ਪੰਜਾਬ ਹੋਇਆ ਕਾਂਗਰਸ ਮੁਕਤ

ਪਟਿਆਲਾ, ਮੀਡੀਆ ਬਿਊਰੋ:

ਪੰਜਾਬ ਦੀ ਸੱਤਾ ਵਿਚ ਸਭ ਤੋਂ ਵੱਧ ਸਮਾਂ ਰਾਜ ਕਰਨ ਵਾਲੀ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ 2022 ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ ਨੇ ਇਸ ਦਾ ਭਵਿੱਖ ਵੀ ਖ਼ਤਰੇ ਵਿਚ ਪਾ ਦਿੱਤਾ ਹੈ। 2017 ਦੀਆਂ ਚੋਣਾਂ ’ਚ 77 ਸੀਟਾਂ ਦਾ ਜਾਦੂਈ ਅੰਕਡ਼ਾ ਛੋਹਣ ਵਾਲੀ ਕਾਂਗਰਸ ਦਾ ਏਨਾ ਮਾਡ਼ਾ ਹਾਲ ਹੋਵੇਗਾ, ਇਹ ਕਿਸੇ ਨੇ ਸੁਪਨੇ ’ਚ ਵੀ ਨਹੀਂ ਸੋਚਿਆ ਹੋਣਾ। ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਹੁਣ ਤਕ ਪੰਜਾਬ ਵਿਚ 14 ਮੁੱਖ ਮੰਤਰੀ ਬਣੇ ਹਨ, ਜਿਨ੍ਹਾਂ ਨੇ ਸੂਬੇ ਦੀ ਸੱਤਾ ’ਤੇ ਲਗਪਗ 16 ਹਜ਼ਾਰ 668 ਦਿਨ ਰਾਜ ਕੀਤਾ ਜਦੋਂਕਿ ਸ਼ੋ੍ਰਮਣੀ ਅਕਾਲੀ ਦਲ ਦੇ ਹੁਣ ਤਕ ਸਿਰਫ਼ ਤਿੰਨ ਮੁੱਖ ਮੰਤਰੀ ਰਹੇ ਤੇ ਕਰੀਬ 7977 ਦਿਨਾਂ ਤਕ ਰਾਜ ਕੀਤਾ ਹੈ।

ਕਰੀਬ ਸਾਢੇ 45 ਸਾਲ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਸਾਲ 2022 ਵਿਚ ਵੱਡਾ ਝਟਕਾ ਲੱਗਿਆ ਹੈ। ਜਿਸ ਦਾ ਮੁੱਖ ਕਾਰਨ ਕੈਪਟਨ ਅਮਰਿੰਦਰ ਸਿੰਘ ਦਾ ਪਾਰਟੀ ਨੂੰ ਛੱਡਣਾ, ਪਾਰਟੀ ਵਿਚ ਪਾਟੋ ਧਾਡ਼ ਤੇ ਪਰਿਵਾਰਵਾਦ ਮੰਨਿਆ ਜਾ ਰਿਹਾ ਹੈ। ਕੈਪਟਨ ਦੇ ਕਾਂਗਰਸ ਵਿੱਚੋਂ ਜਾਣ ਤੋਂ ਬਾਅਦ ਪਾਰਟੀ ਵਿਚ ਅਨੁਸ਼ਾਸਹੀਣਤਾ ਦੇ ਨਾਲ ਆਪਸੀ ਖਿੱਚੋਤਾਣ ਵੀ ਵਧੀ ਹੈ। ਵਿਧਾਨ ਸਭਾ ਚੋਣ 2022 ਕਾਂਗਰਸ ਪਾਰਟੀ ਦੇ ਘਾਗ ਨੇਤਾਵਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਰਹੇ ਚਰਨਜੀਤ ਸਿੰਘ ਚੰਨੀ ਦੋ ਸੀਟਾਂ ਤੋਂ ਲਡ਼ਨ ਦੇ ਬਾਵਜੂਦ ਹਾਰ ਗਏ ਤੇ ਉਹ ਵੀ ਬਹੁਤ ਹੀ ਵੱਡੇ ਫ਼ਕਰ ਨਾਲ। ਇਸ ਦੇ ਨਾਲ ਹੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਕੈਬਨਿਟ ਮੰਤਰੀ ਰਹੇ ਓ.ਪੀ ਸੋਨੀ, ਭਾਰਤ ਭੂਸ਼ਣ ਆਸ਼ੂ, ਵਿਜੇਇੰਦਰ ਸਿੰਗਲਾ, ਸਾਧੂ ਸਿੰਘ ਧਰਮਸੋਤ, ਮਨਪ੍ਰੀਤ ਬਾਦਲ, ਕਾਕਾ ਰਣਦੀਪ ਸਿੰਘ, ਸ਼ਾਮ ਸੁੰਦਰ ਅਰੋਡ਼ਾ, ਰਜੀਆ ਸੁਲਤਾਨਾ ਸਮੇਤ ਪਾਰਟੀ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਵਰਗੇ ਘਾਗ ਨੇਤਾਵਾਂ ਨੂੰ ਵੀ ਮੂੰਹ ਦੀ ਖਾਣੀ ਪਈ ਹੈ।

ਕੈਪਟਨ ਹੀ ਬਣੇ ਰਹੇ ਕਾਂਗਰਸ

ਸਾਲ 2002 ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ’ਚ ਕਾਂਗਰਸ ਵਲੋਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ। ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਲਈ ਬਹੁਤ ਮਜ਼ਬੂਤੀ ਨਾਲ ਕੰਮ ਕੀਤਾ ਤੇ ਸੂਬੇ ਦੇ ਸਾਰੇ ਕਾਂਗਰਸ ਆਗੂਆਂ ਨੂੰ ਆਪਣੇ ਪ੍ਰਭਾਵ ਅਧੀਨ ਲਿਆਂਦਾ। ਉਦੋਂ ਤੋਂ ਹੀ ਕੈਪਟਨ ਨੂੰ ਕਾਂਗਰਸ ਤੇ ਕਾਂਗਰਸ ਨੂੰ ਕੈਪਟਨ ਵਜੋਂ ਦੇਖਿਆ ਜਾਣ ਲੱਗਿਆ ਅਤੇ ਕੈਪਟਨ ਦੀ ਪਟਿਆਲਾ ਸਥਿਤ ਸ਼ਾਹੀ ੱਰਿਹਾਇਸ਼ ਮੋਤੀ ਮਹਿਲ ਸਿਆਸਤ ਦਾ ਕੇਂਦਰ ਬਣ ਗਈ।

ਮੋਤੀ ਮਹਿਲ ਤੋਂ ਕਾਂਗਰਸ ਦੀ ਹਰ ਗਤੀਵਿਧੀ ਦੀ ਰਣਨੀਤੀ ਉਲੀਕੀ ਜਾਂਦੀ ਤੇ ਸਰਕਾਰੀ ਤੰਤਰ ਵੀ ਇਥੇ ਪਾਣੀ ਭਰਨ ਲਈ ਆਉਣ ਲੱਗਿਆ। 2007 ਵਿਚ ਕਾਂਗਰਸ ਨੂੰ ਅਜਿਹੀ ਹਾਰ ਮਿਲੀ ਕਿ ਮੁਡ਼ 15 ਸਾਲ ਤਕ ਪੰਜਾਬ ਦੀ ਸੱਤਾ ਵਿਚ ਨਾ ਆ ਸਕੀ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ, ਮੋਤੀ ਮਹਿਲ ਅਤੇ ਕਾਂਗਰਸ ਦੀ ਚਮਕ ਵੀ ਫਿੱਕੀ ਪੈਣ ਲੱਗੀ। 2017 ਵਿਚ ਮੁਡ਼ ਪਾਰਟੀ ਹਾਈਕਮਾਂਡ ਵਲੋਂ ਮਿਲੀ ਹੱਲਾਸ਼ੇਰੀ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸੱਤਾ ਵਿਚ ਵਾਪਸੀ ਕੀਤੀ ਪਰ ਇਸ ਦੌਰਾਨ ਲੋਕਾਂ ਤੋਂ ਬਣਾਈ ਦੂਰੀ, ਬੇਪਰਵਾਹੀ ਤੇ ਢਿੱਲੀ ਅਗਵਾਈ ਕਾਰਨ ਪਾਰਟੀ ਵਿਚ ਤਰੇਡ਼ਾਂ ਪੈਣੀਆਂ ਸ਼ੁਰੂ ਹੋਈਆਂ।

2020 ’ਚ ਵਿਗਡ਼ਨੇ ਸ਼ੁਰੂ ਹੋਏ ਹਾਲਾਤ

ਸਾਲ 2020 ਵਿਚ ਹੀ ਕੈਪਟਨ ਅਮਰਿੰਦਰ ਸਿੰਘ ਦੀ ਬੇਡ਼ੀ ਵਿਚ ਵੱਟੇ ਪਾਉਣ ਦਾ ਕੰਮ ਉਨ੍ਹਾਂ ਦੇ ਹੀ ਵਜ਼ੀਰਾਂ ਨੇ ਸ਼ੁਰੂ ਕੀਤਾ। ਸਾਲ 2021 ਵਿਚ ਪਟਿਆਲਾ ਵਿਚ ਹੀ ਬੈਠ ਕੇ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਖ਼ਿਲਾਫ਼ ਬਗ਼ਾਵਤ ਦਾ ਅਜਿਹਾ ਝੰਡਾ ਚੁੱਕਿਆ ਕਿ ਸਾਰੇ ਵਜ਼ੀਰ ਤੇ ਹੋਰ ਆਗੂ ਵੀ ਕੈਪਟਨ ਤੋਂ ਪਾਸਾ ਵੱਟ ਗਏ। ਹਾਲਾਤ ਅਜਿਹੇ ਖ਼ਰਾਬ ਹੋਏ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮਜਬੂਰਨ ਮੁੱਖ ਮਤਰੀ ਦੀ ਕੁਰਸੀ ਛੱਡਣੀ ਪਈ। ਇੱਥੇ ਹੀ ਬਸ ਨਹੀਂ ਕਾਂਗਰਸ ਪਾਰਟੀ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀਆਂ ਨੂੰ ਅਹਿਮ ਅਹੁਦਿਆਂ ਤੋਂ ਲਾਹੁਣ ਦੀ ਮੁਹਿੰਮ ਸ਼ੁਰੂ ਕੀਤੀ ਗਈ।

ਹੁਣ ਆਪਣੀ ਸੀਟ ਵੀ ਨਾ ਬਚੀ

ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਿਆਸੀ ਭਵਿੱਖ ਸੁਰੱਖਿਅਤ ਕਰਨ ਲਈ ਨਵੀਂ ਪਾਰਟੀ ਬਣਾਉਣ ਦੇ ਨਾਲ ਕੇਂਦਰ ਦੀ ਸੱਤਾ ਵਿਚ ਮੌਜੂਦ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾਇਆ। 2022 ਵਿਧਾਨ ਸਭਾ ਚੋਣਾਂ ਵਿਚ ਕੈਪਟਨ ਨੇ ਆਪਣੇ ਸਮੇਤ ਪੰਜਾਬ ਲੋਕ ਕਾਂਗਰਸ ਪਾਰਟੀ ਦੇ 37 ਉਮੀਦਵਾਰ ਮੈਦਾਨ ਵਿਚ ਉਤਾਰੇ। ਇਨ੍ਹਾਂ ਵਿਚ ਜਿੱਥੇ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਆਪਣੀ ਜੱਦੀ ਸੀਟ ਵੀ ਨਾ ਬਚਾ ਸਕੇ, ੳੱੁਥੇ ਹੀ ਪਾਰਟੀ ਖਾਤਾ ਨਹੀਂ ਖੋਲ੍ਹ ਸਕੀ। ਲਗਾਤਾਰ ਚਾਰ ਵਾਰ ਵਿਧਾਇਕ ਰਹੇ ਕੈਪਟਨ ਲਈ ਇਹ ਬਹੁਤ ਵੱਡਾ ਝਟਕਾ ਹੈ।

Share This :

Leave a Reply