
ਨਵਾਂਸ਼ਹਿਰ, ਮੀਡੀਆ ਬਿਊਰੋ:
ਬਸਪਾ ਸਪੁਰੀਮੋ ਕੁਮਾਰੀ ਮਾਇਆਵਤੀ ਵੱਲੋਂ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਦੀ ਇੱਕੋ ਸੀਟ ‘ਤੇ ਦੋ ਟਿਕਟਾਂ ਦੇਣ ਦਾ ਮਾਮਲਾ ਭਖ ਗਿਆ ਹੈ। ਦਰਅਸਲ ਵੀਰਵਾਰ ਦੇਰ ਰਾਤ ਪੁਲਿਸ ਨੇ ਇਸ ਸੀਟ ਤੋਂ ਬਸਪਾ ਦੂਸਰੇ ਦਾਅਵੇਦਾਰ ਬਰਜਿੰਦਰ ਸਿੰਘ ਹੁਸੈਨਪੁਰੀ ਨੂੰ ਗ੍ਰਿਫ਼ਤਾਰ ਕਰ ਲਿਆ।
ਬੀਤੇ ਦਿਨੀਂ ਰਿਟਰਨਿੰਗ ਆਫਿਸਰ ਬਲਵਿੰਦਰ ਸਿੰਘ ਢਿੱਲੋਂ ਵੱਲੋਂ ਕੁਮਾਰੀ ਮਾਇਆਵਤੀ ਦੀ ਆਧਿਕਾਰਤ ਮੇਲ ਅਤੇ ਵੀਡੀਓ ਕਾਲ ਤੋਂ ਬਾਅਦ ਬਸਪਾ ਦੇ ਪਹਿਲੇ ਉਮੀਦਵਾਰ ਡਾ. ਨਛੱਤਰ ਕੁਮਾਰ ਨੂੰ ਸਹੀ ਉਮੀਦਵਾਰ ਚੁਣਿਆ ਗਿਆ ਤੇ ਦੂਸਰੇ ਉਮੀਦਵਾਰ ਵਜੋਂ ਕਾਗਜ਼ ਜਮ੍ਹਾਂ ਕਰਵਾਉਣ ਬਲਜਿੰਦਰ ਸਿੰਘ ਹੁਸੈਨਪੁਰੀ ਦੇ ਕਾਗਜ਼ ਰੱਦ ਕਰ ਦਿੱਤੇ ਗਏ ਸਨ।
ਆਪਸ ਵਿਚ ਹੀ ਬਸਪਾ ਦੇ ਪੰਜਾਬ ਇੰਚਾਰਜ ਰਣਧੀਰ ਸਿੰਘ ਵੈਣੀਪਾਲ ਅਤੇ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਰਨੈਲ ਸਿੰਘ ਵਾਹਦ ਵੱਲੋਂ ਬਰਜਿੰਦਰ ਸਿੰਘ ਨਾਲ ਕਾਗਜ਼ ਰੱਦ ਹੋਣ ਤੋਂ ਬਾਅਦ ਸਮਝੌਤਾ ਹੋਇਆ ਤੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ ਗਈ ਕਿ ਉਹ ਖੁੱਲ੍ਹ ਕੇ ਬਸਪਾ-ਅਕਾਲੀ ਦਲ ਦਾ ਸਾਥ ਦੇਣਗੇ। ਇਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ ਪਰ ਦੇਰ ਰਾਤ ਪੁਲਿਸ ਵੱਲੋਂ ਬਰਜਿੰਦਰ ਸਿੰਘ ਹੁਸੈਨਪੁਰੀ ਨੂੰ ਪਰਚਾ ਦਰਜ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਨਾਲ ਇਲਾਕੇ ‘ਚ ਮਾਹੌਲ ਤਣਾਅਪੂਰਨ ਹੋ ਗਿਆ ਤੇ ਟਿਕਟ ਸਬੰਧੀ ਅਸਲ ਸਚਾਈ ਆਉਣ ਵਾਲੇ ਦਿਨਾਂ ‘ਚ ਸਾਹਮਣੇ ਆ ਸਕਦੀ ਹੈ।