ਚੰਡੀਗੜ੍ਹ, ਮੀਡੀਆ ਬਿਊਰੋ:
ਪੰਜਾਬ ਕਾਂਗਰਸ ਦਾ ਨਵਾਂ ‘ਕੈਪਟਨ’ ਕੌਣ ਹੋਵੇਗਾ? ਇਸ ਨੂੰ ਲੈ ਕੇ ਇੰਤਜ਼ਾਰ ਦੀਆਂ ਘਡ਼ੀਆਂ ਇਸ ਹਫ਼ਤੇ ਖ਼ਤਮ ਹੋ ਸਕਦੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਅਗਲੇ ਤਿੰਨ ਤੋਂ ਚਾਰ ਦਿਨਾਂ ਵਿਚ ਕਾਂਗਰਸ ਵਿਧਾਇਕ ਦਲ ਦਾ ਨੇਤਾ ਤੇ ਕਾਂਗਰਸ ਪ੍ਰਦੇਸ਼ ਪ੍ਰਧਾਨ ਨੂੰ ਲੈ ਕੇ ਆਖ਼ਰੀ ਫ਼ੈਸਲਾ ਲੈ ਲਵੇਗੀ।
ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਲਈ ਇਹ ਫ਼ੈਸਲਾ ਲੈਣਾ ਸੌਖਾ ਨਹੀਂ ਹੈ। ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇਸ਼ ਵਿਚ ਕਾਂਗਰਸ ਦਾ ਬਦਲ ਬਣ ਕੇ ਉਭਰ ਰਹੀ ਹੈ, ਅਜਿਹੇ ਵਿਚ ਕਾਂਗਰਸ ਨੂੰ ਇਹ ਚਿੰਤਾ ਸਤਾਉਣ ਲੱਗੀ ਹੈ ਕਿ ਜੇਕਰ ਉਸ ਨੇ ਆਪਣੇ ਭਵਿੱਖ ਨੂੰ ਸੰਵਾਰਨਾ ਹੈ ਤਾਂ ਸੋਚ ਸਮਝ ਕੇ ਕਦਮ ਚੁੱਕਣੇ ਹੋਣਗੇ। ਇਹੀ ਕਾਰਨ ਹੈ ਕਿ ਬਹੁਤ ਦਬਾਅ ਦੇ ਬਾਵਜੂਦ ਕਾਂਗਰਸ ਹਾਲੇ ਤਕ ਫ਼ੈਸਲਾ ਨਹੀਂ ਲੈ ਸਕੀ ਹੈ ਕਿਉਂਕਿ ਪੰਜਾਬ ਹੀ ਇਕੋ ਇਕ ਅਜਿਹਾ ਸੂਬਾ ਹੈ, ਜਿੱਥੇ ਕਾਂਗਰਸ ਨੂੰ ਦੁਬਾਰਾ ਸੱਤਾ ਵਿਚ ਆਉਣ ਦੀ ਉਮੀਦ ਸੀ ਪਰ ਆਪਣੀਆਂ ਗਲਤੀਆਂ ਹੀ ਕਾਂਗਰਸ ਨੂੰ ਲੈ ਡੁੱਬੀਆਂ।
ਪ੍ਰਦੇਸ਼ ਪ੍ਰਧਾਨਗੀ ਨੂੰ ਲੈ ਕੇ ਲਗਾਤਾਰ ਸ਼ਕਤੀ ਪ੍ਰਦਰਸ਼ਨ ਕਰ ਰਹੇ ਨਵਜੋਤ ਸਿੰਘ ਸਿੱਧੂ ’ਤੇ ਵੀ ਪਾਰਟੀ ਦੀ ਨਜ਼ਰ ਹੈ। ਹਾਲਾਂਕਿ ਸਿੱਧੂ ਦੇ ਸ਼ਕਤੀ ਪ੍ਰਦਰਸ਼ਨ ਵਿਚ 10 ਤੋਂ 12 ਚਿਹਰੇ ਹਨ, ਜਿਹਡ਼ੇ ਹਰੇਕ ਮੀਟਿੰਗ ਵਿਚ ਉਨ੍ਹਾਂ ਨਾਲ ਮੌਜੂਦ ਰਹਿੰਦੇ ਹਨ, ਇਸ ਦੇ ਬਾਵਜੂਦ ਪਾਰਟੀ ਦੀ ਲਗਾਤਾਰ ਸਿੱਧੂ ’ਤੇ ਨਜ਼ਰ ਬਣਾ ਕੇ ਰੱਖ ਰਹੀ ਹੈ। ਇਸ ਦੇ ਨਾਲ ਹੀ ਪਾਰਟੀ ਹਾਈ ਕਮਾਨ ’ਤੇ ਇਹ ਵੀ ਦਬਾਅ ਹੈ ਕਿ ਪ੍ਰਦੇਸ਼ ਪ੍ਰਧਾਨ ਟਕਸਾਲੀ ਕਾਂਗਰਸੀ ਹੋਣਾ ਚਾਹੀਦਾ। ਉੱਧਰ, ਅਹਿਮ ਪਹਿਲੂ ਇਹ ਹੈ ਕਿ ਤਿੰਨ ਵਿਧਾਇਕ ਨੇਤਾ ਵਿਰੋਧੀ ਧਿਰ ਦੀ ਦੌਡ਼ ਵਿਚ ਸ਼ਾਮਲ ਹਨ, ਜਿਨ੍ਹਾਂ ਵਿਚ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਪਰਗਟ ਸਿੰਘ। ਬਾਜਵਾ ਦੀ ਨਜ਼ਰ ਨੇਤਾ ਵਿਰੋਧੀ ਧਿਰ ਬਣਨ ’ਤੇ ਹੈ ਜਦਕਿ ਸੁਖਜਿੰਦਰ ਰੰਧਾਵਾ ਪ੍ਰਦੇਸ਼ ਪ੍ਰਧਾਨ ਬਣਨ ਵਿਚ ਜ਼ਿਆਦਾ ਰੁਚੀ ਰੱਖਦੇ ਹਨ। ਪਰਗਟ ਸਿੰਘ ਦੋਵਾਂ ਹੀ ਭੂਮਿਕਾਵਾਂ ਵਿਚ ਫਿਟ ਨਜ਼ਰ ਆ ਰਹੇ ਹਨ। ਅਮਰਿੰਦਰ ਸਿੰਘ ਰਾਜਾ ਵਡ਼ਿੰਗ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਪ੍ਰਦੇਸ਼ ਪ੍ਰਧਾਨ ਬਣਨ ਦੀ ਦੌਡ਼ ਵਿਚ ਸ਼ਾਮਲ ਹਨ।
ਕਾਂਗਰਸ ਲਈ ਇਕ ਚਿੰਤਾ ਇਹ ਵੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਵਿਚੋਂ ਕਿਸੇ ਇਕ ਨੂੰ ਹੀ ਚੁਣਨਾ ਹੋਵੇਗਾ ਕਿਉਂਕਿ ਦੋਵੇਂ ਹੀ ਮਾਝਾ ਖੇਤਰ ਵਿਚੋਂ ਆਉਂਦੇ ਹਨ। ਜੇਕਰ ਇਕ ਨੂੰ ਪ੍ਰਦੇਸ਼ ਦੀ ਕਮਾਨ ਅਤੇ ਇਕ ਨੂੰ ਨੇਤਾ ਵਿਰੋਧੀ ਧਿਰ ਦਾ ਦਰਜਾ ਦਿੱਤਾ ਤਾਂ ਉਸ ਨਾਲ ਮਾਲਵਾ ਅਤੇ ਦੁਆਬਾ ਖੇਤਰ ਦੇ ਨੇਤਾਵਾਂ ’ਤੇ ਚੰਗਾ ਅਸਰ ਨਹੀਂ ਪਵੇਗਾ। ਪਾਰਟੀ ਦੇ ਉੱਚ ਪੱਧਰੀ ਸੂਤਰ ਦੱਸਦੇ ਹਨ ਕਿ ਪ੍ਰਦੇਸ਼ ਪ੍ਰਧਾਨ ਅਤੇ ਨੇਤਾ ਵਿਰੋਧੀ ਧਿਰ ਦੀ ਚੋਣ ਵਿਚ ਹੁਣ ਕਾਂਗਰਸ ਜ਼ਿਆਦਾ ਸਮਾਂ ਨਹੀਂ ਲਗਾਉਣ ਵਾਲੀ ਹੈ।