Punjab Politics : ਨਵਜੋਤ ਸਿੱਧੂ ਨੇ ਕੇਵਲ ਢਿੱਲੋਂ ਦੀ ਕੋਠੀ ’ਚ ਕੀਤੀ ਕਾਨਫਰੰਸ

ਬਰਨਾਲਾ (ਮੀਡੀਆ ਬਿਊਰੋ) ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੋਮਵਾਰ ਨੂੰ ਬਰਨਾਲਾ ਵਿਖੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਕੋਠੀ ਪੁੱਜੇ। ਜਿੱਥੇ ਪ੍ਰੈਸ ਕਾਨਫ਼ਰੰਸ ਦੌਰਾਨ ਪਾਰਟੀ ਪ੍ਰਧਾਨ ਵਲੋਂ ਔਰਤਾਂ ਲਈ ਵੱਡੇ ਐਲਾਨ ਕੀਤੇ ਗਏ। ਪ੍ਰੈਸ ਕਾਨਫ਼ਰੰਸ ਤੋਂ ਪਹਿਲਾਂ ਨਵਜੋਤ ਸਿੱਧੂ ਦਾ ਕੇਵਲ ਸਿੰਘ ਢਿੱਲੋਂ, ਜਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਕਰਨ ਸਿੰਘ ਢਿੱਲੋਂ ਤੇ ਕਾਂਗਰਸ ਲੀਡਰਸਿਪ ਵਲੋਂ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਪੰਜਾਬ ਮਾਡਲ ਤਹਿਤ ਨਵੀਂ ਸੋਚ ਤੇ ਨਵਾਂ ਪੰਜਾਬ ਲੈ ਕੇ ਔਰਤਾਂ ਨੂੰ ਵੱਡੇ ਹੱਕ ਦੇ ਰਹੇ ਹਾਂ। ਜਿਸ ਤਹਿਤ ਔਰਤਾਂ ਨੂੰ ਬਰਾਬਰ ਦੇ ਹੱਕ ਦੇਣ ਤੇ ਖ਼ੁਦ ਮੁਖਤਿਆਰ ਕਰਨ ਲਈ ਔਰਤਾਂ ਨੂੰ ਵੱਡੇ ਹੱਕ ਦੇਵਾਂਗੇ। ਅੱਜ ਦੇ ਪੰਜ ਨੁਕਾਤੀ ਏਜੰਡੇ ਬਾਰੇ ਪ੍ਰਧਾਨ ਸਿੱਧੂ ਨੇ ਕਿਹਾ ਕਿ ਪਹਿਲੀ ਏਜੰਡੇ ਤਹਿਤ ਪੰਜਾਬ ਦੀ ਹਰ ਔਰਤ, ਜੋ ਘਰਾਂ ਦੀ ਜਿੰਮੇਦਾਰੀ ਸੰਭਾਲਦੀ ਹੈ, ਉਸਨੂੰ ਪ੍ਰਤੀ ਮਹੀਨਾ 2 ਹਜ਼ਾਰ ਰੁਪਏ ਸਨਮਾਨ ਭੱਤਾ ਤੇ ਹਰ ਸਾਲ 8 ਗੈਸ ਸਿਲੰਡਰ ਮੁਫਤ ਦਿੱਤੇ ਜਾਣਗੇ, ਭਾਵ ਸਵਾ ਮਹੀਨੇ ’ਚ ਇੱਕ ਸਿਲੰਡਰ ਦਿੱਤਾ ਜਾਵੇਗਾ।

ਪੰਜਵੀਂ ਕਲਾਸ ਪਾਸ ਕਰਨ ਵਾਲੀ ਪੰਜਾਬ ਦੀ ਹਰ ਲੜਕੀ ਨੂੰ 5 ਹਜ਼ਾਰ ਰੁਪਏ ਮਾਣ ਭੱਤਾ ਦੇ ਕੇ ਹੌਂਸਲਾ ਅਫ਼ਜਾਈ ਕੀਤੀ ਜਾਵੇਗੀ। ਇਸਦੇ ਨਾਲ ਹੀ 8ਵੀਂ ਪਾਸ ਕਰਨ ਵਾਲੀ ਲੜਕੀ ਨੂੰ 10 ਹਜ਼ਾਰ ਰੁਪਏ, 10ਵੀਂ ਪਾਸ ਕਰਨ ਵਾਲੀ ਲੜਕੀ ਨੂੰ 15 ਹਜ਼ਾਰ ਤੇ 12ਵੀਂ ਪਾਸ ਕਰਨ ਵਾਲੀ ਲੜਕੀ ਨੂੰ 20 ਹਜ਼ਾਰ ਰੁਪਏ ਦੇ ਨਾਲ ਟੈਬਲੇਟ ਦੇ ਕੇ ਮਾਣ ਸਨਮਾਨ ਦਿੱਤਾ ਜਾਵੇਗਾ। ਇਹ ਫ਼ੈਸਲਾ ਲੜਕੀਆਂ ਦੀ ਪੜ੍ਹਾਈ ਨੂੰ ਪ੍ਰਫ਼ੁੱਲਿਤ ਕਰਨ ਲਈ ਕੀਤਾ ਗਿਆ ਹੈ। ਇਸ ਤੋਂ ਬਿਨ੍ਹਾਂ ਜੋ ਲੜਕੀ 12ਵੀਂ ਤੋਂ ਅੱਗੇ ਉਚ ਪੱਧਰੀ ਪੜ੍ਹਾਈ ਕਰਨਾ ਚਾਹੇਗੀ ਤਾਂ ਉਸਨੂੰ ਬਿਨ੍ਹਾਂ ਕਿਸੇ ਵਿਆਜ਼ ਤੋਂ ਪੜ੍ਹਾਈ ਲਈ ਕਰਜ਼ੇ ਦੇ ਨਾਲ ਨਾਲ ਇੱਕ ਇਲੈਕਟ੍ਰੋਨਿਕ ਸਕੂਟਰੀ ਦਿੱਤੀ ਜਾਵੇਗੀ। ਪਾਰਟੀ ਪ੍ਰਧਾਨ ਸਿੱਧੂ ਨੇ ਅਗਲੇ ਨੁਕਤੇ ਬਾਰੇ ਦੱਸਦੇ ਕਿਹਾ ਕਿ ਪ੍ਰਾਪਰਟੀ ਜਾਂ ਜ਼ਮੀਨ ਜੇਕਰ ਕਿਸੇ ਵੀ ਔਰਤ ਜਾਂ ਲੜਕੀ ਦੇ ਨਾਮ ਕੀਤੀ ਜਾਂਦੀ ਹੈ ਤਾਂ ਉਸ ’ਤੇ ਪੰਜਾਬ ਸਰਕਾਰ ਕੋਈ ਵੀ ਸਰਕਾਰੀ ਫ਼ੀਸ ਨਹੀਂ ਲਈ ਜਾਵੇਗੀ। ਇਹ ਨੁਕਤਾ ਵੀ ਪੰਜਾਬ ਦੀਆਂ ਔਰਤਾਂ ਦੇ ਅਧਿਕਾਰ ਵਧਾਉਣ ਲਈ ਹੈ। ਅਗਲੇ ਨੁਕਤੇ ਤਹਿਤ ਪੰਜਾਬ ’ਚ ਲੜਕੀਆਂ ਲਈ ਸਕਿੱਲ ਡਿਵੈਲਪਮੈਂਟ ’ਤੇ ਜੋਰ ਦਿੱਤਾ ਜਾਵੇਗਾ। ਪੰਜਾਬ ਦੇ 23 ਜ਼ਿਲ੍ਹਿਆਂ ’ਚ ਲੜਕੀਆ ਲਈ ਵੱਖ-ਵੱਖ ਸਕਿੱਲਜ਼ ਲਈ ਸਕਿੱਲ ਸੈਂਟਰ ਖੋਲ੍ਹੇ ਜਾਣਗੇ। ਇਸ ਨਾਲ ਸਾਡੀਆਂ ਲੜਕੀਆਂ ਨੂੰ ਨੌਕਰੀਆਂ ਦੇ ਵੱਡੇ ਮੌਕੇ ਉਪਲਬਧ ਹੋਣਗੇ। ਨਵਜੋਤ ਸਿੱਧੂ ਨੇ ਇੱਕ ਹੋਰ ਪੰਜਵੇਂ ਨੁਕਤੇ ਬਾਰੇ ਕਿਹਾ ਕਿ ਅਰਬਨ ਇੰਪਲੌਏਮਿੰਟ ਗਾਰੰਟੀ (ਸ਼ਹਿਰੀ ਰੁਜ਼ਗਾਰ ਗਾਰੰਟੀ) ਦਾ ਪ੍ਰੋਗਰਾਮ ਲਿਆਂਦਾ ਜਾਵੇਗ। ਜਿਸ ਤਹਿਤ 5 ਲੱਖ ਲੋਕਾਂ ਨੂੰ ਨੌਕਰੀ ਦੀ ਗਾਰੰਟੀ ਦਿੱਤੀ ਜਾਵੇਗੀ। ਜਿਸ ਤਹਿਤ ਪਿੰਡਾਂ ’ਚ ਮਨਰੇਗਾ ਤਹਿਤ ਪਿੰਡਾਂ ਦੇ ’ਚ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ, ਉਸੇ ਤਹਿਤ ਪੰਜਾੁਬ ਦੇ ਸ਼ਹਿਰਾਂ ’ਚ ਰੁਜ਼ਗਾਰ ਵਧਾਉਣ ਲਈ ਇਹ ਏਜੰਡਾ ਲਿਆਂਦਾ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਜੋ ਇਹ ਪ੍ਰੋਗਰਾਮ ਲਿਆਂਦੇ ਜਾ ਰਹੇ ਹਨ, ਇਹ ਕਾਂਗਰਸ ਪਾਰਟੀ ਦੇ ਚੋਣ ਮੈਨੀਫ਼ੈਸਟੋ ਦਾ ਹਿੱਸਾ ਹੋਣਗੇ। ਇਸ ਲਈ ਪੈਸਾ ਪੰਜਾਬ ਵਿਚਲਾ ਮਾਫ਼ੀਆ ਸਿਸਟਮ ਖ਼ਤਮ ਕਰਕੇ ਇਕੱਤਰ ਹੋਵੇਗਾ। ਇਹ ਪੰਜਾਬ ਦੀਆਂ ਔਰਤਾਂ ਜਾਂ ਲੜਕੀਆਂ ਲਈ ਕੋਈ ਖੈਰਾਤ ਨਹੀਂ ਹੈ, ਜਦਕਿ ਇਹ ਉਹਨਾਂ ਦੇ ਹੱਕ ਹਨ। ਕਾਂਗਰਸ ਪਾਰਟੀ ਔਰਤਾਂ ਨੂੰ ਵੱਧ ਅਧਿਕਾਰ ਤੇ ਬਰਾਬਰ ਦੇ ਹੱਕ ਦੇਣ ਲਈ ਇਹ ਪ੍ਰੇਗਰਾਮ ਲਿਆ ਰਹੀ ਹੈ।

ਕੇਜਰੀਵਾਲ ਨੂੰ ਲਿਆ ਨਿਸ਼ਾਨੇ ’ਤੇ

ਪ੍ਰਧਾਨ ਨਵਜੋਤ ਸਿੱਧੂ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਕਿਹਾ ਕਿ ਅੱਜ ਪੰਜਾਬ ’ਚ ਕੇਜਰੀਵਾਲ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗੱਲ ਕਰ ਰਿਹਾ ਹੈ, ਜਦਕਿ ਦਿੱਲੀ ’ਚ ਕਿਸੇ ਔਰਤ ਨੂੰ ਇੱਕ ਪੈਸਾ ਨਹੀਂ ਦਿੱਤਾ ਜਾ ਰਿਹਾ। ਕੇਜਰੀਵਾਲ ਦੀ ਕੈਬਨਿਟ ’ਚ ਇੱਕ ਵੀ ਔਰਤ ਜਾਂ ਕੋਈ ਪੰਜਾਬੀ ਤੱਕ ਨਹੀਂ ਸ਼ਾਮਲ ਕੀਤਾ ਗਿਆ। ਕੇਜਰੀਵਾਲ ਸਰਕਾਰ ਦੀ ਬਾਦਲਾਂ ਨਾਲ ਗੂੜ੍ਹੀ ਸਾਂਝ ਹੈ, ਕਿਉਂਕਿ ਬਾਦਲਾਂ ਦੀਆਂ ਬੱਸਾਂ ਨੂੰ ਦਿੱਲੀ ਜਾਣ ਦੇ ਪਰਮਿਟ ਦਿੱਤੇ ਜਾ ਰਹੇ ਹਨ, ਜਦਕਿ ਪੰਜਾਬ ਰੋਡਵੇਜ਼ ਦੀ ਐਂਟਰੀ ਬੰਦ ਹੈ। ਦਿੱਲੀ ਦੇ ਲੋਕਾਂ ਨੂੰ 8 ਲੱਖ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਜਦਕਿ ਕਿਸੇ ਨੂੰ ਕੋਈ ਨੌਕਰੀ ਨਹੀ ਦਿੱਤੀ। ਅਧਿਆਪਕਾਂ ਨੂੰ ਪੱਕੇ ਕਰਨ ਦੀ ਗੱਲ ਕਰਨ ਵਾਲਾ ਕੇਜਰੀਵਾਲ ਦਿੱਲੀ ’ਚ 15 ਦਿਨਾਂ ਦੀ ਠੇਕੇਦਾਰੀ ’ਤੇ ਅਧਿਆਪਕ ਰੱਖ ਰਿਹਾ ਹੈ।

ਕੇਵਲ ਢਿੱਲੋਂ ਦੀ ਚੜ੍ਹਤ ਹੋਈ ਕਾਇਮ

ਨਵਜੋਤ ਸਿੰਘ ਸਿੱਧੂ ਵਲੋਂ ਭਾਵੇਂ ਰੈਲੀ ਤਾਂ ਵਿਧਾਨ ਸਭਾ ਹਲਕਾ ਭਦੌੜ ’ਚ ਰੱਖੀ ਗਈ, ਪਰ ਪੰਜਾਬ ਲਈ ਅਹਿਮ ਮਸਲਿਆਂ ’ਤੇ ਪ੍ਰੈਸ ਕਾਨਫ਼ਰੰਸ ਬਰਨਾਲਾ ਵਿਖੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਦਫ਼ਤਰ ਰਿਹਾਇਸ਼ ’ਤੇ ਕੀਤੀ ਗਈ। ਜਿਸ ਨਾਲ ਕੇਵਲ ਸਿੰਘ ਢਿੱਲੋਂ ਦੀ ਹਲਕਾ ਬਰਨਾਲਾ ਸਮੇਤ ਪੂਰੇ ਜਿਲ੍ਹੇ ’ਚ ਚੜ੍ਹਤ ਹੋਰ ਕਾਇਮ ਹੋ ਗਈ। ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋ ਪ੍ਰੈਸ ਕਾਨਫ਼ਰੰਸ ਕੇਵਲ ਸਿੰਘ ਢਿੱਲੋਂ ਨਾਲ ਬੈਠ ਕੇ ਕੀਤੀ ਗਈ। ਉਥੇ ਉਹਨਾਂ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਬਿਹਤਰ ਬਨਾਉਣ ਲਈ ਕੇਵਲ ਸਿੰਘ ਢਿੱਲੋਂ ਦੀ ਮੰਗ ’ਤੇ ਉਹਨਾਂ ਨੇ ਕੈਬਨਿਟ ਮੰਤਰੀ ਹੁੰਦਿਆਂ 100 ਕਰੋੜ ਰੁਪਈਆ ਸ਼ਹਿਰ ਲਈ ਭੇਜਿਆ ਸੀ।

ਬਰਨਾਲਾ ਹਲਕੇ ਦੀ ਟਿਕਟ ਸਬੰਧੀ ਉਹਨਾਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਦੇ ਮੋਢੇ ਨਾਲ ਮੋਢਾ ਜੋੜ ਕਾਂਗਰਸ ਪਾਰਟੀ ਦਾ ਪੰਜਾਬ ਪ੍ਰਧਾਨ ਬੈਠਾ ਹੈ, ਇਸਤੋਂ ਉਪਰ ਕੀ ਹੈ। ਇਸ ਮੌਕੇ ਸ਼ੇਰ ਸਿੰਘ ਘੁਬਾਇਆ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਕਰਨ ਢਿੱਲੋਂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ, ਮਾਰਕੀਟ ਕਮੇਟੀ ਧਨੌਲਾ ਦੇ ਚੇਅਰਮੈਨ ਜੀਵਨ ਬਾਂਸਲ, ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਹਰਦੀਪ ਸਿੰਘ ਸੋਢੀ, ਰਜਨੀਸ਼ ਬਾਂਸਲ, ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਅਸ਼ੋਕ ਮਿੱਤਲ, ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋ, ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਰਾਜੀਵ ਗੁਪਤਾ ਲੂਬੀ, ਜੱਗਾ ਸਿੰਘ ਮਾਨ, ਜਗਤਾਰ ਸਿੰਘ ਧਨੌਲਾ, ਬੀਬੀ ਸੁਰਿੰਦਰ ਕੌਰ ਬਾਲੀਆ ਹਲਕਾ ਇੰਚਾਰਜ ਭਦੌੜ, ਹਰਵਿੰਦਰ ਸਿੰਘ ਚਹਿਲ, ਦੀਪ ਸੰਘੇੜਾ, ਹੈਪੀ ਢਿੱਲੋਂ, ਵਰੁਣ ਗੋਇਲ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।

Share This :

Leave a Reply