‘ਨੇਤਰਹੀਣਾਂ ਲਈ ਅੱਖਾਂ ਖੋਲ੍ਹੇ ਪੰਜਾਬ ਸਰਕਾਰ’

ਪਟਿਆਲਾ (ਮੀਡੀਆ ਬਿਊਰੋ) : ਪੰਜਾਬ ਸਰਕਾਰ ਵੱਲੋਂ ਨੇਤਰਹੀਣਾਂ ਲਈ 1 ਫ਼ੀਸਦੀ ਕੋਟਾ ਸਰਕਾਰੀ ਵਿਭਾਗਾਂ ‘ਚ ਰੱਖਿਆ ਗਿਆ ਹੈ ਪਰ ਸਰਕਾਰ ਵੱਲੋਂ ਹਾਲੇ ਵੀ ਇਨ੍ਹਾਂ ਪੋਸਟਾਂ ‘ਤੇ ਭਰਤੀ ਨਹੀਂ ਕੀਤੀ ਜਾ ਰਹੀ ਹੈ। ਭਰਤੀ ਨਾ ਹੋਣ ਕਾਰਨ ਜ਼ਿਆਦਾਤਰ ਨੇਤਰਹੀਣਾਂ ਨੂੰ ਜਿਥੇ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਸਰਕਾਰ ਦੇ ਸਾਢੇ ਚਾਰ ਸਾਲ ਦੌਰਾਨ ਪੈਨਸ਼ਨਾਂ ‘ਚ ਵੀ ਕੋਈ ਵੀ ਵਾਧਾ ਨਹੀਂ ਕੀਤਾ ਗਿਆ ਹੈ। ਇਸ ਲਈ ਸਰਕਾਰ ਨੂੰ ਖਾਲੀ ਅਸਾਮੀਆਂ ਭਰ ਕੇ ਨੇਤਰਹੀਣਾਂ ਦੀ ਸਾਰ ਲੈਣੀ ਚਾਹੀਦੀ ਹੈ। ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਨੇਤਰਹੀਣਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਇਹ ਪ੍ਰਗਟਾਵਾ ਕੈਬਨਿਟ ਮੰਤਰੀ ਬ੍ਹਮ ਮਹਿੰਦਰਾ ਦੀ ਰਿਹਾਇਸ਼ ਨਜ਼ਦੀਕ ਮੋਤੀ ਬਾਗ ਚੌਕ ਵਿਖੇ ਬੇਰੁਜ਼ਗਾਰਾਂ ਦੇ ਹੱਕ ‘ਚ ਪ੍ਰਦਰਸ਼ਨ ਕਰ ਰਹੇ ਨੌਕਰੀ ਪੇਸ਼ਾ ਨੇਤਰਹੀਣਾਂ ਨੇ ਕੀਤਾ। ਜਾਣਕਾਰੀ ਅਨੁਸਾਰ ਪਿਛਲੇ ਲੰਮੇਂ ਸਮੇਂ ਤੋਂ ਸਰਕਾਰੀ ਵਿਭਾਗਾਂ ‘ਚ ਪੜ੍ਹੇ ਲਿਖੇ ਬੇਰੁਜ਼ਗਾਰ ਨੇਤਰਹੀਣਾਂ ਦੀ ਭਰਤੀ ਨਹੀਂ ਹੋਈ ਹੈ। ਬੇਰੁਜ਼ਗਾਰ ਨੇਤਰਹੀਣਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਵੀ ਕੀਤੇ ਜਾ ਰਹੇ ਹਨ ਪਰ ਹਰ ਵਾਰ ਨੇਤਰਹੀਣਾਂ ਨੂੰ ਭਰੋਸਾ ਦੇ ਕੇ ਟਾਲ ਦਿੱਤਾ ਜਾਂਦਾ ਹੈ।

ਸੋਮਵਾਰ ਨੂੰ ਸੰਸਥਾ ਨੈਸ਼ਨਲ ਫ਼ੈੱਡਰੇਸ਼ਨ ਆਫ਼ ਬਲਾਇੰਡ ਵੱਲੋਂ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਬ੍ਹਮ ਮਹਿੰਦਰਾ ਦੀ ਰਿਹਾਇਸ਼ ਦਾ ਐਲਾਨ ਕੀਤਾ ਗਿਆ ਸੀ। ਫ਼ੈੱਡਰੇਸ਼ਨ ਵੱਲੋਂ ਐਲਾਨੇ ਸੰਘਰਸ਼ ‘ਚ ਸੂਬੇ ਭਰ ‘ਚੋਂ ਬੇਰੁਜ਼ਗਾਰਾਂ ਨੇਤਰਹੀਣਾਂ ਦੇ ਹੱਕ ‘ਚ ਨੌਕਰੀ ਪੇਸ਼ਾ ਨੇਤਰਹੀਣਾਂ ਨੇ ਵੀ ਸਮਰਥਨ ‘ਚ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨੇਤਰਹੀਣ ਪਹਿਲਾਂ ਹੀ ਤਰਸਯੋਗ ਜ਼ਿੰਦਗੀ ਬਤੀਤ ਕਰ ਰਹੇ ਹਨ। ਅਜਿਹੇ ਸਮੇਂ ਵਿਚ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਹੈ, ਜਿਸ ਕਾਰਨ ਨੇਤਰਹੀਣਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜਿੰਦਰ ਸਿੰਘ ਵਾਸੀ ਪਿੰਡ ਘੁਮਾਣਾ, ਲੁਧਿਆਣਾ ਨੇ ਦੱਸਿਆ ਕਿ ਸਾਲ 1996 ਤੋਂ ਉਹ ਡਿਪਟੀ ਕਮਿਸ਼ਨਰ ਦਫਤਰ, ਲੁਧਿਆਣਾ ਵਿਖੇ ਕਲੈਰੀਕਲ ਅਹੁਦੇ ‘ਤੇ ਸੇਵਾਵਾਂ ਨਿਭਾ ਰਹੇ ਹਨ। ਉਸ ਦਿਨ ਤੋਂ ਹੀ ਉਹ ਆਪਣਾ ਤੇ ਪਰਿਵਾਰ ਦਾ ਪਾਲਣ ਪੋਸ਼ਣ ਨੌਕਰੀ ਦੇ ਸਹਾਰੇ ਹੀ ਕਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਨੇਤਰਹੀਣ ਨੂੰ ਜ਼ਿੰਦਗੀ ‘ਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਹ ਬੇਰੁਜ਼ਗਾਰ ਨੇਤਰਹੀਣਾਂ ਦੇ ਸਮਰਥਨ ‘ਚ ਇਥੇ ਪੁੱਜੇ ਹਨ। ਸਰਕਾਰ ਨੂੰ ਨੇਤਰਹੀਣਾਂ ਨੂੰ ਰੁਜ਼ਗਾਰ ਜਲਦ ਤੋਂ ਜਲਦ ਜਾਰੀ ਕਰਨਾ ਚਾਹੀਦਾ ਹੈ।

ਹੁਸ਼ਿਆਰਪੁਰ ਤੋਂ ਪੁੱਜੇ ਜਸਪਾਲ ਸਿੰਘ ਨੇ ਕਿਹਾ ਕਿ ਨੇਤਰਹੀਣਾਂ ਨੂੰ ਘਰਾਂ ਤੇ ਬਾਹਰੀ ਲੋਕਾਂ ਵੱਲੋਂ ਇਕ ਤਰਸ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਨੇਤਰਹੀਣ ਬੇਰੁਜ਼ਗਾਰਾਂ ਦਾ ਇਕੋ ਸਹਾਰਾ ਨੌਕਰੀ ਜਾਂ ਪੈਨਸ਼ਨ ਹੁੰਦੀ ਹੈ। ਪੰਜਾਬ ਸਰਕਾਰ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਨੇਤਰਹੀਣਾਂ ਨੂੰ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀਆਂ ਪੈਨਸ਼ਨਾਂ ‘ਚ ਵਾਧਾ ਕੀਤਾ ਜਾਵੇਗਾ, ਜੋ ਕਿ ਹਾਲੇ ਤਕ ਲਾਗੂ ਨਹੀਂ ਕੀਤਾ ਗਿਆ ਹੈ। ਸਰਕਾਰ ਵੱਲੋਂ ਨੇਤਰਹੀਣਾਂ ਦੀ ਪੈਨਸ਼ਨ ਵਿਚ ਵਾਧਾ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ।

ਪਟਿਆਲਾ ਵਾਸੀ ਮਨਿੰਦਰ ਸਿੰਘ ਨੇ ਕਿਹਾ ਕਿ ਉਹ ਸਿੱਖਿਆ ਵਿਭਾਗ ‘ਚ ਰਾਜਪੁਰਾ ਦੇ ਸਰਕਾਰੀ ਸਕੂਲ ਵਿਖੇ ਮਿਊੁਜ਼ਿਕ ਅਧਿਆਪਕ ਦੇ ਅਹੁਦੇ ‘ਤੇ ਸੇਵਾਵਾਂ ਨਿਭਾ ਰਹੇ ਹਨ। ਉਹ ਅੱਜ ਬੇਰੁਜ਼ਗਾਰ ਨੇਤਰਹੀਣਾਂ ਦੇ ਹੱਕ ਲਈ ਇਥੇ ਆਏ ਹਨ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਅਣਗਹਿਲੀ ਕਾਰਨ ਕੁਝ ਵਿਭਾਗਾਂ ਵੱਲੋਂ ਨੇਤਰਹੀਣਾਂ ਦੀਆਂ ਪੋਸਟਾਂ ਦੂਜੀਆਂ ਕੈਟਾਗਰੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ‘ਤੇ ਤੁਰੰਤ ਰੋਕ ਲਾਈ ਜਾਵੇ।

Share This :

Leave a Reply