂਸੇਵਾਲਾ ਨੂੰ ਪਾਰਟੀ ਵਿਚ ਸ਼ਾਮਲ ਕਰਨ ਮਗਰੋਂ ਮਾਨਸਾ ਹਲਕੇ ਤੋਂ ਟਿਕਟ ਦੇਣ ਤੇ ਉਨ੍ਹਾਂ ਦੀ ਟਿਕਟ ਕੱਟਣ ਦੀਆਂ ਵਿਉਂਤਾਂ ਘੜੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ, ‘‘ਸਿੱਧੂ ਮੂਸੇਵਾਲਾ ਭਾਵੇਂ ਗਾਇਕ ਹੈ ਪਰ ਉਸ ਦੇ ਕੁਝ ਬਚਕਾਨਾ ਬਿਆਨ ਸਾਹਮਣੇ ਆ ਰਹੇ ਹਨ। ਭਾਵੇਂ ਸਾਰੇ ਫ਼ੈਸਲੇ ਪਾਰਟੀ ਹਾਈਕਮਾਂਡ ਦੇ ਹੱਥ ਹਨ ਪਰ ਟਿਕਟ ਦੇਣ ਤੋਂ ਪਹਿਲਾਂ ਕਿਸੇ ਨੂੰ ਇਹ ਨਹੀਂ ਬੋਲਣਾ ਚਾਹੀਦਾ ਕਿ ਜੇ ਪਾਰਟੀ ਨੇ ਟਿਕਟ ਨਾ ਦਿੱਤੀ ਤਾਂ ਆਜ਼ਾਦ ਤੌਰ ’ਤੇ ਚੋਣ ਲੜਾਂਗਾ। ਇਹ ਸਾਰੀਆਂ ਬਚਕਾਨਾ ਗੱਲਾਂ ਹਨ’’। ਇਸ ਮੌਕੇ ਇਕਬਾਲ ਸਿੰਘ ਤੇ ਹੋਰ ਕਾਂਗਰਸੀ ਵਰਕਰ ਮੌਜੂਦ ਸਨ।

Share This :

Leave a Reply