Punjab Election 2022 : ਪੰਜਾਬ ਕਾਂਗਰਸ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਜੱਸੀ ਖੰਗੂੜਾ ਨੇ ਛੱਡੀ ਪਾਰਟੀ

ਚੰਡੀਗੜ੍ਹ, ਮੀਡੀਆ ਬਿਊਰੋ:

ਪੰਜਾਬ ‘ਚ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਨੇ ਪਾਰਟੀ ਛੱਡ ਦਿੱਤੀ ਹੈ। ਜੱਸੀ ਖੰਗੂੜਾ ਕਿਲ੍ਹਾ ਰਾਏਪੁਰ ਤੋਂ ਵਿਧਾਇਕ ਰਹਿ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਖੰਗੂੜਾ ਭਾਜਪਾ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ‘ਚ ਜਾ ਸਕਦੇ ਹਨ।

ਪਾਰਟੀ ਮੁਖੀ ਸੋਨੀਆ ਗਾਂਧੀ ਨੂੰ ਭੇਜੇ ਗਏ ਆਪਣੇ ਅਸਤੀਫ਼ੇ ‘ਚ ਖੰਗੂੜਾ ਨੇ ਲਿਖਿਆ ਕਿ ਉਹ ਭਾਰੀ ਮਨ ਨਾਲ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਨ। ਪਾਰਟੀ ‘ਚ ਉਨ੍ਹਾਂ ਲਈ ਇਕ ਮੁੱਲਵਾਨ ਤੇ ਭਾਵੁਕ 20 ਸਾਲ ਦੀ ਯਾਤਰਾ ਰਹੀ। ਵਿਧਾਇਕ ਵਜੋਂ ਉਨ੍ਹਾਂ ਨੇ ਵਿਕਾਸ ਅਤੇ ਸ਼ਾਸਨ ਦੇ ਮੁੱਦਿਆਂ ਬਾਰੇ ਬਹੁਤ ਕੁਝ ਸਿੱਖਿਆ।

ਖੰਗੂੜਾ 2007 ਤੋਂ 2012 ਤਕ ਪੰਜਾਬ ਦੇ ਕਿਲਾ ਰਾਏਪੁਰ ਹਲਕੇ ਤੋਂ ਵਿਧਾਇਕ ਰਹੇ। ਉਹ ਸਾਬਕਾ ਬ੍ਰਿਟਿਸ਼ ਨਾਗਰਿਕ ਹਨ ਤੇ 2006 ਵਿੱਚ ਭਾਰਤ ਵਾਪਸ ਆਏ ਸੀ। ਉਨ੍ਹਾਂ ਦੇ ਪਿਤਾ ਜਗਪਾਲ ਸਿੰਘ ਖੰਗੂੜਾ ਵੀ ਕਾਂਗਰਸ ਨਾਲ ਜੁੜੇ ਰਹੇ। ਉਨ੍ਹਾਂ ਦਾ ਵਿਆਹ ਕਾਂਗਰਸੀ ਆਗੂ ਗੁਰਿੰਦਰ ਸਿੰਘ ਕੈਰੋਂ ਦੀ ਪੁੱਤਰੀ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਪੋਤੀ ਰਮਨ ਨਾਲ ਹੋਇਆ ਸੀ।

Share This :

Leave a Reply