Punjab Politics : ਜ਼ਮਾਨਤ ’ਤੇ ਬਾਹਰ ਆਏ ਖਹਿਰਾ ਦਾ ਰਾਣਾ ਗੁਰਜੀਤ ‘ਤੇ ਹਮਲਾ, ਕਿਹਾ- ਮੇਰੇ ਖ਼ਿਲਾਫ਼ ਰਾਣਾ ਨੇ ਤਿਆਰ ਕੀਤੀ ਜ਼ਮੀਨ

ਚੰਡੀਗੜ੍ਹ, ਮੀਡੀਆ ਬਿਊਰੋ:

ਜੇਲ੍ਹ ਵਿਚੋਂ 78 ਦਿਨਾਂ ਦੇ ਬਾਅਦ ਜ਼ਮਾਨਤ ’ਤੇ ਬਾਹਰ ਆਏ ਮਨੀ ਲਾਂਡਰਿੰਗ ਮਾਮਲੇ ਵਿਚ ਫਸੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਭਾਜਪਾ ਅਤੇ ਆਪਣੇ ਧੁਰ ਵਿਰੋਧੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਖਿਲਾਫ ਜੰਮ ਕੇ ਭੜਾਸ ਕੱਢੀ।

ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੇ ਮੇਰੇ ਖਿਲਾਫ ਜ਼ਮੀਨ ਤਿਆਰ ਕੀਤੀ। ਰਾਣਾ ਆਪਣੀ ਗੱਡੀ ਵਿਚ ਕਾਂਗਰਸ ਵੱਲੋਂ ਤੇਲ ਪੁਆਉਂਦੇ ਹਨ ਤੇ ਸੁਲਤਾਨਪੁਰ ਲੋਧੀ ਵਿਚ ਆਪਣੇ ਪੁੱਤਰ ਦਾ ਪ੍ਰਚਾਰ ਕਰ ਕੇ ਕਾਂਗਰਸ ਨੂੰ ਹੀ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਰਾਣਾ ਵਿਚ ਜੇਕਰ ਹਿੰਮਤ ਹੈ ਤਾਂ ਉਹ ਭਾਜਪਾ ਤੇ ਸੁਖਬੀਰ ਬਾਦਲ ਖਿਲਾਫ ਬੋਲ ਕੇ ਦਿਖਾਉਣ।

ਪਟਿਆਲਾ ਜੇਲ੍ਹ ’ਚੋਂ ਬਾਹਰ ਆਉਣ ਦੇ ਬਾਅਦ ਚੰਡੀਗੜ੍ਹ ਸਥਿਤ ਆਪਣੇ ਨਿਵਾਸ ਅਸਥਾਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਭਾਜਪਾ ਈਡੀ ਦੇ ਜ਼ਰੀਏ ਮੇਰੀ ਬਾਂਹ ਮਰੋੜਨਾ ਚਾਹੁੰਦੀ ਸੀ। ਮੈਂ ਪੂਰੀ ਜ਼ਿੰਦਗੀ ਵਿਚ 100 ਗਲਤੀਆਂ ਕੀਤੀਆਂ ਹੋਣਗੀਆਂ ਪਰ ਕਿਸੇ ਨਾਲ ਬੇਇਮਾਨੀ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਉਹ ਸੁਲਤਾਨਪੁਰ ਲੋਧੀ ਵਿਚ ਕਾਂਗਰਸ ਦੇ ਉਮੀਦਵਾਰ ਨਵਤੇਜ ਚੀਮਾ ਦੇ ਚੋਣ ਪ੍ਰਚਾਰ ਲਈ ਸ਼ਨਿਚਰਵਾਰ ਨੂੰ ਹੀ ਜਾਣਗੇ ਜਿਨ੍ਹਾਂ ਨੂੰ ਰਾਣਾ ਹਰਾਉਣਾ ਚਾਹੁੰਦੇ ਹਨ। ਈਡੀ ਦੀ ਕਾਰਵਾਈ ਨੂੰ ਲੈ ਕੇ ਕਾਂਗਰਸ ਦਾ ਕੋਈ ਵੀ ਆਗੂ ਨਾਲ ਨਾ ਖੜ੍ਹਾ ਹੋਣ ’ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਕਾਂਗਰਸ ਦਾ ਹੀ ਨੁਕਸਾਨ ਹੋਇਆ ਕਿਉਂਕਿ ਬਦਲਾਖੋਰੀ ਦੀ ਇਸ ਤੋਂ ਬਿਹਤਰੀਨ ਮਿਸਾਲ ਕੋਈ ਹੋਰ ਨਹੀਂ ਸੀ।

ਨਾਲ ਹੀ ਉਨ੍ਹਾਂ ਕਾਂਗਰਸ ਹਾਈ ਕਮਾਂਡ ਦਾ ਇਹ ਕਹਿ ਕੇ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਦੇ ਜੇਲ੍ਹ ਵਿਚ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਟਿਕਟ ਦਿੱਤਾ, ਇਹ ਮੇਰੇ ਲਈ ਮਾਣ ਵਾਲੀ ਗੱਲ ਹੈ। ਉਹ 31 ਜਨਵਰੀ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨਗੇ।

ਖਹਿਰਾ ਨੇ ਕਿਹਾ ਕਿ ਸਾਲ 2015 ਵਿਚ ਦਰਜ ਹੋਏ ਪਰਚੇ ਨੂੰ ਲੈ ਕੇ ਰਾਣਾ ਗੁਰਜੀਤ ਸਿੰਘ ਨੇ ਸਾਲ 2017 ਵਿਚ ਮੇਰੇ ਖਿਲਾਪ ਗਰਾਊਂਡ ਤਿਆਰ ਕੀਤੀ ਜਦਕਿ ਮੇਰੀ ਗਿ੍ਰਫਤਾਰੀ ਦੀ ਗਰਾਊਂਡ ਆਮ ਆਦਮੀ ਪਾਰਟੀ ਬਣੀ। ਅਮਰੀਕਾ ਦੇ 16 ਸ਼ਹਿਰਾਂ ’ਚੋਂ ਮੈਨੂੰ ਜਿਹੜੇ 1.19 ਲੱਖ ਡਾਲਰ ਆਉਣ ਦੀ ਗੱਲ ਹੈ, ਦਰਅਸਲ ਦੋ ਕਰੋੜ ਰੁਪਏ ਇਕੱਠੇ ਹੋਏ ਸਨ, ਜਿਹੜੇ ਮੈਂ ਕੇਜਰੀਵਾਲ ਨੂੰ ਦਿੱਤੇ ਸਨ। ਕੇਜਰੀਵਾਲ ਸ਼ੁਰੂ ਤੋਂ ਹੀ ਮੈਥੋਂ ਖਾਰ ਖਾਂਦਾ ਸੀ। ਵਿਰੋਧੀ ਧਿਰ ਦਾ ਆਗੂ ਬਣਾਉਂਦੇ ਸਮੇਂ ਵੀ ਉਨ੍ਹਾਂ ਨੇ ਕਿਹਾ ਸੀ ਕਿ ਵਿਰੋਧੀ ਧਿਰ ਦੇ ਆਗੂ ਤਾਂ ਬਣ ਰਹੇ ਹੋ ਪਰ ਬਸ ਚੱਲਦਾ ਹੈ ਤਾਂ ਬਣਨਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਜੇਕਰ ਪੰਜਾਬ ਦੀ ਇੰਨੀ ਹੀ ਚਿੰਤਾ ਹੈ ਤਾਂ ਉਹ ਦਿੱਲੀ ਲਈ ਜਿਹੜਾ ਪਾਣੀ ਜਾ ਰਿਹਾ ਹੈ, ਉਸ ਦੀ ਰਾਇਲਟੀ 3200 ਕਰੋੜ ਰੁਪਏ ਦੇ ਦੇਵੇ। ਕੇਜਰੀਵਾਲ ਹਿਮਾਚਲ ਪ੍ਰਦੇਸ਼ ਨੂੰ 12 ਕਰੋੜ ਰੁਪਏ ਰਾਇਲਟੀ ਦੇ ਰਹੇ ਹਨ।

ਭਗਵੰਤ ਮਾਨ ਨੂੰ ਲੈ ਕੇ ਕੀਤੇ ਸਵਾਲ ਦੇ ਜਵਾਬ ਵਿਚ ਖਹਿਰਾ ਨੇ ਕਿਹਾ ਕਿ ਮਾਨ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਜਦੋਂ ਕੇਜਰੀਵਾਲ ਨੇ ਮਜੀਠੀਆ ਤੋਂ ਮਾਫੀ ਮੰਗੀ ਸੀ ਅਤੇ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ ਤਾਂ ਉਹ ਅਸਤੀਫਾ ਵਾਪਸ ਕਿਉਂ ਲਿਆ? ਕਿਉਂਕਿ ਮਾਨ ਝੂਠੇ ਇਨਸਾਨ ਹਨ, ਜੋ ਆਪਣੀ ਮਾਂ ਦੇ ਸਿਰ ’ਤੇ ਹੱਥ ਰੱਖ ਕੇ ਸ਼ਰਾਬ ਛੱਡਣ ਦਾ ਵਾਅਦਾ ਕਰਦੇ ਹਨ ਤੇ ਬਾਅਦ ਵਿਚ ਜਿਸ ਨੂੰ ਉਹ ਨਿਭਾਉਂਦੇ ਨਹੀਂ ਹਨ। ਕੇਜਰੀਵਾਲ ਉਸ ਨੂੰ ਇੰਜ ਪੇਸ਼ ਕਰਦੇ ਹਨ ਜਿਵੇਂ ਮਾਨ ਨੇ ਕੋਈ ਬਹੁਤ ਵੱਡਾ ਬਲੀਦਾਨ ਦੇ ਦਿੱਤਾ ਹੋਵੇ।

Share This :

Leave a Reply