ਚੰਡੀਗੜ੍ਹ, ਮੀਡੀਆ ਬਿਊਰੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ’ਚ ਅਸਫ਼ਲ ਰਹੀ ਪੰਜਾਬ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਾਇਰ ਅਤੇ ਡਰਪੋਕ ਕਰਾਰ ਦਿੱਤਾ ਹੈ। ਸਮਾਣਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਪਟਨ ਨੇ ਕਿਹਾ ਕਿ ਆਪਣੀ ਜਿੰਮੇਵਾਰੀ ਤੋਂ ਭੱਜ ਕੇ ਐਸਐਸਪੀ, ਆਈਜੀ ਨੂੰ ਸਸਪੈਂਡ ਕਰਨਾ ਜਾਂ ਪੁਲਿਸ ਨੂੰ ਦੋਸ਼ ਦੇ ਕੇ ਚੰਨੀ ਤੇ ਰੰਧਾਵਾ ਨੇ ਆਪਣੀ ਕਾਇਰਤਾ ਦਾ ਪ੍ਰਮਾਣ ਦਿੱਤਾ ਹੈ।
ਪਰਨੀਤ ਕੌਰ ਦੇ ਕਾਂਗਰਸ ਪਾਰਟੀ ‘ਚ ਹੋਣ ਦੇ ਸਵਾਲ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਬਾਰੇ ਪਰਨੀਤ ਕੌਰ ਤੋਂ ਪੁੱਛਣ ਲਈ ਕਿਹਾ ਤੇ ਨਾਲ ਹੀ ਉਨ੍ਹਾਂ ਨੇ ਪ੍ਰਤਾਪ ਬਾਜਵਾ ਤੇ ਫਤਿਹਜੰਗ ਸਿੰਘ ਬਾਜਵਾ ਪਰਿਵਾਰ ਦੀ ਉਦਾਹਰਣ ਵੀ ਦੇ ਦਿੱਤੀ।
ਪੀਐਲਸੀ ਤੇ ਭਾਜਪਾ ਵਲੋਂ ਮੁੱਖ ਮੰਤਰੀ ਚਿਹਰੇ ਦੇ ਸਵਾਲ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸੀਐਮ ਦੇ ਚਿਹਰੇ ਵਜੋਂ ਖੁਦ ਅੱਗੇ ਨਹੀਂ ਆ ਰਹੇ ਹਨ, ਇਸਦਾ ਫੈਸਲਾ ਭਾਜਪਾ,ਪੀਐਲਸੀ ਤੇ ਸੰਯੁਕਤ ਅਕਾਲੀ ਦਲ ਵਲੋਂ ਸਾਂਝੇ ਤੌਰ ‘ਤੇ ਫੈਸਲਾ ਕੀਤਾ ਜਾਵੇਗਾ।
ਸੀਟਾਂ ਦੀ ਵੰਡ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਹੜੇ ਹਲਕੇ ਚ ਜੋ ਲੀਡਰ ਮਜ਼ਬੂਤ ਹੋਵੇਗਾ, ਉਸਨੂੰ ਹੀ ਉਸਦੇ ਹਲਕੇ ਤੋਂ ਟਿਕਟ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਸਵਾਲ ‘ਤੇ ਕੈਪਟਨ ਨੇ ਕਿਹਾ ਕਿ ਪ੍ਰਧਾਮ ਮੰਤਰੀ ਦਾ ਕਾਫਲਾ ਪਾਕਿਸਤਾਨ ਤੋਂ ਸਿਰਫ਼ ਦਸ ਕਿਲੋਮੀਟਰ ਦੀ ਦੂਰੀ ਤੇ ਮੌਜੂਦ ਸੀ ਇਸ ਲਈ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਜ਼ਿੰਮਾ ਕਿਸੇ ਆਈਜੀ ਜਾਂ ਡੀ ਜੀ ਪੀ ਦਾ ਨਹੀਂ ਸਗੋਂ ਖ਼ੁਦ ਮੁੱਖ ਮੰਤਰੀ ਜਾਂ ਫਿਰ ਗ੍ਰਹਿ ਮੰਤਰੀ ਦਾ ਬਣਦਾ ਹੈ ਤੇ ਇਸ ਜ਼ਿੰਮੇਵਾਰੀ ਨੂੰ ਲੈਂਦਿਆਂ ਦੋਵਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਪੁਲਿਸ ‘ਤੇ ਦਬਕੇ ਮਾਰਨ ਦੇ ਸਵਾਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਕਿਸੇ ‘ਤੇ ਦਬਕਾ ਕੀ ਮਾਰੂੰਗਾ, ਉਸਦੀ ਵਾਇਫ ਹੀ ਉਸਨੂੰ ਦਬਕੇ ਮਾਰ ਰਹੀ ਹੈ।