ਚੰਡੀਗਡ਼੍ਹ, ਮੀਡੀਆ ਬਿਊਰੋ:
ਸੂਬੇ ਵਿਚ ਵਿਧਾਨ ਸਭਾ ਚੋਣਾਂ ’ਤੇ ਕੋਰੋਨਾ ਦਾ ਅਸਰ ਪਵੇਗਾ। ਚੋਣ ਕਮਿਸ਼ਨ ਨੇ ਕੋਵਿਡ ਦੇ ਤੈਅ ਨਿਰਦੇਸ਼ਾਂ ਮੁਤਾਬਕ ਪਾਰਟੀਆਂ ਲਈ ਪ੍ਰਚਾਰ ਪ੍ਰੋਗਰਾਮ ਤਿਆਰ ਕੀਤਾ ਹੈ, ਇਸ ਮੁਤਾਬਕ ਰੈਲੀਆਂ ਤੇ ਨੁੱਕਡ਼ ਮੀਟਿੰਗਾਂ ਆਦਿ ਨਾ ਕਰਨ ਲਈ ਕਿਹਾ ਗਿਆ ਹੈ। ਸਾਫ਼ ਜ਼ਾਹਰ ਹੈ ਕਿ ਇਸ ਵਾਰ ਆਪਣੀ ਗੱਲ ਲੋਕਾਂ ਤਕ ਪਹੁੰਚਾਉਣ ਲਈ ਰਾਜਨੀਤਕ ਪਾਰਟੀਆਂ ਨੂੰ ਨਵੇਂ ਰਸਤਿਆਂ ਦੀ ਭਾਲ ਕਰਨੀ ਪਵੇਗੀ। ਜਨਤਕ ਸੰਪਰਕ ਲਈ ਨੇਤਾਵਾਂ ਕੋਲ ਕੁੱਲ 35 ਦਿਨ ਬਚੇ ਹਨ।
ਅਕਾਲੀ ਦਲ-ਬਸਪਾ ਗੱਠਜੋੜ ਤੇ ਆਮ ਆਦਮੀ ਪਾਰਟੀ ਤਾਂ ਇਸ ਸਮੇਂ ਤਕ 100-100 ਤੋਂ ਵੱਧ ਸੀਟਾਂ ’ਤੇ ਉਮੀਦਵਾਰ ਉਤਾਰ ਚੁੱਕੀਆਂ ਹਨ। ਜਦਕਿ ਸੱਤਾਧਾਰੀ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ-ਪੰਜਾਬ ਲੋਕ ਕਾਂਗਰਸ ਤੇ ਅਕਾਲੀ ਦਲ (ਸੰਯੁਕਤ) ਗੱਠਜੋਡ਼ ਵਿਚਾਲੇ ਹਾਲੇ ਤਕ ਸੀਟਾਂ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ ਹੈ।
ਪ੍ਰਚਾਰ ਪੱਖੋਂ ਅਕਾਲੀ ਦਲ ਅੱਗੇ ਹਨ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਵਾਰ ਬਸਪਾ ਨਾਲ ਗੱਠਜੋਡ਼ ਕਰ ਕੇ 20 ਸੀਟਾਂ ਦਿੱਤੀਆਂ ਹਨ। ਸੁਖਬੀਰ ਲੰਘੇ ਤਿੰਨ ਮਹੀਨਿਆਂ ਤੋਂ ਲਗਾਤਾਰ ਪ੍ਰਚਾਰ ਕਰ ਰਹੇ ਹਨ। ਸਾਰੀਆਂ ਵਿਧਾਨ ਸਭਾ ਸੀਟਾਂ ਦਾ ਰਾਉਂਡ ਪੂਰਾ ਕਰ ਚੁੱਕੇ ਹਨ। ਆਪਣੇ ਹਿੱਸੇ ਦੀਆਂ 97 ਸੀਟਾਂ ਵਿੱਚੋਂ ਅਕਾਲੀ ਦਲ 93 ਉਮੀਦਵਾਰ ਉਤਾਰ ਚੁੱਕਿਆ ਹੈ। ਇਵੇਂ ਹੀ ਆਮ ਆਦਮੀ ਪਾਰਟੀ ਨੇ ਵੀ 117 ਵਿੱਚੋਂ 104 ਸੀਟਾਂ ’ਤੇ ਉਮੀਦਵਾਰ ਐਲਾਨ ਦਿੱਤੇ ਹਨ। ਹਾਲਾਂਕਿ ਆਸ ਕੀਤੀ ਜਾ ਰਹੀ ਸੀ ਕਿ ਕਾਂਗਰਸ ਵੀ ਆਪਣੀ ਪਹਿਲੀ ਸੂਚੀ ਜਾਰੀ ਕਰ ਦੇਵੇਗੀ ਕਿਉਂਕਿ ਕੇਂਦਰੀ ਚੋਣ ਕਮੇਟੀ ਦੀ ਵਰਚੂਅਲ ਮੀਟਿੰਗ ਹੋਣੀ ਸੀ। ਜਦਕਿ ਇਹ ਬੈਠਕ ਰੱਦ ਹੋਣ ਕਰ ਕੇ ਅੱਜ ਜਾਰੀ ਹੋਣ ਵਾਲੀ ਸੂਚੀ ਟਾਲ ਦਿੱਤੀ ਗਈ ਹੈ।
ਲਗਪਗ ਇਹੀ ਹਾਲ ਭਾਜਪਾ ਤੇ ਉਸ ਦੀਆਂ ਸਹਿਯੋਗੀਆਂ ਪਾਰਟੀਆਂ ਦਾ ਹੈ। ਹਾਲੇ ਤਕ ਗੱਠਜੋਡ਼ ਇਹ ਤੈਅ ਨਹੀਂ ਕਰ ਸਕਿਆ ਕਿ ਕਿਸ ਪਾਰਟੀ ਨੂੰ ਕਿੰਨੀਆਂ ਸੀਟਾਂ ਦੇਣੀਆਂ ਹਨ। ਪ੍ਰਚਾਰ ਲਈ ਉਮੀਦਵਾਰਾਂ ਨੂੰ ਹੁਣ ਡਿਜੀਟਲ ਪਲੇਟਫਾਰਮਾਂ ਦਾ ਸਹਾਰਾ ਲੈਣਾ ਪਵੇਗਾ। ਹਾਲੇ ਤਕ ਪਾਰਟੀਆਂ ਦੇ ਉਮੀਦਵਾਰ ਜਾਂ ਨੇਤਾ ਜਦੋਂ ਵੀ ਆਪਣੇ ਹਲਕੇ ਵਿਚ ਜਾਂਦੇ ਸਨ ਤਾਂ ਲੋਕ ਉਨ੍ਹਾਂ ਨੂੰ ਸਵਾਲ ਕਰਦੇ ਸਨ ਤੇ ਕਈ ਥਾਈਂ ਘੇਰ ਕੇ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਕਰਦੇ ਰਹੇ ਹਨ। ਚੋਣ ਕਮਿਸ਼ਨ ਨੇ ਨੁੱਕਡ਼ ਬੈਠਕਾਂ ਤੇ ਰੈਲੀਆਂ ’ਤੇ ਰੋਕ ਲਗਾ ਦਿੱਤੀ ਹੈ।
ਵਿਰੋਧੀ ਪਾਰਟੀਆਂ ਨੂੰ ਮਿਲੀ ਰਾਹਤ
ਚੋਣ ਜ਼ਾਬਤਾ ਲੱਗਣ ਕਾਰਨ ਸੂੁਬੇ ਦੀਆਂ ਵਿਰੋਧੀ ਪਾਰਟੀਆਂ, ਅਕਾਲੀ ਦਲ-ਬਸਪਾ, ਭਾਜਪਾ ਤੇ ਆਮ ਆਦਮੀ ਪਾਰਟੀ ਨੇ ਰਾਹਤ ਦਾ ਸਾਹ ਲਿਆ ਹੈ। ਦਰਅਸਲ, ਸੱਤਾਧਾਰੀ ਕਾਂਗਰਸ ਵੱਲੋਂ ਆਏ ਦਿਨ ਕੀਤੇ ਜਾਣ ਵਾਲੇ ਐਲਾਨ, ਲੋਕਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਰਾਹਤ ਤੇ ਠੇਕਾ ਕਾਮਿਆਂ ਨੂੰ ਪੱਕਾ ਕਰਨ ਜਿਹੇ ਐਲਾਨਾਂ ਕਾਰਨ ਵਿਰੋਧੀ ਦਲ ਦਬਾਅ ਵਿਚ ਸਨ। ਮੁੱਖ ਮੰਤਰੀ ਮੰਤਰੀ ਚਰਨਜੀਤ ਚੰਨੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਆਪਣੇ 100 ਦਿਨਾਂ ਦੇ ਕਾਰਜਕਾਲ ਦੌਰਾਨ ਚੰਗੇ ਫ਼ੈਸਲੇ ਕੀਤੇ ਹਨ। ਜਦਕਿ ਵਿਰੋਧੀ ਪਾਰਟੀਆਂ ਅਰਾਜਕਤਾ ਤੇ ਮਾਡ਼ੇ ਇੰਤਜ਼ਾਮਾਂ ਵਾਲਾ ਦੱਸ ਰਹੀਆਂ ਹਨ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਸੱਤਾਧਾਰੀਆਂ ਨੇ ਰਾਜ ਸੱਤਾ ਨੂੰ ਸਰਕਸ ਵਿਚ ਤਬਦੀਲ ਕਰ ਦਿੱਤਾ ਹੈ। ਹੁਣ ਲੋਕ ਰਾਹਤ ਦਾ ਸਾਹ ਲੈਣਗੇ ਕਿਉਂਕਿ ਇਹ ਕਾਰਜਕਾਲ ਖ਼ਤਮ ਹੋ ਜਾਵੇਗਾ ਤੇ ਲੋਕ ਵੱਡਾ ਬਦਲਾਅ ਲਿਆਉਣਗੇ।






















