ਚੰਡੀਗੜ੍ਹ, ਮੀਡੀਆ ਬਿਊਰੋ:
ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ 34 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਇਸ ਸੂਚੀ ਨੂੰ ਵੇਖਣ ’ਤੇ ਸਾਫ਼ ਲੱਗ ਰਿਹਾ ਹੈ ਕਿ ਪਾਰਟੀ ਨੇ ਆਪਣੇ ਕਾਡਰ ’ਤੇ ਭਰੋਸਾ ਕਰਨ ਦੀ ਬਜਾਏ ਦੂਜੀਆਂ ਪਾਰਟੀਆਂ ਤੋਂ ਆਉਣ ਵਾਲਿਆਂ ਨੂੰ ਹੀ ਪਹਿਲ ਦਿੱਤੀ ਹੈ। ਖ਼ਾਸ ਤੌਰ ’ਤੇ ਗੜ੍ਹਸ਼ੰਕਰ ਅਤੇ ਫਿਰੋਜ਼ਪੁਰ ਸ਼ਹਿਰੀ ਅਜਿਹੀਆਂ ਦੋ ਸੀਟਾਂ ਹਨ, ਜਿੱਥੋਂ ਦੋ ਨੇਤਾ ਪਾਰਟੀ ਦੇ ਸੂਬਾਈ ਪ੍ਰਧਾਨ ਬਣੇ ਹਨ। ਗੜ੍ਹਸ਼ੰਕਰ ਤੋਂ ਅਵਿਨਾਸ਼ ਰਾਹੇ ਖੰਨਾ ਚੋਣ ਜਿੱਤੇ ਸਨ ਅਤੇ ਬਾਅਦ ’ਚ ਪਾਰਟੀ ਦੇ ਪ੍ਰਧਾਨ ਬਣੇ। ਫਿਰੋਜ਼ਪੁਰ ਸ਼ਹਿਰੀ ਤੋਂ ਕਮਲ ਸ਼ਰਮਾ ਵੀ ਪਾਰਟੀ ਦੇ ਪ੍ਰਧਾਨ ਰਹੇ ਸਨ ਜਿਨ੍ਹਾਂ ਦਾ ਦੋ ਸਾਲ ਪਹਿਲਾਂ ਦੇਹਾਂਤ ਹੋ ਗਿਆ।
ਫਿਰੋਜ਼ਪੁਰ ਸ਼ਹਿਰੀ, ਗੜ੍ਹਸ਼ੰਕਰ ਵਰਗੀਆਂ ਸੀਟਾਂ ’ਤੇ ਵੀ ਪਾਰਟੀ ਕਾਡਰ ਤੋਂ ਨਹੀਂ ਦੇ ਸਕੀ ਉਮੀਦਵਾਰ
ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਸੀਟਾਂ ’ਤੇ ਪਾਰਟੀ ਕੋਲ ਲੜਨ ਲਈ ਕੋਈ ਉਮੀਦਵਾਰ ਨਹੀਂ ਸੀ। ਦਿਲਚਸਪ ਗੱਲ ਇਹ ਹੈ ਕਿ ਪਹਿਲੀ ਸੂਚੀ ’ਚ ਪਾਰਟੀ ਨੇ ਆਪਣੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਭਾਜਪਾ ਦੇ ਸਭ ਤੋਂ ਸੀਨੀਅਰ ਨੇਤਾ ਮਦਨ ਮੋਹਨ ਮਿੱਤਲ ਨੂੰ ਵੀ ਜਗ੍ਹਾ ਨਹੀਂ ਦਿੱਤੀ।
ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਪ ਤੋਂ ਆਏ ਆਗੂਆਂ ਨੂੰ ਜ਼ਿਆਦਾ ਗਿਣਤੀ ’ਚ ਦਿੱਤੀ ਟਿਕਟ
ਫਿਰੋਜ਼ਪੁਰ ਸ਼ਹਿਰੀ ਅਤੇ ਗੜ੍ਹਸ਼ੰਕਰ ਤੋਂ ਪਾਰਟੀ ਨੇ ਕਾਂਗਰਸ ਤੋਂ ਆਏ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ। ਫਿਰੋਜ਼ਪੁਰ ਤੋਂ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਗੜ੍ਹਸ਼ੰਕਰ ਤੋਂ ਨਿਮਿਸ਼ਾ ਮਹਿਤਾ ਨੂੰ ਟਿਕਟ ਦਿੱਤੀ ਗਈ ਹੈ। ਸੰਗਰੂਰ ਤੋਂ ਵੀ ਪਾਰਟੀ ਨੇ ਕਾਂਗਰਸ ਦੇ ਸਾਬਕਾ ਨੇਤਾ ਅਤੇ ਵਿਧਾਇਕ ਅਰਵਿੰਦ ਖੰਨਾ ਨੂੰ ਟਿਕਟ ਦਿੱਤੀ ਹੈ।
ਇਸੇ ਤਰ੍ਹਾਂ ਪਾਰਟੀ ਨੇ ਆਪਣੇ ਪੁਰਾਣੇ ਗਠਜੋੜ ਸਾਥੀ ਸ਼੍ਰੋਮਣੀ ਅਕਾਲੀ ਤੋਂ ਆਏ ਦੀਦਾਰ ਸਿੰਘ ਭੱਟੀ ਨੂੰ ਫਤਹਿਗੜ੍ਹ ਸਾਹਿਬ ਤੋਂ, ਮੋਹਨ ਲਾਲ ਬੰਗਾ ਨੂੰ ਬੰਗਾ ਤੋਂ, ਕੰਵਰਬੀਰ ਸਿੰਘ ਟੌਹੜਾ ਨੂੰ ਅਮਲੋ ਤੋਂ, ਰੁਪਿੰਦਰ ਸਿੰਘ ਸਿੱਧੂ ਨੂੰ ਭੁੱਚੋ ਮੰਡੀ ਤੋਂ ਅਤੇ ਰਵੀਪ੍ਰੀਤ ਸਿੰਘ ਸਿੱਧੂ ਨੂੰ ਤਲਵੰਡੀ ਸਾਬੋ ਤੋਂ ਅਤੇ ਰਣਜੀਤ ਸਿੰਘ ਖੋਜੇਵਾਲਾ ਨੂੰ ਕਪੂਰਥਲਾ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਤੋਂ ਆਏ ਗੁਰਪ੍ਰੀਤ ਸਿੰਘ ਭੱਟੀ ਨੂੰ ਖੰਨਾ ਤੋਂ ਟਿਕਟ ਦਿੱਤੀ ਗਈ ਹੈ, ਜੋ ਦੀਦਾਰ ਸਿੰਘ ਭੱਟੀ, ਜਿਨ੍ਹਾ ਨੂੰ ਫਤਹਿਗੜ੍ਹ ਸਾਹਿਬ ਤੋਂ ਟਿਕਟ ਦਿੱਤੀ ਗਈ ਹੈ, ਦੇ ਭਤੀਜੇ ਹਨ।
ਸਿਰਫ਼ ਦੋ ਔਰਤਾਂ ਨੂੰ ਹੀ ਮਿਲੀ ਟਿਕਟ, ਦੋ ਸਾਬਕਾ ਬਿਊਰੋਕ੍ਰੇਟਸ ਵੀ ਟਿਕਟ ਲੈਣ ’ਚ ਰਹੇ ਕਾਮਯਾਬ
ਦੋ ਸਾਬਕਾ ਬਿਊਰੋਕ੍ਰੇਟਸ ਨੂੰ ਵੀ ਟਿਕਟ ਦਿੱਤੀ ਗਈ ਹੈ। ਗਿੱਲ ਸੀਟ ਤੋ ਪਾਰਟੀ ਨੇ ਸਾਬਕਾ ਆਈਏਐੱਸ ਐੱਸਆਰ ਲੱਧੜ ਨੂੰ ਟਿਕਟ ਦਿੱਤੀ ਹੈ, ਜਦੋਂਕਿ ਸਾਬਕਾ ਆਈਪੀਐੱਸ ਅਸ਼ੋਕ ਬਾਠ ਨੂੰ ਬਲਾਚੌਰ ਤੋਂ ਟਿਕਟ ਦਿੱਤੀ ਗਈ ਹੈ। ਪਾਰਟੀ ਵੀ ਫਿਲਹਾਲ ਔਰਤਾਂ ’ਤੇ ਜ਼ਿਆਦਾ ਭਰੋਸਾ ਨਹੀਂ ਪ੍ਰਗਟਾ ਸਕੀ। ਦੀਨਾਨਗਰ ਤੋਂ ਰੇਣੂ ਕਸ਼ਿਅਪ ਅਤੇ ਨਿਮਿਸ਼ਾ ਮਹਿਤਾ ਨੂੰ ਟਿਕਟ ਦਿੱਤੀ ਹੈ।