Punjab Election 2022 : ਕਾਂਗਰਸ ਦੀ ਸੂਚੀ ‘ਚ ਕੈਪਟਨ ਦੇ ਨਜ਼ਦੀਕੀ ਵੀ ਐਡਜਸਟ, ਨੁਕਸਾਨ ਤੋਂ ਬਚਣ ਲਈ ਪੁਰਾਣੇ ਚਿਹਰੇ ਦੁਹਰਾਏ

ਜਲੰਧਰ, ਮੀਡੀਆ ਬਿਊਰੋ:

ਵਿਧਾਨ ਸਭਾ ਚੋਣਾਂ ‘ਚ ਬਹੁਤੇ ਮੌਜੂਦਾ ਵਿਧਾਇਕਾਂ ਨੂੰ ਮੁੜ ਟਿਕਟਾਂ ਦੇਣੀਆਂ ਤੇ ਰਵਾਇਤ ਦੇ ਉਲਟ ਨਾਮਜ਼ਦਗੀਆਂ ਸ਼ੁਰੂ ਹੋਣ ਤੋਂ ਪਹਿਲਾਂ ਉਮੀਦਵਾਰਾਂ ਦੀ ਸੂਚੀ ਜਾਰੀ ਕਰਨਾ ਕਾਂਗਰਸ ਦੀ ਡੈਮੇਜ ਕੰਟਰੋਲ ਨੀਤੀ ਦਾ ਹਿੱਸਾ ਜਾਪਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਨਾਲ ਨੇੜਲੇ ਸਬੰਧਾਂ ਕਾਰਨ ਕਾਂਗਰਸ ਹਾਈਕਮਾਂਡ ਨੂੰ ਇਹ ਖਦਸ਼ਾ ਸੀ ਕਿ ਜੇਕਰ ਉਮੀਦਵਾਰਾਂ ‘ਚ ਭਾਰੀ ਫੇਰਬਦਲ ਕੀਤਾ ਗਿਆ ਤਾਂ ਟਿਕਟਾਂ ਦੀ ਭਾਲ ‘ਚ ਵੱਡੀ ਗਿਣਤੀ ਵਿੱਚ ਲੋਕ ਕਾਂਗਰਸ ਛੱਡ ਕੇ ਜਾ ਸਕਦੇ ਹਨ। ਜੇਕਰ ਅਜਿਹਾ ਹੁੰਦਾ ਤਾਂ ਇਸ ਦਾ ਸਿੱਧਾ ਫਾਇਦਾ ਭਾਜਪਾ ਨੂੰ ਹੋਣਾ ਸੀ। ਦੱਸ ਦੇਈਏ ਕਿ ਸ਼ਨਿਚਰਵਾਰ ਨੂੰ ਕਾਂਗਰਸ ਨੇ ਸੂਬੇ ਦੀਆਂ 117 ਸੀਟਾਂ ‘ਚੋਂ 86 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।

ਕਾਂਗਰਸ ਦੇ ਡਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਾਰਟੀ ਅੰਦਰਲੀ ਬਗਾਵਤ ਨੂੰ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਦੇ ਖਾਸਮਖਾਸ ਰਹੇ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਮੁੜ ਟਿਕਟਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ ਕਈ ਅਜਿਹੇ ਮੰਤਰੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਕਈ ਦੋਸ਼ਾਂ ਕਾਰਨ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫਾ ਦੇਣ ਤੋਂ ਬਾਅਦ ਮੰਤਰੀ ਮੰਡਲ ‘ਚੇ ਚਲਦਾ ਕਰ ਦਿੱਤਾ ਗਿਆ ਸੀ।

ਕਾਂਗਰਸੀ ਦਿੱਗਜ ਇਹ ਵੀ ਦਲੀਲ ਦੇ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਖ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਕਈ ਪਾਵਰ ਸੈਂਟਰ ਬਣ ਗਏ ਸਨ। ਇਹੀ ਕਾਰਨ ਸੀ ਕਿ ਕਾਂਗਰਸ ਹਾਈਕਮਾਂਡ ਦੇ ਸਾਹਮਣੇ ਪੰਜਾਬ ਦੇ ਕਈ ਦਿੱਗਜ ਆਗੂ ਉਮੀਦਵਾਰਾਂ ਦੀ ਸੂਚੀ ਨੂੰ ਲੈ ਕੇ ਆਪਸ ‘ਚ ਭਿੜ ਗਏ ਅਤੇ ਫਿਰ ਉਮੀਦਵਾਰਾਂ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ। ਇਹੀ ਕਾਰਨ ਸੀ ਕਿ ਕਾਂਗਰਸ ਹਾਈਕਮਾਂਡ ਉਮੀਦਵਾਰਾਂ ‘ਚ ਵੱਡੇ ਫੇਰਬਦਲ ਤੋਂ ਬਚ ਗਈ। ਸਿਰਫ਼ ਕੁਝ ਸੀਟਾਂ ‘ਤੇ ਹੀ ਉਮੀਦਵਾਰ ਬਦਲੇ ਗਏ ਹਨ।

ਕੁਝ ਸੀਨੀਅਰ ਕਾਂਗਰਸੀ ਆਗੂਆਂ ਦੀ ਦਲੀਲ ਹੈ ਕਿ ਹਾਈਕਮਾਂਡ ਨੇ ਨੁਕਸਾਨ ਤੋਂ ਬਚਣ ਲਈ ਵਿਨੇਬਿਲਟੀ ਫੈਕਟਰ ਨੂੰ ਵੀ ਨਜ਼ਰਅੰਦਾਜ਼ ਕੀਤਾ ਹੈ। ਕੁਝ ਮੌਜੂਦਾ ਵਿਧਾਇਕਾਂ ‘ਤੇ ਭਰੋਸਾ ਬਹਾਲ ਕਰਨਾ ਵੀ ਕਾਂਗਰਸ ਲਈ ਨੁਕਸਾਨਦੇਹ ਹੋ ਸਕਦਾ ਹੈ। ਕਾਰਨ ਇਹ ਹੈ ਕਿ ਪਾਰਟੀ ਦੇ ਕੁਝ ਮੌਜੂਦਾ ਵਿਧਾਇਕਾਂ ਵੱਲੋਂ ਆਪਣੇ ਹਲਕਿਆਂ ‘ਚ ਵਿਕਾਸ ਨਾ ਕਰਵਾਉਣਾ, ਲੋਕਾਂ ਦੇ ਕੰਮ ਨਾ ਹੋਣਾ ਅਤੇ ਹੋਰ ਕਈ ਕਾਰਨਾਂ ਕਰਕੇ ਅਜਿਹੇ ਵਿਧਾਇਕਾਂ ਨੂੰ ਆਪਣੇ ਹਲਕਿਆਂ ਵਿੱਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਪੰਜ ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਦੱਸਣ ਲਈ ਉਨ੍ਹਾਂ ਕੋਲ ਕੁਝ ਖਾਸ ਨਹੀਂ ਹੈ। ਉਂਝ ਕਾਂਗਰਸ ਹਾਈਕਮਾਂਡ ਦਾ ਨੁਕਸਾਨ ਰੋਕਣ ਦਾ ਇਹ ਫਾਰਮੂਲਾ ਚੋਣ ਨਤੀਜੇ ਦੇਣ ਵਿਚ ਕਿੰਨਾ ਕੁ ਕਾਮਯਾਬ ਹੋਵੇਗਾ, ਇਸ ਬਾਰੇ ਹਾਲੇ ਕੁਝ ਤੈਅ ਨਹੀਂ ਹੋਇਆ ਹੈ ਪਰ ਹੁਣ ਕਾਂਗਰਸ ਦੀ ਦੂਜੀ ਸੂਚੀ ਦਾ ਇੰਤਜ਼ਾਰ ਹੈ।

Share This :

Leave a Reply