Punjab Politics : ਆਸ਼ੂ ਤੋਂ ਬਾਅਦ ਹੁਣ ਰੰਧਾਵਾ ਨੇ ਵਿੰਨ੍ਹਿਆ ਨਵਜੋਤ ਸਿੱਧੂ ’ਤੇ ਨਿਸ਼ਾਨਾ

ਚੰਡੀਗੜ੍ਹ (ਮੀਡੀਆ ਬਿਊਰੋ)  ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਮੰਤਰੀਆਂ ’ਚ ਰੋਸ ਵਧਦਾ ਜਾ ਰਿਹਾ ਹੈ। ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਬਾਅਦ ਹੁਣ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਧੂ ਨੂੰ ਲੰਮੇ ਹੱਥੀਂ ਲਿਆ। ਰੰਧਾਵਾ ਨੇ ਕਿਹਾ ਕਿ ਸਿੱਧੂ ਅਤੀ ਖ਼ਾਹਿਸ਼ੀ ਹਨ। ਉਨ੍ਹਾਂ ਨੂੰ ‘ਮੈਂ’ ਦੀ ਬਜਾਏ ਇਹ ਕਹਿਣਾ ਚਾਹੀਦਾ ਹੈ ਕਿ ਮੇਰੀ ਪਾਰਟੀ ਕਰੇਗੀ। ਰੰਧਾਵਾ ਨੇ ਇਹ ਵੀ ਕਿਹਾ ਕਿ ਸਟੇਜ ’ਤੇ ਖੜ੍ਹੇ ਹੋ ਕੇ ਉਮੀਦਵਾਰ ਦਾ ਐਲਾਨ ਕਰਨਾ ਕਾਂਗਰਸ ਦੀ ਰਵਾਇਤ ਨਹੀਂ ਹੈ। ਉਨ੍ਹਾਂ ਨੂੰ ਪਾਰਟੀ ਰਵਾਇਤ ਸਿੱਖਣੀ ਚਾਹੀਦੀ ਹੈ।

ਰੰਧਾਵਾ ਤੋਂ ਪਹਿਲਾਂ ਆਸ਼ੂ ਨੇ ਵੀ ਸਿੱਧੂ ਦੇ ‘ਮੈਂ’ ਅਤੇ ਪਾਰਟੀ ਰਵਾਇਤ ਨੂੰ ਸਿੱਖਣ ਦੀ ਸਲਾਹ ਦਿੱਤੀ ਸੀ। ਸਿੱਧੂ ਵੱਲੋਂ ਮਜੀਠੀਆ ’ਤੇ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਲੈ ਕੇ ਵੀ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਜ਼ੁਬਾਨ ਬੰਦ ਰੱਖਣੀ ਚਾਹੀਦੀ ਹੈ। ਕਿਉਂਕਿ ਮਾਮਲਾ ਅਦਾਲਤ ’ਚ ਹੈ। ਸਿੱਧੂ ਨੂੰ ਇਹ ਸੰਦੇਸ਼ ਨਹੀਂ ਦੇਣਾ ਚਾਹੀਦਾ ਕਿ ਕੋਈ ਸਿਆਸੀ ਬਦਲਾਖੋਰੀ ਹੋ ਰਹੀ ਹੈ। ਸਿੱਧੂ ਜੇਕਰ ਕਹਿ ਰਹੇ ਹਨ ਕਿ ਉਨ੍ਹਾਂ ਦੇ ਕਹਿਣ ’ਤੇ ਕਾਰਵਾਈ ਹੋ ਰਹੀ ਹੈ ਤਾਂ ਠੀਕ ਹੈ ਪਰ ਇਸ ਨੂੰ ਬੋਲਣਾ ਨਹੀਂ ਚਾਹੀਦਾ। ਰੰਧਾਵਾ ਨੇ ਸਿੱਧੂ ਵੱਲੋਂ ਸਟੇਜ ਤੋਂ ਖੜ੍ਹੇ ਹੋ ਕੇ ਉਮੀਦਵਾਰਾਂ ਦਾ ਐਲਾਨ ਕਰਨ ’ਤੇ ਵੀ ਸਵਾਲ ਖੜ੍ਹੇ ਕੀਤੇ। ਗ੍ਰਹਿ ਮੰਤਰੀ ਨੇ ਕਿਹਾ ਕਿ ਪਾਰਟੀ ਦੀ ਇਕ ਰਵਾਇਤ ਹੈ। ਸਕ੍ਰੀਨਿੰਗ ਕਮੇਟੀ ਨਾਂ ਫਾਈਨਲ ਕਰ ਕੇ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਨੂੰ ਭੇਜਦੀ ਹੈ। ਸੀਡਬਲਯੂਸੀ ਉਸ ਨਾਂ ’ਤੇ ਮੋਹਰ ਲਾਉਂਦੀ ਹੈ। ਸਟੇਜ ਤੋਂ ਉਮੀਦਵਾਰ ਦਾ ਐਲਾਨ ਕਰਨਾ ਹੋਵੇ ਤਾਂ ਸਕ੍ਰੀਨਿੰਗ ਕਮੇਟੀ ਜਾਂ ਪਾਰਟੀ ਹਾਈ ਕਮਾਨ ਦੀ ਕੀ ਲੋੜ ਹੈ।

ਇਕ ਸਵਾਲ ਦੇ ਜਵਾਬ ’ਚ ਰੰਧਾਵਾ ਨੇ ਕਿਹਾ, ‘ਜਦੋਂ ਤੋਂ ਮੈਂ ਗ੍ਰਹਿ ਮੰਤਰੀ ਬਣਿਆ ਹਾਂ ਸਿੱਧੂ ਨਾਰਾਜ਼ ਹਨ। ਹਾਲਾਂਕਿ ਮੇਰੀ ਉਨ੍ਹਾਂ ਨਾਲ ਗੱਲ ਨਹੀਂ ਹੋਈ ਹੈ।’ ਉਨ੍ਹਾਂ ਕਿਹਾ ਕਿ ਹਾਈ ਕਮਾਨ ਕਹੇ ਤਾਂ ਗ੍ਰਹਿ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦੇਵਾਂ ਤੇ ਅਸਤੀਫ਼ਾ ਸਿੱਧੂ ਦੇ ਚਰਨਾਂ ’ਚ ਰੱਖ ਦੇਵਾਂ। ਰੰਧਾਵਾ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਕਿਹਾ ਕਿ ਸਿੱਧੂ ਜੇਕਰ ਕਹੇ ਤਾਂ ਮੈਂ ਸਿਆਸਤ ਵੀ ਛੱਡ ਦੇਵਾਂਗਾ। ਉੱਥੇ, ਸਿੱਧੂ ਵੱਲੋਂ ਵਾਰ-ਵਾਰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨ ਦੀ ਚੁੱਕੀ ਜਾ ਰਹੀ ਮੰਗ ਨੂੰ ਲੈ ਕੇ ਰੰਧਾਵਾ ਨੇ ਕਿਹਾ ਕਿ ਇਹ ਕਾਂਗਰਸ ਦੀ ਰਵਾਇਤ ਨਹੀਂ ਹੈ। ਚੋਣ ਜਿੱਤਣ ਤੋਂ ਬਾਅਦ ਵਿਧਾਇਕ ਹੀ ਮੁੱਖ ਮੰਤਰੀ ਦੇ ਨਾਂ ਦਾ ਫ਼ੈਸਲਾ ਕਰਦੇ ਹਨ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕੀ ਮੁੱਖ ਮੰਤਰੀ ਜਾਂ ਸੂਬਾ ਪ੍ਰਧਾਨ ਦੂਲ੍ਹਾ ਨਹੀਂ ਹੈ। ਕੀ ਕਾਂਗਰਸ ਬਗ਼ੈਰ ਸੂਬਾ ਪ੍ਰਧਾਨ ਦੇ ਹੀ ਚੱਲ ਰਹੀ ਹੈ। ਉਨ੍ਹਾਂ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।

Share This :

Leave a Reply