ਬਠਿੰਡਾ, ਮੀਡੀਆ ਬਿਊਰੋ:
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਭਾਵੇਂ ਫਰਲੋ ਮਿਲਣ ਤੋਂ ਬਾਅਦ ਗੁਰੂਗ੍ਰਾਮ ਚਲੇ ਗਏ ਹੋਣ ਪਰ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਡੇਰਾ ਪ੍ਰਬੰਧਕਾਂ ਨੇ ਪੈਰੋਕਾਰਾਂ ਨੂੰ ਸਿਰਸਾ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਡੇਰਾ ਮੁਖੀ ਨੂੰ ਦਿੱਤੀ ਗਈ ਫਰਲੋ ਨੂੰ ਪੰਜਾਬ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ ਕਿਉਂਕਿ ਦਸੰਬਰ 2021 ਵਿੱਚ ਡੇਰੇ ਨੇ ਸਲਾਬਤਪੁਰਾ ਵਿੱਚ ਵੱਡਾ ਇਕੱਠ ਕਰਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਸੀ।
ਚੇਅਰਮੈਨ ਰਾਮ ਸਿੰਘ ਨੇ ਕਿਹਾ- ਡੇਰਾ ਮੁਖੀ ਦਾ ਹੁਕਮ ਮੰਨੀਆ ਜਾਵੇਗਾ
ਉਧਰ, ਡੇਰੇ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਦਾ ਕਹਿਣਾ ਹੈ ਕਿ ਡੇਰਾ ਮੁਖੀ ਦੀ ਫਰਲੋ ਨੂੰ ਚੋਣਾਂ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਜਦੋਂ ਅਸੀਂ ਉਨ੍ਹਾਂ ਕੋਲ ਮਦਦ ਲਈ ਗਏ ਤਾਂ ਕੁਝ ਸਿਆਸੀ ਪਾਰਟੀਆਂ ਤੇ ਲੀਡਰਾਂ ਨੇ ਡੇਰੇ ਤੋਂ ਮੂੰਹ ਮੋੜ ਲਿਆ ਸੀ। ਜਨਤਕ ਮੀਟਿੰਗਾਂ ਤੇ ਲੋਕਾਂ ਨਾਲ ਗੱਲਬਾਤ ਕਰਨ ਸਮੇਂ ਇਹ ਆਗੂ ਡੇਰੇ ਦਾ ਨਾਂ ਲੈਣ ਤੋਂ ਵੀ ਕੰਨੀ ਕਤਰਾਉਂਦੇ ਸਨ। ਡੇਰਾ ਪ੍ਰੇਮੀ ਅਜਿਹੇ ਆਗੂਆਂ ਨੂੰ ਮੂੰਹ ਨਹੀਂ ਲਾਉਣਗੇ ਅਤੇ ਨਾ ਹੀ ਕੋਈ ਪੈਰੋਕਾਰ ਉਨ੍ਹਾਂ ਨੂੰ ਵੋਟ ਦੇਵੇਗਾ। ਡੇਰਾ ਪ੍ਰੇਮੀਆਂ ਦਾ ਕਹਿਣਾ ਹੈ ਕਿ ਡੇਰਾ ਮੁਖੀ ਨੂੰ ਹੀ ਵੋਟਾਂ ਪਾਈਆਂ ਜਾਣਗੀਆਂ। ਡੇਰਾ ਪ੍ਰੇਮੀ ਗੁਰਮੇਲ ਸਿੰਘ ਨੇ ਕਿਹਾ ਕਿ ਸਾਰੇ ਪ੍ਰੇਮੀ ਇੱਕਜੁੱਟ ਹਨ, ਜਿੱਥੇ ਡੇਰਾ ਮੁਖੀ ਦਾ ਹੁਕਮ ਹੋਵੇਗਾ, ਉੱਥੇ ਹੀ ਵੋਟਾਂ ਪੈਣਗੀਆਂ।
ਡੇਰਾ ਪ੍ਰੇਮੀਆਂ ਨੂੰ ਡੇਰੇ ਵਿੱਚ ਆਉਣ ਤੋਂ ਰੋਕਿਆ
ਡੇਰਾ ਪ੍ਰਬੰਧਕਾਂ ਨੇ ਸੰਗਤ ਨੂੰ ਦੱਸਿਆ ਕਿ ਕਿੱਥੇ ਆਉਣਾ ਹੈ, ਕਿਵੇਂ ਆਉਣਾ ਹੈ, ਕਿੰਨੇ ਲੋਕਾਂ ਨੇ ਆਉਣਾ ਹੈ, ਇਹ ਬਾਅਦ ‘ਚ ਦੱਸਿਆ ਜਾਵੇਗਾ। ਕਿਉਂਕਿ ਫਰਲੋ ਦੇ ਨਾਲ-ਨਾਲ ਕੁਝ ਆਦੇਸ਼ ਵੀ ਦਿੱਤੇ ਗਏ ਹਨ ਤੇ ਉਨ੍ਹਾਂ ਦੀ ਪਾਲਣਾ ਕੀਤੀ ਜਾਵੇਗੀ। ਡੇਰਾ ਪ੍ਰਬੰਧਕਾਂ ਦੇ ਹੁਕਮਾਂ ਤੋਂ ਬਾਅਦ ਡੇਰੇ ਦੇ ਪੰਜਾਬ ਹੈੱਡਕੁਆਰਟਰ ਡੇਰਾ ਸਲਾਬਤਪੁਰਾ ‘ਚ ਬਹੁਤੀ ਹਿਲਜੁਲ ਨਹੀਂ ਹੋਈ।
2014 ‘ਚ ਭਾਜਪਾ ਦੀ ਕੀਤੀ ਮਦਦ
ਡੇਰਾ ਪ੍ਰੇਮੀ ਕਰਤਾਰ ਸਿੰਘ ਜੋ ਕਿ 1988 ਤੋਂ ਡੇਰੇ ਨਾਲ ਜੁੜੇ ਹੋਏ ਹਨ, ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ‘ਤੇ ਮੁਕੱਦਮਾ ਚਲਾਇਆ ਗਿਆ ਹੈ, ਉਨ੍ਹਾਂ ਨੂੰ ਵੋਟਾਂ ਤੋਂ ਬਾਹਰ ਨਹੀਂ ਕੀਤਾ ਜਾਵੇਗਾ। ਡੇਰੇ ਦਾ ਸਿਆਸੀ ਵਿੰਗ ਨਵੇਂ ਵਿਕਲਪਾਂ ‘ਤੇ ਵਿਚਾਰ ਕਰ ਰਿਹਾ ਹੈ। 2007 ਤੇ 2012 ਵਿਚ ਅਸੀਂ ਡੇਰੇ ਦੇ ਹੁਕਮਾਂ ‘ਤੇ ਇਕ ਵਾਰ ਕਾਂਗਰਸ ਨੂੰ ਅਤੇ ਦੂਜੀ ਵਾਰ ਅਕਾਲੀ ਦਲ ਨੂੰ ਵੋਟ ਪਾਈ। ਅਸੀਂ 2014 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਉਮੀਦਵਾਰਾਂ ਦੀ ਮਦਦ ਕੀਤੀ ਸੀ। ਦੂਜੇ ਪਾਸੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਸਿਆਸੀ ਵਿੰਗ ਜਲਦੀ ਹੀ ਫੈਸਲਾ ਕਰੇਗਾ ਕਿ ਵੋਟ ਕਿਸ ਨੂੰ ਪਾਉਣੀ ਹੈ।