ਜਲੰਧਰ, ਮੀਡੀਆ ਬਿਊਰੋ:
ਚੋਣਾਂ ਤੋਂ ਪਹਿਲਾਂ ਪੰਜਾਬ ਦੇ ਡੇਰਿਆਂ ‘ਚ ਸਿਆਸਤਦਾਨਾਂ ਦੀ ਚੜ੍ਹਤ ਵੀ ਤੇਜ਼ ਹੋ ਗਈ ਹੈ। ਵੱਡੇ ਆਗੂਆਂ ਤੋਂ ਇਲਾਵਾ ਵੱਖ-ਵੱਖ ਹਲਕਿਆਂ ਦੇ ਉਮੀਦਵਾਰਾਂ ਨੇ ਡੇਰਿਆਂ ਦੇ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ ਹਨ। ਚੋਣ ਜ਼ਾਬਤਾ ਲੱਗਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋ ਵਾਰ ਜਲੰਧਰ ਦੇ ਡੇਰਾ ਬੱਲਾਂ ਦਾ ਦੌਰਾ ਕਰ ਚੁੱਕੇ ਹਨ। 25 ਜਨਵਰੀ ਦੀ ਰਾਤ ਨੂੰ ਉਹ ਡੇਰੇ ‘ਚ ਹੀ ਰੁਕਿਆ ਸੀ। ਦਸੰਬਰ ‘ਚ ਹੀ ਤਿੰਨ ਕੈਬਨਿਟ ਮੰਤਰੀਆਂ ਦੇ ਨਾਲ ਡੇਰਾ ਬਿਆਸ ਵੀ ਮੱਥਾ ਟੇਕਿਆ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸੰਸਦ ਮੈਂਬਰ ਹਰਸਿਮਰਤ ਬਾਦਲ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਡੇਰਾ ਬੱਲਾਂ ਅੱਗੇ ਮੱਥਾ ਟੇਕ ਚੁੱਕੇ ਹਨ। ਭਾਜਪਾ ਦੇ ਕੈਬਨਿਟ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਡੇਰਾ ਬਿਆਸ ਜਾ ਚੁੱਕੇ ਹਨ।
ਡੇਰਾ ਰਾਧਾ ਸੁਆਮੀ, ਬਿਆਸ : ਸੂਬੇ ‘ਚ ਡੇਰਾ ਬਿਆਸ ਦੇ ਪੈਰੋਕਾਰਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸ ਡੇਰੇ ਨੇ ਕਦੇ ਵੀ ਕਿਸੇ ਪਾਰਟੀ ਦੀ ਖੁੱਲ੍ਹ ਕੇ ਹਮਾਇਤ ਨਹੀਂ ਕੀਤੀ ਪਰ ਜਦੋਂ ਇਸ ਨਾਲ ਸਬੰਧਤ ਲੋਕ ਚੋਣ ਮੈਦਾਨ ‘ਚ ਹੁੰਦੇ ਹਨ ਤਾਂ ਚੁੱਪਚਾਪ ਉਨ੍ਹਾਂ ਦਾ ਸਮਰਥਨ ਕੀਤਾ ਜਾਂਦਾ ਹੈ। ਜੋਗਿੰਦਰਪਾਲ ਜੈਨ ਮੋਗਾ ਤੋਂ ਉਨ੍ਹਾਂ ਦੇ ਆਸ਼ੀਰਵਾਦ ਨਾਲ ਦੋ ਵਾਰ ਵਿਧਾਨ ਸਭਾ ਚੋਣਾਂ ਜਿੱਤੇ। ਅੰਮ੍ਰਿਤਸਰ ਪੂਰਬੀ ਤੋਂ ਬਿਕਰਮ ਮਜੀਠੀਆ ਦੀ ਪਤਨੀ ਗੁਨੀਵ ਕੌਰ ਡੇਰੇ ਦੇ ਸਾਬਕਾ ਮੁਖੀ ਚਰਨ ਸਿੰਘ ਦੇ ਪਰਿਵਾਰ ‘ਚੋਂ ਹੈ। ਗੁਨੀਵ ਇਸ ਵਾਰ ਮਜੀਠਾ ਤੋਂ ਲੜ ਰਹੇ ਹਨ।
ਸੱਚਖੰਡ ਬੱਲਾਂ, ਜਲੰਧਰ : ਜਲੰਧਰ ਦੇ ਬੱਲਾਂ ‘ਚ ਸਥਿਤ ਡੇਰਾ ਸੱਚਖੰਡ ਦੁਆਬੇ ਦਾ ਸਭ ਤੋਂ ਵੱਡਾ ਡੇਰਾ ਹੈ। ਰਵਿਦਾਸ ਬਿਰਾਦਰੀ ਨਾਲ ਸਬੰਧਤ ਸਾਰੇ ਵੱਡੇ ਫੈਸਲੇ ਇੱਥੇ ਹੀ ਹੁੰਦੇ ਹਨ। ਚੋਣਾਂ ਦੌਰਾਨ ਇਸ ਡੇਰੇ ਦਾ ਆਸ਼ੀਰਵਾਦ ਲੈਣ ਲਈ ਦੁਆਬੇ ਦੇ ਸਾਰੇ ਵੱਡੇ ਆਗੂ ਜ਼ਰੂਰ ਪਹੁੰਚਦੇ ਹਨ। ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਕਾਰਨ ਇਸ ਵਾਰ ਜਦੋਂ ਵੋਟਾਂ ਦੀ ਤਰੀਕ ਬਦਲਣ ਦੀ ਆਵਾਜ਼ ਉਠੀ ਤਾਂ ਸਾਰੀਆਂ ਪਾਰਟੀਆਂ ਸਮਰਥਨ ‘ਚ ਆ ਗਈਆਂ। ਕਮਿਸ਼ਨ ਨੂੰ ਬਦਲਾਅ ਕਰਨਾ ਪਿਆ ਅਤੇ ਚੋਣਾਂ ਦੀ ਤਰੀਕ 14 ਫਰਵਰੀ ਤੋਂ ਬਦਲ ਕੇ 20 ਫਰਵਰੀ ਕਰ ਦਿੱਤੀ ਗਈ।
ਡੇਰਾ ਦਿਵਿਆ ਜਯੋਤੀ, ਨੂਰਮਹਿਲ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਦਾ ਦੋਆਬੇ ‘ਚ ਵੀ ਆਧਾਰ ਹੈ। ਡੇਰੇ ‘ਚ ਕੌਣ-ਕੌਣ ਆਇਆ ਤੇ ਗਿਆ, ਇਸ ਬਾਰੇ ਡੇਰਾ ਪ੍ਰਬੰਧਕ ਕਦੇ ਵੀ ਕੋਈ ਜਾਣਕਾਰੀ ਜਨਤਕ ਨਹੀਂ ਕਰਨ ਦਿੰਦੇ। ਆਸ-ਪਾਸ ਦੇ ਇਲਾਕਿਆਂ ‘ਚ ਡੇਰੇ ਦਾ ਚੰਗਾ ਆਧਾਰ ਹੋਣ ਕਾਰਨ ਸਿਆਸਤਦਾਨਾਂ ਦਾ ਇੱਥੇ ਆਉਣਾ-ਜਾਣਾ ਲੱਗਾ ਰਹਿੰਦਾ ਹੈ।
ਰੂਪਨਗਰ : ਸ਼ਾਮਪੁਰਾ ਇਲਾਕੇ ‘ਚ ਮਾਨ ਸਿੰਘ ਜੀ ਪਿਹੋਵਾ ਵਾਲੇ ਤੋਂ ਇਲਾਵਾ ਪਿੰਡ ਧਮਾਣਾ ‘ਚ ਬਾਬਾ ਪਿਆਰਾ ਸਿੰਘ ਭਨਿਆਰਾਂ ਵਾਲੇ ਤੇ ਨੰਗਲ ਨੇੜੇ ਪਿੰਡ ਮਾਣਕਪੁਰ ਪੱਤੀ ‘ਚ ਮਦਨ ਭਗਵਾਨ ਦੇ ਡੇਰੇ ਹਨ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ (ਧੁੰਮਾ) ਦਾ ਵਿਸ਼ੇਸ਼ ਪ੍ਰਭਾਵ ਹੈ।
ਨਵਾਂਸ਼ਹਿਰ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦਾ ਆਸ਼ਰਮ ਤੇ ਭੂਰੀਵਾਲ ਸੰਪਰਦਾਏ ਦੇ ਚਾਰ ਵੱਡੇ ਡੇਰੇ ਜਿਨ੍ਹਾਂ ਦਾ ਪ੍ਰਭਾਵ ਟੱਪੜੀਆਂ ਖੁਰਦ, ਪੋਜੇਵਾਲ, ਮਾਲੇਵਾਲ ਤੇ ਰੱਤੇਵਾਲ ‘ਚ ਹੈ। ਗਰੀਬਦਾਸੀ ਸੰਪਰਦਾ ਨਾਲ ਸਬੰਧਤ ਡੇਰਿਆਂ ਦੇ ਵੀ ਬਹੁਤ ਸਾਰੇ ਪੈਰੋਕਾਰ ਹਨ।
ਹੁਸ਼ਿਆਰਪੁਰ : ਚਿੰਤਪੁਰਨੀ ਰੋਡ ‘ਤੇ ਬੰਜਰਬਾਗ ‘ਚ ਡੇਰਾ ਸੱਚਾ ਸੌਦਾ ਦਾ ਡੇਰਾ ਹੈ।