Punjab Election 2022 : ਪੰਜਾਬ ਭਾਜਪਾ ਇੰਚਾਰਜ ਸ਼ੇਖਾਵਤ ਦੇ ਬਿਆਨ ਨੇ ਫੈਲਾਈ ਸਨਸਨੀ, ਬੋਲੇ- ਕਾਂਗਰਸ ‘ਚ ਆਉਣ ਵਾਲਾ ਹੈ ਵੱਡਾ ਭੂਚਾਲ

ਚੰਡੀਗੜ੍ਹ, ਮੀਡੀਆ ਬਿਊਰੋ:

ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸਿਆਸੀ ਸਰਗਰਮੀਆਂ ਸਿਖਰਾਂ ‘ਤੇ ਹਨ। ਸਾਰੀਆਂ ਸਿਆਸੀ ਪਾਰਟੀਆਂ ਇਕ-ਦੂਜੇ ‘ਤੇ ਹਮਲੇ ਕਰ ਰਹੀਆਂ ਹਨ ਪਰ ਕਾਂਗਰਸ ਨੂੰ ਲੈ ਕੇ ਕਿਆਸਅਰਾਈਆਂ ਘੱਟ ਨਹੀਂ ਰਹੀਆਂ। ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਤੋਂ ਬਾਅਦ ਸਭ ਦੀਆਂ ਨਜ਼ਰਾਂ ਨਵਜੋਤ ਸਿੰਘ ਸਿੱਧੂ ਦੇ ਪੈਂਤੜੇ ‘ਤੇ ਟਿਕੀਆਂ ਹੋਈਆਂ ਹਨ, ਉੱਥੇ ਹੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਸਰਗਰਮ ਸਿਆਸਤ ਤੋਂ ਦੂਰੀ ਦੇ ਅਚਾਨਕ ਐਲਾਨ ਨੇ ਕਾਂਗਰਸ ਨੂੰ ਜ਼ਬਰਦਸਤ ਝਟਕਾ ਦਿੱਤਾ ਹੈ। ਅਜਿਹੇ ਵਿੱਚ ਪੰਜਾਬ ਭਾਜਪਾ ਦੇ ਇੰਚਾਰਜ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਇਕ ਬਿਆਨ ਨੇ ਸਨਸਨੀ ਫੈਲਾ ਦਿੱਤੀ ਹੈ। ਸ਼ੇਖਾਵਤ ਨੇ ਦਾਅਵਾ ਕੀਤਾ ਹੈ ਕਿ ਪੰਜਾਬ ‘ਚ ਕਾਂਗਰਸ ‘ਚ ਜਲਦ ਹੀ ਵੱਡਾ ਭੁਚਾਲ ਆਉਣ ਵਾਲਾ ਹੈ।

ਭਾਰਤੀ ਜਨਤਾ ਪਾਰਟੀ ਦੇ ਚੋਣ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦਾ ਕਹਿਣਾ ਹੈ ਕਿ ਕਾਂਗਰਸ ‘ਚ ਭੂਚਾਲ ਆਉਣਾ ਬਾਕੀ ਹੈ। ਕਾਂਗਰਸ ਦੀ ਸਥਿਤੀ ਇਹ ਹੈ ਕਿ ਸੁਨੀਲ ਜਾਖੜ ਨੇ ਚੋਣਾਂ ਦੇ ਅੱਧ ‘ਚ ਹੀ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈ ਲਿਆ ਜਦਕਿ ਕਾਂਗਰਸ ਦੀ ਸਮੁੱਚੀ ਚੋਣ ਮੁਹਿੰਮ ਦੀ ਜ਼ਿੰਮੇਵਾਰੀ ਜਾਖੜ ‘ਤੇ ਸੀ। ਉਹ ਪ੍ਰਚਾਰ ਕਮੇਟੀ ਦੇ ਚੇਅਰਮੈਨ ਹਨ।

ਕਿਹਾ- ਨਵਜੋਤ ਸਿੰਘ ਸਿੱਧੂ ਕੀ ਕਹਿ ਰਹੇ ਹਨ ਜਾਂ ਨਹੀਂ ਕਹਿ ਰਹੇ ਹਨ, ਇਸ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ

ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਕਾਂਗਰਸ ਆਪਸੀ ਕਲੇਸ਼ ਨਾਲ ਜੂਝ ਰਹੀ ਹੈ। ਨਵਜੋਤ ਸਿੰਘ ਸਿੱਧੂ ਕੀ ਕਹਿ ਰਹੇ ਹਨ ਜਾਂ ਨਹੀਂ ਕਹਿ ਰਹੇ ਹਨ, ਇਸ ਬਾਰੇ ਉਹ ਕੋਈ ਟਿੱਪਣੀ ਨਹੀਂ ਕਰਨਗੇ ਪਰ ਕਾਂਗਰਸ ‘ਚ ਜਲਦੀ ਹੀ ਵੱਡਾ ਭੁਚਾਲ ਆਉਣ ਵਾਲਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਵੱਲੋਂ ਪੁੱਛਗਿੱਛ ਦੌਰਾਨ ਈਡੀ ਨੂੰ ਇਹ ਖੁਲਾਸਾ ਕਰਨ ਤੋਂ ਬਾਅਦ ਕਿ ਉਸ ਤੋਂ ਜ਼ਬਤ ਕੀਤਾ ਪੈਸਾ ਰੇਤ ਦੇ ਕਾਰੋਬਾਰ ਅਤੇ ਟ੍ਰਾਂਸਫਰ ਪੋਸਟਿੰਗ ਦਾ ਸੀ, ਸ਼ੇਖਾਵਤ ਦਾ ਕਹਿਣਾ ਹੈ ਕਿ ਸਾਰੀ ਗੱਲਾਂ ਪੰਜਾਬ ਦੇ ਲੋਕਾਂ ਸਾਹਮਣੇ ਆ ਗਈਆਂ ਹਨ। ਅਜਿਹੇ ‘ਚ ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਹੈ। ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਨਾਲ ਵੀ ਕਾਂਗਰਸ ਲਈ ਕੋਈ ਫਾਇਦਾ ਨਹੀਂ ਕਰਨ ਵਾਲਾ ਹੈ। ਹੁਣ ਤਕ ਸਿਰਫ਼ ਜਾਖੜ ਨੇ ਹੀ ਸਰਗਰਮ ਸਿਆਸਤ ਤੋਂ ਕਿਨਾਰਾ ਕੀਤਾ ਹੈ, ਅਸਲ ਵਿੱਚ ਭੂਚਾਲ ਆਉਣਾ ਬਾਕੀ ਹੈ। ਹਾਲਾਂਕਿ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਅਸਲੀ ਭੂਚਾਲ ਕੀ ਆ ਸਕਦਾ ਹੈ।

ਕਿਹਾ- ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਫਰਲੋ ਨੂੰ ਰਾਜਨੀਤੀ ਨਾਲ ਜੋੜਨਾ ਗਲਤ

ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਫਰਲੋ ‘ਤੇ ਛੱਡਣ ਸਬੰਧੀ ਉਠਾਏ ਜਾ ਰਹੇ ਸਵਾਲ ਦੇ ਜਵਾਬ ‘ਚ ਸ਼ੇਖਾਵਤ ਨੇ ਕਿਹਾ ਕਿ ਅੱਜ ਸਾਡੀ ਆਦਤ ਬਣ ਗਈ ਹੈ ਕਿ ਅਸੀਂ ਹਰ ਘਟਨਾ ਨੂੰ ਸਿਆਸਤ ਦੀ ਨਜ਼ਰ ਨਾਲ ਦੇਖਦੇ ਹਾਂ। ਇਹ ਅਦਾਲਤੀ ਮਾਮਲਾ ਹੈ ਅਤੇ ਇਸ ਨੂੰ ਹਰਿਆਣਾ ਪ੍ਰਸ਼ਾਸਨ ਨੇ ਦੇਖਣਾ ਹੈ।

Share This :

Leave a Reply