ਜਲੰਧਰ, ਮੀਡੀਆ ਬਿਊਰੋ:
ਇਨ੍ਹੀਂ ਦਿਨੀਂ ਜਲੰਧਰ-ਹੁਸ਼ਿਆਰਪੁਰ-ਕਾਂਗੜਾ (ਹਿਮਾਚਲ ਪ੍ਰਦੇਸ਼) ਮਾਰਗ ‘ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਆਵਾਜਾਈ ਲੋਕਾਂ ‘ਚ ਭਾਰੀ ਉਤਸੁਕਤਾ ਦਾ ਕਾਰਨ ਬਣੀ ਹੋਈ ਹੈ। ਟਿਕਟਾਂ ਦੀ ਵੰਡ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਆਉਣਾ-ਜਾਣਾ ਉਮੀਦਵਾਰਾਂ ਦੀ ਹਲਚਲ ਸ਼ੁਰੂ ਹੋਇਆ, ਜੋ ਹੁਣ ਨਾਮਜ਼ਦਗੀਆਂ ਤੋਂ ਬਾਅਦ ਤੇਜ਼ ਹੋ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ‘ਚ ਸ਼ਕਤੀਪੀਠ ਮਾਤਾ ਬਗਲਾਮੁਖੀ ਦਾ ਇਕ ਮੰਦਰ ਹੈ, ਜਿਸ ਦੀ ਪੂਜਾ ਦੁਸ਼ਮਣਾਂ ਦੇ ਨਾਸ਼ ਤੇ ਉਨ੍ਹਾਂ ‘ਤੇ ਜਿੱਤ ਲਈ ਸਿੱਧ ਮੰਨੀ ਜਾਂਦੀ ਹੈ। ਮਾਤਾ ਬਗਲਾਮੁਖੀ ਮੰਦਿਰ ਕੰਪਲੈਕਸ ‘ਚ ਹਵਨ ਕੀਤਾ ਜਾਂਦਾ ਹੈ ਅਤੇ ਇਸ ਮੰਦਰ ਦੀ ਪ੍ਰਸਿੱਧੀ ਦੇਸ਼-ਵਿਦੇਸ਼ ਵਿੱਚ ਵੀ ਹੈ।
ਟਿਕਟ ਲੈਣ ਤੋਂ ਪਹਿਲਾਂ ਵੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਸ਼ਕਤੀ ਪੀਠ ਬਗਲਾਮੁਖੀ ਮਾਤਾ ਦੇ ਮੰਦਰ ‘ਚ ਮੱਥਾ ਟੇਕਦੇ ਦੇਖੇ ਗਏ ਤੇ ਹੁਣ ਨਾਮਜ਼ਦਗੀ ਤੋਂ ਬਾਅਦ ਵੀ ਉਮੀਦਵਾਰ ਉੱਥੇ ਜਾ ਕੇ ਹਵਨ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣਾਂ ਦਾ ਬਿਗਲ ਵੱਜਣ ਤੋਂ ਪਹਿਲਾਂ ਕਈ ਵਾਰ ਮਾਤਾ ਬਗਲਾਮੁਖੀ ਮੰਦਰ ਦੇ ਦਰਸ਼ਨ ਕਰ ਚੁੱਕੇ ਹਨ। ਇਹ ਪਹਿਲੀ ਵਾਰ ਨਹੀਂ ਹੈ ਕਿ ਮਾਤਾ ਬਗਲਾਮੁਖੀ ਮੰਦਰ ਲਈ ਉਮੀਦਵਾਰਾਂ ਦੀ ਭੀੜ ਵਧੀ ਹੈ।
ਇਸ ਤੋਂ ਪਹਿਲਾਂ ਹੋਈਆਂ ਚੋਣਾਂ ਦੌਰਾਨ ਵੀ ਮਾਤਾ ਬਗਲਾਮੁਖੀ ਮੰਦਰ ‘ਚ ਉਮੀਦਵਾਰਾਂ ਦੀਆਂ ਕਤਾਰਾਂ ਲੱਗ ਚੁੱਕੀਆਂ ਹਨ। ਹੁਣ ਪੰਜਾਬ ਭਰ ਤੋਂ ਮਾਤਾ ਬਗਲਾਮੁਖੀ ਮੰਦਿਰ ਕੰਪਲੈਕਸ ‘ਚ ਪਹੁੰਚਣ ਵਾਲੇ ਉਮੀਦਵਾਰਾਂ ਦਾ ਇਹ ਤਰੀਕਾ ਹੈ ਕਿ ਉਨ੍ਹਾਂ ਨੂੰ ਹਵਨ ਲਈ ਪਹਿਲਾਂ ਤੋਂ ਹੀ ਪੁਜਾਰੀਆਂ ਤੋਂ ਸਮਾਂ ਲੈਣਾ ਪੈਂਦਾ ਹੈ ਤੇ ਉਸ ਅਨੁਸਾਰ ਹੀ ਉਹ ਆਪਣੀ ਯਾਤਰਾ ਤੈਅ ਕਰ ਰਹੇ ਹਨ। ਪਿਛਲੇ ਦਿਨਾਂ ਵਿੱਚ ਜ਼ਿਲ੍ਹਾ ਜਲੰਧਰ ਦੇ ਕਈ ਉਮੀਦਵਾਰ ਵੀ ਮਾਤਾ ਬਗਲਾਮੁਖੀ ਮੰਦਰ ‘ਚ ਮੱਥਾ ਟੇਕਦੇ ਦੇਖੇ ਗਏ ਹਨ।