Punjab Politics : ਕੈਪਟਨ ਦੇ ਗੜ੍ਹ ‘ਚ ਗਰਜੇ ਸੁਖਬੀਰ ਬਾਦਲ, ਕਿਹਾ- ਕੈਪਟਨ ਕਦੇ ਆਪਣੇ ਸ਼ਹਿਰ ਨਹੀਂ ਵੜਦਾ, ਲੋਕ ਫਿਰ ਵੀ ਵੋਟਾਂ ਕਿਉਂ ਪਾਉਂਦੇ ?

ਪਟਿਆਲਾ, ਮੀਡੀਆ ਬਿਊੂਰੋ:

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਕੈਪਟਨ ਅਮਰਿੰਦਰ ਸਿੰਘ ਨਾ ਵੋਟਾਂ ਮੰਗਣ ਆਵੇ ਨਾ ਹੀ ਕੋਈ ਕੰਮ ਕਰਾਵੇ ਫਿਰ ਵੀ ਲੋਕ ਉਸ ਨੂੰ ਕਿਉਂ ਵੋਟਾਂ ਪਾ ਰਹੇ ਹਨ। ਜਾਂ ਤਾਂ ਕੈਪਟਨ ਦੀ ਕਿਸਮਤ ਚੰਗੀ ਹੈ ਜਾਂ ਫਿਰ ਲੋਕ ਕੰਮ ਨਾ ਕਰਨ ਵਾਲੇ ਤੋਂ ਹੀ ਖੁਸ਼ ਹਨ। ਪਟਿਆਲਾ ਵਿਖੇ ਹਰਪਾਲ ਜੁਨੇਜਾ ਦੇ ਹੱਕ ਵਿੱਚ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਇਕ ਪਾਸੇ ਪ੍ਰਕਾਸ਼ ਸਿੰਘ ਬਾਦਲ ਹਨ ਜਿਹੜੇ 94 ਸਾਲ ਦੀ ਉਮਰ ਵਿੱਚ ਵੀ ਪਿੰਡ ਪਿੰਡ ਜਾ ਰਹੇ ਹਨ ਅਤੇ ਦੂਸਰੇ ਪਾਸੇ ਇਹ ਕੈਪਟਨ ਹੈ ਜੋ ਆਪਣੇ ਘਰੋਂ ਹੀ ਬਾਹਰ ਨਹੀਂ ਨਿਕਲਦਾ। ਬਾਦਲ ਨੇ ਕਿਹਾ ਕਿ ਜੇਕਰ ਕੰਮ ਕਰਨ ਵਾਲੇ ਦੀ ਬਜਾਏ ਕੰਮ ਨਾ ਕਰਨ ਵਾਲੇ ਨੂੰ ਹੀ ਇਨਾਮ ਦਿੱਤਾ ਜਾਵੇ ਤਾਂ ਵੱਡੀ ਨਿਰਾਸ਼ਾ ਹੁੰਦੀ ਹੈ। ਬਾਦਲ ਨੇ ਕਿਹਾ ਕਿ ਪਟਿਆਲਾ ਵਿੱਚ ਵਿੱਚ ਵੀ ਜੋ ਵਿਕਾਸ ਹੋਇਆ ਉਹ ਅਕਾਲੀ ਦਲ ਦੀ ਸਰਕਾਰ ਸਮੇਂ ਦੌਰਾਨ ਹੀ ਹੋਇਆ ਹੈ। ਜਿਸ ਸ਼ਹਿਰ ਦਾ ਵਿਧਾਇਕ ਪੰਜਾਬ ਦਾ ਮੁੱਖ ਮੰਤਰੀ ਹੋਵੇ ਅਤੇ ਉਸ ਦੇ ਸ਼ਹਿਰ ਵਾਸੀ ਉਸ ਨੂੰ ਦੇਖਣ ਨੂੰ ਵੀ ਤਰਸ ਜਾਣ ਇਸ ਤੋਂ ਮਾੜੀ ਹਾਲਤ ਕੀ ਹੋ ਸਕਦੀ ਹੈ।

ਮੀਟਿੰਗ ਦੌਰਾਨ ਸ਼ਾਮਲ ਵਰਕਰਾਂ ਵੱਲੋਂ ਨਾਅਰੇਬਾਜ਼ੀ ਕਰਨ ਤੇ ਸੁਖਬੀਰ ਬਾਦਲ ਨੇ ਕਿਹਾ ਕਿ ਹਰ ਵਾਰ ਅਜਿਹੇ ਜੋਸ਼ੀਲੇ ਨਾਅਰੇ ਤਾਂ ਜ਼ਰੂਰ ਲੱਗਦੇ ਹਨ ਪਰ ਨਤੀਜਾ ਨਹੀਂ ਆਉਂਦਾ। ਇਸ ਲਈ ਪਾਰਟੀ ਦੀ ਮਜ਼ਬੂਤੀ ਅਤੇ ਸ਼ਹਿਰ ਦੇ ਵਿਕਾਸ ਲਈ ਸ਼ਹਿਰੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਪਾਲ ਜੁਨੇਜਾ ਦੀ ਜਿੱਤ ਜ਼ਰੂਰੀ ਹੈ।

ਆਮ ਆਦਮੀ ਪਾਰਟੀ ਤੇ ਵਰ੍ਹਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਝਾੜੂ ਪਾਰਟੀ ਵਿੱਚ ਸਭ ਦਲ ਬਦਲੂ ਹੀ ਹਨ ਤੇ ਇਨ੍ਹਾਂ ਵਿਚੋਂ ਪਟਿਆਲਾ ਸ਼ਹਿਰੀ ਹਲਕੇ ਲਈ ਸਾਡੀ ਹੀ ਪਾਰਟੀ ਤੋਂ ਆਇਆ ਹੈ।

ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਘਰੋਂ ਨਹੀਂ ਨਿਕਲਦਾ ਤੇ ਦੂਸਰੇ ਪਾਸੇ ਹਰਪਾਲ ਜੁਨੇਜਾ ਕਦੇ ਘਰ ਨਹੀਂ ਬੈਠਦਾ। ਇਸ ਲਈ ਹੁਣ ਸ਼ਹਿਰ ਦੇ ਵੋਟਰਾਂ ਨੇ ਸੋਚ ਸਮਝ ਕੇ ਫ਼ੈਸਲਾ ਕਰਨਾ ਹੈ ਕਿ ਇਸ ਵਾਰ ਵੋਟ ਕੰਮ ਕਰਨ ਵਾਲੇ ਦੇ ਹੱਕ ਵਿਚ ਪਾਉਣੀ ਹੈ ਜਾਂ ਫਿਰ ਕੰਮ ਨਾ ਕਰਨ ਵਾਲੇ ਦੇ ਹੱਕ ਚ ਪਾਉਣੀ ਹੈ।

Share This :

Leave a Reply