ਚੰਡੀਗੜ੍ਹ, ਮੀਡੀਆ ਬਿਊਰੋ: ਆਮ ਆਦਮੀ ਪਾਰਟੀ ਵੱਲੋਂ ਲੋਕਾਂ ਦੀ ਰਾਏਸ਼ੁਮਾਰੀ ਤੋਂ ਬਾਅਦ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੇ ਲਏ ਗਏ ਫੈਸਲੇ ਨਾਲ ਸਿਆਸੀ ਸਰੀਕਾਂ ਨੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ’ਤੇ ਲਿਆ ਹੈ। ਯਾਦ ਰਹੇ ਕਿ ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਨੂੰ ਸੰਭਾਵਿਤ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ। ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦੇ ਦੋ ਦਿਨਾਂ ਦੌਰੇ ’ਤੇ ਆਉਣ ਨਾਲ ਵਲੰਟੀਅਰਜ਼ ਨੂੰ ਉਮੀਦ ਸੀ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਦਾ ਉਮੀਦਵਾਰ ਐਲਾਨਿਆ ਜਾਵੇਗਾ ਪਰ ਅੱਜ ਮੁੱਖ ਮੰਤਰੀ ਚੁਣਨ ਲਈ ਲੋਕਾਂ ਤੋਂ ਰਾਏਸ਼ੁਮਾਰੀ ਲੈਣ ਲਈ ਇਕ ਨੰਬਰ ਜਾਰੀ ਕਰ ਦਿੱਤਾ ਗਿਆ।
‘ਆਪ’ ਦੇ ਇਸ ਫੈਸਲੇ ਨਾਲ ਨਵੀਂ ਸਿਆਸਤ ਸ਼ੁਰੂ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਖੁਦ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਜਦਕਿ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਲਾਂਭੇ ਕਰਨ ਲਈ ਅਜਿਹਾ ਕਦਮ ਚੁੱਕਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਕਰ ਰਿਹਾ। ਇਸੀ ਤਰ੍ਹਾਂ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ‘ਆਪ’ ਵੱਲੋਂ ਕਮਜ਼ੋਰ, ਡੰਮੀ ਆਗੂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇਗਾ।
ਸਿਆਸੀ ਮਾਹਿਰ ਐਡਵੋਕੇਟ ਹਰਚੰਦ ਬਾਠ ਦਾ ਮੰਨਣਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦੀ ਬਜਾਏ ਖੁਦ ਅੱਗੇ ਆਉਣ ਦੀ ਫਿਰਾਕ ਵਿਚ ਹੈ। ਇਸੇ ਲਈ ਉਨ੍ਹਾਂ ਅਜਿਹਾ ਕਦਮ ਚੁੱਕਿਆ ਹੈ। ਬਾਠ ਦਾ ਕਹਿਣਾ ਹੈ ਕਿ ਪਾਰਟੀ ਦੇ ਉਮੀਦਵਾਰ ਚੁਣਨ ਲਈ ਹਲਕੇ ਦੇ ਲੋਕਾਂ ਤੋਂ ਰਾਏ ਕਿਉਂ ਨਹੀਂ ਲਈ ਗਈ। ਜੇਕਰ ਮੁੱਖ ਮੰਤਰੀ ਲਈ ਲੋਕਾਂ ਦੀ ਰਾਏ ਮੰਗੀ ਜਾ ਰਹੀ ਹੈ ਤਾਂ ਹਲਕੇ ਦੇ ਵੋਟਰਾਂ ਦੀ ਰਾਏ ਅਨੁਸਾਰ ਹੀ ਉਨ੍ਹਾਂ ਦਾ ਨੁਮਾਇੰਦਾ ਚੋਣ ਮੈਦਾਨ ਵਿਚ ਉਤਾਰਿਆ ਜਾਣਾ ਚਾਹੀਦਾ ਸੀ, ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਜਿਸ ਕਰ ਕੇ ‘ਆਪ’ ਦੇ ਇਸ ਫੈਸਲੇ ਨਾਲ ਜੱਕੋ-ਤੱਕੀ ਵਾਲੀ ਸਥਿਤੀ ਪੈਦਾ ਹੋ ਗਈ ਹੈ।
ਉਧਰ, ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਹੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਹੋਣਗੇ। ਆਉਂਦੀ 21 ਜਨਵਰੀ ਨੂੰ ਭਗਵੰਤ ਮਾਨ ਨੂੰ ਉਮੀਦਵਾਰ ਐਲਾਨਿਆ ਜਾ ਸਕਦਾ ਹੈ। ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਮਨ੍ਹਾ ਕਰ ਚੁੱਕੇ ਹਨ ਕਿ ਉਹ ਮੁੱਖ ਮੰਤਰੀ ਬਣਨ ਦੀ ਦੌੜ ਵਿਚ ਨਹੀਂ ਹਨ ਅਤੇ ਪੰਜਾਬ ਦਾ ਮੁੱਖ ਮੰਤਰੀ ਪੰਜਾਬੀ ਹੀ ਹੋਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਲੋਕਾਂ ਦਾ ਰਾਏ ਲੈਣ ਦਾ ਫੈਸਲਾ ਵੋਟਰਾਂ, ਪੰਜਾਬੀਆਂ ਦਾ ਪਾਰਟੀ ਪ੍ਰਤੀ ਰੁਝਾਨ ਨੂੰ ਦੇਖਣਾ ਹੈ।