ਚੰਡੀਗੜ੍ਹ (ਮੀਡੀਆ ਬਿਊਰੋ) ਨਵਜੋਤ ਸਿੱਧੂ ਵੱਲੋਂ ਘਰੇਲੂ ਔਰਤਾਂ ਨੂੰ 2000 ਰੁਪਏ ਮਹੀਨਾਂ ਅਤੇ ਅੱਠ ਐਲਪੀਜੀ ਸਿਲੰਡਰ ਮੁਫਤ ਦੇਣ ਦੇ ਐਲਾਨ ‘ਤੇ ‘ਆਪ’ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਨਵਜੋਤ ਸਿੱਧੂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਸੋਮਵਾਰ ਨੂੰ ਚੱਢਾ ਨੇ ਇੱਕ ਟਵੀਟ ਵਿੱਚ ਨਵਜੋਤ ਸਿੱਧੂ ਦੀ ਪੁਰਾਣੀ ਅਤੇ ਨਵੀਂ ਵੀਡੀਓ ਜਾਰੀ ਕੀਤੀ ਅਤੇ ਲਿਖਿਆ ਕਿ ਪੰਜਾਬੀ ਕਹਿੰਦੇ ਹਨ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ, ਪਰ ਸਿੱਧੂ ਦਾ ਕੋਈ ਸਟੈਂਡ ਨਹੀਂ ਹੈ। ਪਹਿਲੀ ਵੀਡੀਓ ਵਿੱਚ, ਸਿੱਧੂ ਪੰਜਾਬ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਦੇਣ ਦੇ ਅਰਵਿੰਦ ਕੇਜਰੀਵਾਲ ਦੇ ਐਲਾਨ ਦੀ ਆਲੋਚਨਾ ਕਰ ਰਹੇ ਹਨ। ਦੂਜੇ ਪਾਸੇ ਦੂਜੀ ਵੀਡੀਓ ‘ਚ ਸਿੱਧੂ ਖੁਦ ਪੰਜਾਬ ਦੀਆਂ ਘਰੇਲੂ ਔਰਤਾਂ ਨੂੰ ਸਾਲਾਨਾ 2000 ਰੁਪਏ ਪ੍ਰਤੀ ਮਹੀਨਾ ਅਤੇ ਅੱਠ ਐਲਪੀਜੀ ਗੈਸ ਸਿਲੰਡਰ ਮੁਫਤ ਦੇਣ ਦਾ ਐਲਾਨ ਕਰ ਰਹੇ ਹਨ। ਇਸ ਐਲਾਨ ਤੋਂ ਬਾਅਦ ਹੋਰ ਸਿਆਸੀ ਪਾਰਟੀਆਂ ਵੀ ਨਵਜੋਤ ਸਿੱਧੂ ‘ਤੇ ਤਿੱਖੇ ਹਮਲੇ ਕਰ ਰਹੀਆਂ ਹਨ ਅਤੇ ਲੋਕ ਸੋਸਲ ਮੀਡੀਆ ‘ਤੇ ਵੀ ਸਿੱਧੂ ਦਾ ਮਜ਼ਾਕ ਉਡਾ ਰਹੇ ਹਨ।
ਆਮ ਆਦਮੀ ਪਾਰਟੀ ਨੇ ਨਵਜੋਤ ਸਿੱਧੂ ਅਤੇ ਕਾਂਗਰਸ ‘ਤੇ ਅਰਵਿੰਦ ਕੇਜਰੀਵਾਲ ਦੇ ਐਲਾਨਾਂ ਦੀ ਨਕਲ ਕਰਨ ਦਾ ਦੋਸ਼ ਲਾਇਆ ਹੈ। ਅਰਵਿੰਦ ਕੇਜਰੀਵਾਲ ਆਪਣੀਆਂ ਜਨਤਕ ਮੀਟਿੰਗਾਂ ‘ਚ ਕਈ ਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ‘ਫ਼ਰਜ਼ੀ ਕੇਜਰੀਵਾਲ’ ਬਣਨ ਦਾ ਦੋਸ਼ ਵੀ ਲਾ ਚੁੱਕੇ ਹਨ। ਚੰਨੀ ‘ਤੇ ਨਿਸ਼ਾਨਾ ਲਗਾਉਂਦੇ ਹੋਏ ਕੇਜਰੀਵਾਲ ਨੇ ਕਿਹਾ ਸੀ ਕਿ ਪੰਜਾਬ ‘ਚ ਇਨੀਂ ਦਿਨੀਂ ਇੱਕ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ। ਮੈਂ (ਅਰਵਿੰਦ ਕੇਜਰੀਵਾਲ) ਪੰਜਾਬ ਦੇ ਲੋਕਾਂ ਨਾਲ ਜੋ ਵੀ ਵਾਅਦੇ ਕਰਦਾ ਹਾਂ, ਇਹ ਫ਼ਰਜ਼ੀ ਕੇਜਰੀਵਾਲ ਦੋ ਦਿਨਾਂ ਬਾਅਦ ਉਹੀ ਵਾਅਦੇ ਸੂਬੇ ਦੀ ਜਨਤਾ ਨਾਲ ਕਰਦਾ ਹੈ।