ਲੁਧਿਆਣਾ, ਮੀਡੀਆ ਬਿਊਰੋ: ਕਿਸਾਨ ਜਥੇਬੰਦੀਆਂ ਵੱਲੋਂ ਬਣਾਈ ਗਈ ਸੰਯੁਕਤ ਸਮਾਜ ਮੋਰਚਾ (Sanyukt Samaj Morcha) ਨਾਂ ਉੱਤੇ ਨਵੀਂ ਪਾਰਟੀ ਨੂੰ ਚੋਣ ਕਮਿਸ਼ਨ ਵੱਲੋਂ ਸਿਆਸੀ ਪਾਰਟੀ ਵਜੋਂ ਮਾਨਤਾ ਦੇ ਦਿੱਤੀ ਗਈ ਹੈ। ਸੰਯੁਕਤ ਸਮਾਜ ਮੋਰਚਾ (SSM) ਦੇ ਬੁਲਾਰੇ ਅਤੇ ਮੋਹਾਲੀ ਤੋਂ ਉਮੀਦਵਾਰ ਰਵਨੀਤ ਸਿੰਘ ਬਰਾੜ ਨੇ ਇਕ ਟਵੀਟ ਸਾਂਝਾ ਕਰਦਿਆਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਸੰਯੁਕਤ ਸਮਾਜ ਮੋਰਚਾ ਦੇ ਨਾਂ ਉੱਤੇ ਇਤਰਾਜ਼ ਜਤਾਇਆ ਸੀ ਪਰ ਕੁਝ ਦਫ਼ਤਰੀ ਕਾਰਵਾਈ ਤੋਂ ਬਾਅਦ ਇਸ ਨੂੰ ਮਾਨਤਾ ਮਿਲ ਜਾਵੇਗੀ। ਹੁਣ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਪਾਰਟੀ ਨੂੰ ਕਿਹੜਾ ਚੋਣ ਨਿਸ਼ਾਨ ਮਿਲਦਾ ਹੈ ਅਤੇ ਉਮੀਦਵਾਰ ਕਿਸ ਚੋਣ ਨਿਸ਼ਾਨ ਉੱਤੇ ਲਗਦੇ ਹਨ ਰਵਨੀਤ ਬਰਾੜ ਵੱਲੋਂ ਸਾਂਝੇ ਕੀਤੇ ਗਏ ਟਵੀਟ ਵਿੱਚ ਇਸ ਨੂੰ ਪੰਜਾਬੀਆਂ ਦੀ ਜਿੱਤ ਕਰਾਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਾਰਟੀ ਨੇ ਚੋਣ ਕਮਿਸ਼ਨ ਨੂੰ 25 ਦਸੰਬਰ ਨੂੰ ਅਰਜ਼ੀ ਦਿੱਤੀ ਸੀ ਜਿਸ ‘ਤੇ ਚੋਣ ਕਮਿਸ਼ਨ ਵੱਲੋਂ ਇਤਰਾਜ਼ ਚੁੱਕਿਾ ਗਿਆ ਸੀ ਜਿਸ ਦਾ ਜਵਾਬ ਮੋਰਚੇ ਵੱਲੋਂ 7 ਜਨਵਰੀ ਨੂੰ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਵੀ ਮੋਰਚੇ ਨੂੰ ਕਮਿਸ਼ਨ ਨੂੰ ਮਾਨਤਾ ਨਹੀਂ ਦਿੱਤੀ ਸੀ। ਨਤੀਜੇ ਵਜੋਂ ਨਾਮਜ਼ਦਗੀਆਂ ਦੇ ਆਖਰੀ ਦਿਨ ਬਲਬੀਰ ਸਿੰਘ ਰਾਜੇਵਾਲ ਸਮੇਤ ਕਈ ਕਿਸਾਨ ਆਗੂਆਂ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰੇ।