ਚੰਡੀਗੜ੍ਹ, ਮੀਡੀਆ ਬਿਊੂਰੋ:
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ’ਤੇ ਗਾਂਧੀ ਪਰਿਵਾਰ ਅਤੇ ਕਾਂਗਰਸ ਪਾਰਟੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਨੇ ਗ਼ਰੀਬ ਘਰ ਦਾ ਨਹੀਂ ਬਲਕਿ ਮਾਫ਼ੀਆ ਦਾ ਮੁੱਖ ਮੰਤਰੀ ਚਿਹਰਾ ਚੁਣ ਕੇ ਗਰੀਬਾਂ ਤੇ ਆਮ ਲੋਕਾਂ ਦਾ ਮਜ਼ਾਕ ਉਡਾਇਆ ਹੈ।
ਕਾਂਗਰਸ ਦੇ ਇਸ ਫ਼ੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਪਹਿਲਾਂ ਵਾਂਗ ਹੀ ਪੰਜਾਬ ਨੂੰ ਲੁੱਟਣਾ ਤੇ ਕੁੱਟਣਾ ਚਾਹੁੰਦੀ ਹੈ, ਇਸੇ ਕਰਕੇ ਉਨ੍ਹਾਂ ਨੇ ਮੁੜ ਅਜਿਹੇ ਵਿਅਕਤੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ ਜਿਸ ਦੇ ਅਕਸ ’ਤੇ ਅਨੇਕਾਂ ਦਾਗ਼ ਹਨ। ਉਨ੍ਹਾਂ ਕਿਹਾ ਕਿ ਮਾਫੀਆ ਕਾਂਗਰਸ ਦੀ ਪਸੰਦ ਹੋ ਸਕਦਾ ਪਰ ਪੰਜਾਬ ਦੇ ਲੋਕਾਂ ਦੀ ਨਹੀਂ।
ਮਾਨ ਨੇ ਕਿਹਾ ਕਿ ਕਾਂਗਰਸ ਪਤਾ ਨਹੀਂ ਕਿਸ ਮੂੰਹ ਨਾਲ ਚੰਨੀ ਨੂੰ ਗਰੀਬ ਮੁੱਖ ਮੰਤਰੀ ਕਹਿ ਰਹੀ ਹੈ ਜਿਸ ਦੇ ਰਿਸ਼ਤੇਦਾਰਾਂ ਦੇ ਘਰੋਂ ਹਾਲ ਹੀ ’ਚ ਈਡੀ ਰੇਡ ਦੌਰਾਨ ਮਾਫ਼ੀਆ ਤੇ ਟਰਾਂਸਫਰ-ਪੋਸਟਿੰਗ ਦੇ ਭ੍ਰਿਸ਼ਟਾਚਾਰ ਨਾਲ ਜੁੜੇ ਨੋਟਾਂ ਦੀਆਂ ਢੇਰੀਆਂ ਮਿਲੀਆਂ ਹਨ ਜਿਸ ਦੇ ਪੁੱਤ ਭਾਣਜੇ ਕਰੋੜਾਂ ਦੀਆਂ ਲਗਜ਼ਰੀ ਕਾਰਾਂ ਵਿੱਚ ਘੁੰਮਦੇ ਹਨ। ਕਾਂਗਰਸ ਨੂੰ ਲੋਕਾਂ ਨੇ ਬਹੁਤ ਵਾਰ ਮੌਕਾ ਦਿੱਤਾ ਹੈ ਪਰ ਇਨ੍ਹਾਂ ਦੇ ਰਾਜ ਵਿੱਚ ਪੰਜਾਬ ਕਰਜ਼ਾਈ ਅਤੇ ਗਰੀਬ ਲੋਕ ਹੋਰ ਗਰੀਬ ਹੋਏ ਹਨ ਪਰ ਇਨ੍ਹਾਂ ਦੇ ਆਪਣੇ ਆਗੂ ਅਮੀਰ ਹੁੰਦੇ ਗਏ ਕਿਉਂਕਿ ਕਾਂਗਰਸ ਨੇ ਗਰੀਬਾਂ ਅਤੇ ਦਲਿਤਾਂ ਦੀਆਂ ਵੋਟਾਂ ਲਈ ਉਨ੍ਹਾਂ ਦਾ ਰਾਜਨੀਤਕ ਲਾਭ ਤਾਂ ਉਠਾਇਆ ਪਰ ਉਨ੍ਹਾਂ ਦੇ ਵਿਕਾਸ ਲਈ ਕਦੇ ਕੋਈ ਕਦਮ ਨਹੀਂ ਚੱਕਿਆ।
ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਦਿਆਂ ਭਗਵੰਤ ਮਾਨ ਨੇ ਕਿਹਾ ਕਿ ਅੱਜ ਰਾਹੁਲ ਗਾਂਧੀ ਨੇ ਸਾਬਤ ਕਰ ਦਿੱਤਾ ਕਿ ਮਾਫ਼ੀਆ ਕੈਪਟਨ ਜਾਂ ਚੰਨੀ ਦੀ ਅਗਵਾਈ ਵਿੱਚ ਨਹੀਂ ਸਗੋਂਂ ਗਾਂਧੀ ਪਰਿਵਾਰ ਦੀ ਅਗਵਾਈ ਵਿੱਚ ਚੱਲ ਰਿਹਾ ਹੈ। ਇਸੇ ਲਈ ਉਨ੍ਹਾਂ ਨੇ ਗਾਂਧੀ ਪਰਿਵਾਰ ਦੇ ਕਮਾਊ ਪੁੱਤ ਨੂੰ ਫਿਰ ਅੱਗੇ ਲਾ ਦਿੱਤਾ ਪਰ ਪੰਜਾਬ ਦੇ ਲੋਕ ਜਾਣਦੇ ਹਨ ਕਿ ਜਿਨ੍ਹਾਂ ਨੂੰ ਕਾਂਗਰਸ ਹੀਰੇ ਕਹਿ ਰਹੀ ਹੈ, ਇਹ ਪੰਜਾਬ ਲਈ ਅਤੇ ਪੰਜਾਬ ਦੇ ਲੋਕਾਂ ਲਈ ਜ਼ੀਰੋ ਹਨ। ਕਾਂਗਰਸ ਕਦੇ ਗਰੀਬਾਂ ਨਾਲ ਨਹੀਂ ਖੜ੍ਹੀ ਅਤੇ ਨਾ ਹੀ ਰਾਹੁਲ ਗਾਂਧੀ ਜਾਂ ਕਿਸੇ ਹੋਰ ਕਾਂਗਰਸੀ ਆਗੂ ਨੇ ਗਰੀਬਾਂ ਦੀ ਲੜਾਈ ਲੜੀ ਹੈ। ਕਾਂਗਰਸ ਅਤੇ ਕਾਂਗਰਸੀਆਂ ਦੀ ਲੜਾਈ ਹਮੇਸ਼ਾ ਕੁਰਸੀ ਲਈ ਹੀ ਰਹੀ ਹੈ।
ਮਾਨ ਨੇ ਕਿਹਾ ਕਿ ਚੰਨੀ ਦੇ ਮੂੰਹੋਂ ਰੇਤ ਮਾਫ਼ੀਆ ਬਾਰੇ ਕੁਝ ਵੀ ਸੁਣਨਾ ਹਾਸੋਹੀਣਾ ਲੱਗਦਾ ਹੈ ਕਿਉਂਕਿ ਚੰਨੀ ਦੇ ਆਪਣੇ ਦਾਮਨ ’ਤੇ ਭ੍ਰਿਸ਼ਟਾਚਾਰ ਅਤੇ ਰੇਤ ਮਾਫ਼ੀਆ ਤੋਂ ਲੈ ਕੇ ਚਰਿੱਤਰਹੀਣ ਹੋਣ ਤਕ ਦੇ ਦਾਗ਼ ਹਨ ਜਿਸ ਦੀ ਪੁਸ਼ਟੀ ਚੰਨੀ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਚੰਨੀ ਕਹਿੰਦੇ ਹਨ ਕਿ ਉਹ 3 ਮਹੀਨਿਆਂਂਦੇ ਮੁੱਖ ਮੰਤਰੀ ਸੀ ਅਤੇ ਉਸ ਦੀ ਕਾਰਗੁਜ਼ਾਰੀ ’ਤੇ ਵੋਟਾਂ ਮਿਲਣਗੀਆਂਂ। ਚੰਨੀ ਯਾਦ ਰੱਖਣ ਕਿ ਉਹ ਕਾਂਗਰਸ ਦੀ 59 ਮਹੀਨਿਆਂ ਦੀ ਸਰਕਾਰ ਦੇ ਮੁੱਖ ਮੰਤਰੀ ਸੀ ਅਤੇ ਕੈਪਟਨ ਦੀ ਕੈਬਿਨਟ ’ਚ ਇਹ ਸਾਰੇ ਕਾਂਗਰਸੀ ਆਗੂ ਮੰਤਰੀ ਸਨ। ਚੰਨੀ ਨੇ 111 ਦਿਨਾਂ ਦੀ ਸਰਕਾਰ ’ਚ ਕਰੋੜਾਂ ਅਰਬਾਂ ਰੁਪਏ ਲੁੱਟ ਲਏ ਹਨ ਪ੍ਰੰਤੂ ਅੰਨ੍ਹੇਵਾਹ ਕੀਤੇ ਐਲਾਨਾਂ ’ਚੋਂ ਇੱਕ ’ਤੇ ਵੀ ਅਮਲ ਨਹੀਂ ਕੀਤਾ।
ਮਾਨ ਨੇ ਆਪਣੇ ਤੇ ਆਪਣੀ ਪਤਨੀ ਦੇ ਨਾਮ ’ਤੇ ਕੋਈ ਜਾਇਦਾਦ ਨਾ ਰੱਖਣ ਦੇ ਬਿਆਨ ’ਤੇ ਚੁਟਕੀ ਲੈਂਦਿਆਂਂ ਕਿਹਾ ਕਿ ਸਾਰਾ ਕੁਝ ਆਪਣੇ ਪੁੱਤ, ਭਤੀਜੇ ਅਤੇ ਭਾਣਜਿਆਂ ਨੂੰ ਦੇ ਕੇ ਕਿਸ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਚੰਨੀ। ਉਨ੍ਹਾਂ ਨੇ ਨਵਜੋਤ ਸਿੱਧੂ ਲਈ ਇਸ ਨੂੰ ਪਰਖ ਦੀ ਘੜੀ ਕਿਹਾ ਅਤੇ ਪੁੱਛਿਆ, ਕੀ ਹੁਣ ਨਵਜੋਤ ਸਿੱਧੂ ਮਾਫ਼ੀਆ ਨਾਲ ਖੜ੍ਹੇ ਹੋਣਗੇ? ਨਾਲੇ ਹੁਣ ਸਿੱਧੂ ਨੂੰ ਕਿਹੜਾ ਘੋੜਾ ਮੰਨੀਏ ਇਹ ਉਹ ਆਪ ਈ ਦੱਸ ਦੇਣ।






















