ਚੰਡੀਗੜ੍ਹ (ਇੰਦਰਪ੍ਰੀਤ ਸਿੰਘ) : ਹਰ ਨਵਾਂ ਪਲ ਕੁਝ ਨਾ ਕੁਝ ਨਵਾਂ ਲੈ ਕੇ ਆਉਂਦਾ ਹੈ ਤੇ ਗੱਲ ਜਦੋਂ ਨਵੇਂ ਸਾਲ ਦੀ ਹੋਵੇ ਤਾਂ ਉਮੀਦਾਂ ਹੋਰ ਵੱਧ ਜਾਂਦੀਆਂ ਹਨ। ਸਾਲ 2022 ਵਿਚ ਪੰਜਾਬ ਨੂੰ ਨਵੀਆਂ ਉਮੀਦਾਂ ਤਾਂ ਹਨ ਹੀ, ਇਸਦੇ ਨਾਲ ਹੀ ਨਵੀਂ ਸਰਕਾਰ, ਉੱਚੇ ਅਹੁਦਿਆਂ ’ਤੇ ਨਵੇਂ ਚਿਹਰੇ ਸਭ ਕੁਝ ਇਸ ਵਾਰ ਨਵਾਂ ਹੀ ਹੋਵੇਗਾ। ਰਾਜਨੀਤਕ ਪਾਰਟੀਆਂ ਤੇ ਨੇਤਾਵਾਂ ਵਿਚ ਕੁਝ ਦਾ ਭਵਿੱਖ ਬਣੇਗਾ ਤਾਂ ਕੁਝ ਨੂੰ ਨਿਰਾਸ਼ਾ ਹੋਵੇਗੀ। ਵਿਧਾਨ ਸਭਾ ਚੋਣਾਂ ਵਿਚ 117 ਚਿਹਰਿਆਂ ਨੂੰ ਜਿੱਤ ਮਿਲੇਗੀ ਤਾਂ ਬਹੁਤ ਸਾਰੇ ਨੇਤਾਵਾਂ ਨੂੰ ਨਿਰਾਸ਼ ਹੋਣਾ ਪਵੇਗਾ। ਰਾਜਨੀਤਕ ਪਾਰਟੀਆਂ ਦੀ ਨਵੇਂ ਸਾਲ ਤੋਂ ਉਮੀਦਾਂ ਤੇ ਰਾਜਨੀਤੀ ਦੀ ਦ੍ਰਿਸ਼ਟੀ ਨਾਲ ਇਸਦਾ ਪੰਜਾਬ ’ਤੇ ਕੀ ਅਸਰ ਪਵੇਗਾ, ਇਸਦਾ ਵਿਸ਼ਲੇਸ਼ਣ ਕੀਤਾ ਜਾਣਾ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿਸ ਪਾਰਟੀ ਵਿਚ ਕਿੰਨਾ ਹੈ ਦਮ…
ਕਾਂਗਰਸ ਸਾਖ਼ ਦਾ ਸਵਾਲ
ਨਵੇਂ ਸਾਲ ਵਿਚ ਸਭ ਤੋਂ ਜ਼ਿਆਦਾ ਸੱਤਾਧਾਰੀ ਕਾਂਗਰਸ ਦੀ ਸਾਖ਼ ਦਾਅ ’ਤੇ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਤੋਂ ਬਾਅਦ ਇਨ੍ਹੀਂ ਦਿਨੀਂ ਪੰਜਾਬ ਵਿਚ ਪਾਰਟੀ ਦੀ ਕਮਾਨ ਸੈਕਿੰਡ ਲਾਈਨ ਲੀਡਰਸ਼ਿਪ ਦੇ ਹੱਥ ਵਿਚ ਹੈ। ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਵੇ ਜਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਹੋਣ ਜਾਂ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਰੇ ਸੂਬੇ ਦੀ ਕਮਾਨ ਸੰਭਾਲਣ ਲਈ ਉਤਸੁਕ ਹਨ। ਸਿੱਧੂ ਦੀ ਮੁੱਖ ਮੰਤਰੀ ਬਣਨ ਦੀ ਲਾਲਸਾ ਤੇ ਉਨ੍ਹਾਂ ਦੇ ਕੁਝ ਫੈਸਲਿਆਂ ਨਾਲ ਨਾ ਸਿਰਫ ਪਾਰਟੀ ਦੇ ਦਿਗਜ ਨੇਤਾ ਪਰੇਸ਼ਾਨ ਹਨ, ਸਗੋਂ ਹਾਈਕਮਾਨ ਵੀ ਹੈਰਾਨ ਹੈ, ਕਿਉਂਕਿ ਮੁੱਖ ਮੰਤਰੀ ਚੰਨੀ ਨੇ ਪਾਰਟੀ ਦੀ ਜੋ ਛਬੀ ਬਣਾਈ ਹੈ ਉਹ ਮਿੱਟੀ ਵਿਚ ਮਿਲ ਰਹੀ ਹੈ। ਉੱਥੇ ਚੰਨੀ ਜਿਸ ਤਰ੍ਹਾਂ ਲੋਕਾਂ ਨੂੰ ਰਾਹਤਾਂ ਵੰਡਣ ਵਿਚ ਜੁਟੇ ਹਨ ਉਸ ਨੂੰ ਦੇਖ ਕੇ ਪਾਰਟੀ ਨੇ ਉਮੀਦਾਂ ਕਾਇਮ ਰੱਖੀਆਂ ਹਨ।
ਸ਼੍ਰੋਅਦ ਵਾਪਸੀ ਦਾ ਸੰਘਰਸ਼
ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਸਾਲ ਵਿਚ ਸੱਤਾ ਵਿਚ ਵਾਪਿਸ ਆਉਣ ਦੀ ਪੂਰੀ ਉਮੀਦ ਹੈ। ਪਾਰਟੀ ਨੇ ਜਿਥੇ ਸਭ ਤੋਂ ਪਹਿਲੇ 93 ਸੀਟਾਂ ’ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਉੱਥੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਹਰ ਵਿਧਾਨ ਸਭਾ ਖੇਤਰ ਵਿਚ ਇਕ-ਇਕ ਦੌਰਾ ਕਰ ਕੇ ਵਿਰੋਧੀ ਪਾਰਟੀਆਂ ’ਤੇ ਬੜ੍ਹਤ ਬਣਾ ਚੁੱਕੇ ਹਨ। ਅਕਾਲੀ ਦਲ ਨੂੰ ਇਸ ਵਾਰ ਭਾਜਪਾ ਦੇ ਸ਼ਹਿਰੀ ਵੋਟਰਾਂ ਦਾ ਸਾਥ ਤਾਂ ਨਹੀਂ ਮਿਲੇਗਾ, ਪਰ ਪਾਰਟੀ ਪੇਂਡੂ ਸੀਟਾਂ ਨੂੰ ਪੁਖਤਾ ਕਰਨ ਲਈ ਬਸਪਾ ਦੇ ਹਾਥੀ ’ਤੇ ਸਵਾਰ ਹੋ ਗਈ ਹੈ। ਉੱਥੇ ਇਸ ਵਾਰ ਚੋਣ ਮੈਦਾਨ ਵਿਚ ਕੂਦੇ ਕਿਸਾਨ ਸੰਗਠਨ ਅਕਾਲੀ ਦਲ ਨੂੰ ਚੁਣੌਤੀ ਦੇ ਸਕਦੇ ਹਨ।
ਆਪ ਚੰਡੀਗੜ੍ਹ ਟੂ ਪੰਜਾਬ?
ਸਾਲ 2021 ਦੇ ਆਖ਼ਰੀ ਹਫ਼ਤੇ ਵਿਚ ਚੰਡੀਗੜ੍ਹ ਨਗਰ ਨਿਗਮ ਵਿਚ ਧਮਾਕੇਦਾਰ ਐਂਟਰੀ ਨਾਲ ਉਤਸ਼ਾਹਿਤ ਆਮ ਾਦਮੀ ਪਾਰਟੀ ਨਵੇਂ ਸਾਲ ਵਿਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿਚ ਵੀ ਅਜਿਹੇ ਹੀ ਨਤੀਜਿਆਂ ਦੀ ਉਮੀਦ ਕਰ ਰਹੀ ਹੈ। ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਹਰ ਹਫ਼ਤੇ ਪੰਜਾਬ ਦੀ ਯਾਤਰਾ ਕਰ ਕੇ ਰੈਲੀਆਂ ਤੇ ਸਭਾਵਾਂ ਵਿਚ ਲੋਕਾਂ ਨੂੰ ਮਿਲ ਰਹੇ ਹਨ। ਪਾਰਟੀ ਦੇ ਕਈ ਹੋਰ ਉੱਘੇ ਨੇਤਾ ਵੀ ਲੋਕਾਂ ਨੂੰ ਦਿੱਲੀ ਮਾਡਲ ਨਾਲ ਜਾਣੂ ਕਰਵਾ ਰਹੇ ਹਨ।
ਭਾਜਪਾ ਦੀ ਪੁਜ਼ੀਸ਼ਨ
ਸਾਲ 2021 ਵਿਚ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਲਈ ਨਫਰਤ ਦਾ ਪਾਤਰ ਬਣੀ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਕਾਨੂੰਨ ਰੱਦ ਕਰਨ ਤੋਂ ਬਾਅਦ ਤੋਂ ਹੀ ਸਭ ਦੀਆਂ ਅੱਖਾਂ ਦਾ ਤਾਰਾ ਬਣਨ ਲੱਗੀ ਹੈ। ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਜਿਥੇ ਸੱਤਾਧਾਰੀ ਕਾਂਗਰਸ ਦੇ ਤਿੰਨ ਵਿਧਾਇਕ ਭਾਜਪਾ ਵਿਚ ਸ਼ਾਮਲ ਹੋ ਗਏ ਹਨ, ਉੱਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵੱਖਰੀ ਪਾਰਟੀ ਬਣਾ ਕੇ ਭਾਜਪਾ ਨਾਲ ਗਠਜੋੜ ਕੀਤਾ ਹੈ।