ਖੰਨਾ, 13 ਸਤੰਬਰ (ਪਰਮਜੀਤ ਸਿੰਘ ਧੀਮਾਨ) – ਅੱਜ ਭਾਰਤੀ ਜਨਤਾ ਪਾਰਟੀ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਕਾਂਗਰਸ ਪਾਰਟੀ ਦੇ ਕੱਦਵਾਰ ਆਗੂ ਤੇ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ ਦੇ ਭਤੀਜੇ ਤੇ ਪੰਜਾਬ ਕਾਂਗਰਸ ਦੇ ਜੁਆਇੰਟ ਸਕੱਤਰ, ਕਾਂਗਰਸ ਦੀ ਚੋਣ ਕਮੇਟੀ ਦੇ ਮੈਂਬਰ ਨਿਰਮਲ ਸਿੰਘ ਦੂਲੋਂ ਆਪਣੇ ਸਾਥੀਆਂ ਸਮੇਤ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ ਤੇ ਰਾਜੇਸ਼ ਬਾਘਾ ਅਤੇ ਹਰਜੀਤ ਸਿੰਘ ਗਰੇਵਾਲ ਦੀ ਹਾਜ਼ਰੀ ਵਿਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ।
ਪੰਜਾਬ ਭਾਜਪਾ ਕਾਰਜਕਾਰਨੀ ਦੇ ਮੈਂਬਰ ਤੇ ਨਗਰ ਸੁਧਾਰ ਟਰੱਸਟ ਖੰਨਾ ਦੇ ਸਾਬਕਾ ਚੇਅਰਮੈਨ ਰਾਜੇਸ਼ ਡਾਲੀ ਤੇ ਖੰਨਾ ਜ਼ਿਲਾ ਪ੍ਰਧਾਨ ਰਜਨੀਸ਼ ਬੇਦੀ ਦੇ ਯਤਨਾਂ ਨਾਲ ਨਿਰਮਲ ਸਿੰਘ ਦੂਲੋਂ ਨੇ ਆਪਣੇ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ ਹੁੰਦੇ ਹੋਏ ਕਿਹਾ ਕਿ ਪੰਜਾਬ ਕਾਂਗਰਸ ਵਿਚ ਪਾਰਟੀ ਵਰਕਰਾਂ ਦੀ ਕੋਈ ਕਦਰ ਨਹੀਂ, ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਚੋਣਾਂ ਦੋਰਾਨ ਕੀਤਾ ਇਕ ਵੀ ਵਾਅਦਾ ਪੂੁਰਾ ਨਹੀਂ ਕੀਤਾ ਗਿਆ ਅਤੇ ਕੁੱਝ ਘਰਾਣੇ ਹੀ ਪਾਰਟੀ ‘ਤੇ ਕਾਬਜ਼ ਹਨ। ਉਹ ਭਾਜਪਾ ਦੇ ਅਨੁਸ਼ਾਸ਼ਨ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਲ ਹੋਏ ਹਨ ਅਤੇ ਪਾਰਟੀ ਵੱਲੋਂ ਜੋ ਵੀ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਜਾਵੇਗੀ ਉਹ ਤਨਦੇਹੀ ਤੇ ਇਮਾਨਦਾਰੀ ਨਾਲ ਆਪਣੀ ਡਿਉਟੀ ਨਿਭਾਉਣਗੇ ਤੇ ਭਾਜਪਾ ਦੀਆਂ ਨੀਤੀਆਂ ਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਘਰਘਰ ਪੁਹੰਚਾਉਣਗੇ।
ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲਾ ਪ੍ਰਧਾਨ ਰਜਨੀਸ਼ ਬੇਦੀ ਨੇ ਕਿਹਾ ਕਿ ਪਾਰਟੀ ਵਿਸਤਾਰ ਲਈ ਅਰੰਭੀ ਮੁਹਿੰਮ ਤਹਿਤ ਲੋਕਾਂ ਨੂੰ ਭਾਜਪਾ ਨਾਲ ਜੋੜਿਆ ਜਾ ਰਿਹਾ ਹੈ ਅਤੇ ਭਵਿੱਖ ਵਿਚ ਵੀ ਖੰਨਾ ਜ਼ਿਲੇ ਵਿਚ ਪਾਰਟੀ ਦੀ ਮਜਬੂੁਤੀ ਲਈ ਹੋਰ ਵੱਡੀ ਗਿਣਤੀ ਲੋਕ ਭਾਜਪਾ ਦੀਆਂ ਨੀਤੀਆਂ ਤੇ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜਣ ਲਈ ਤਿਆਰ ਬੈਠੇ ਹਨ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਰਮਰੀਸ਼ ਵਿਜ, ਰਾਜੇਸ਼ ਲਹਿਲ, ਰਮੇਸ਼ ਸ਼ਰਮਾ, ਮੋਹਿਤ ਬਾਂਸਲ ਅਤੇ ਪਵਨ ਸਿੰਗਲਾ ਆਦਿ ਹਾਜ਼ਰ ਸਨ।
ਫੋਟੋ : 13 ਸਤੰਬਰ 2021 ਖੰਨਾ ਨੰਬਰ 01