ਸ੍ਰੀ ਮੁਕਤਸਰ ਸਾਹਿਬ (ਮੀਡੀਆ ਬਿਊਰੋ): ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਪੰਜ ਫਰਵਰੀ ਨੂੰ ਫਿਰੋਜ਼ਪੁਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ’ਚ ਪੰਜਾਬ ਵਿੱਚ ਭਾਜਪਾ ਦਾ ਚੋਣ ਬਿਗਲ ਵਜ ਜਾਵੇਗਾ। ਇਹ ਪੰਜਾਬ ’ਚ ਪਹਿਲੀ ਵਾਰ ਅਜਿਹੀ ਇਤਿਹਾਸਿਕ ਰੈਲੀ ਹੋਵੇਗੀ ਜਿਹੜੀ ਸੂਬੇ ’ਚ ਅੱਜ ਤੱਕ ਕਦੇ ਨਹੀਂ ਹੋਈ। ਲੱਖਾਂ ਦੀ ਗਿਣਤੀ ’ਚ ਲੋਕ ਇਸ ਰੈਲੀ ਵਿੱਚ ਭਾਗ ਲੈਣਗੇ। ਰੈਲੀ ਲਈ ਸਾਢੇ ਤਿੰਨ ਹਜ਼ਾਰ ਬੱਸਾਂ ਦਾ ਇੰਤਜਾਮ ਕੀਤਾ ਗਿਆ ਹੈ। ਉੱਥੇ ਹੀ ਲੋਕ ਆਪਣੇ ਨਿੱਜੀ ਵਾਹਨਾਂ ਰਾਹੀਂ ਵੀ ਰੈਲੀ ’ਚ ਪੁੱਜਣਗੇ। ਪੰਜਾਬ ’ਚ ਰੈਲੀ ਲਈ ਬੱਸਾਂ ਨਹੀਂ ਮਿਲ ਰਹੀਆਂ। ਗੁਆਂਢੀ ਰਾਜਾਂ ਤੋਂ ਕਿਰਾਏ ’ਤੇ ਬੱਸਾਂ ਲਈਆਂ ਜਾ ਰਹੀਆਂ ਹਨ। ਇਸ ਰੈਲੀ ਦੇ ਬਾਅਦ ਪੰਜਾਬ ’ਚ ਭਾਜਪਾ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਦੋ ਤਿੰਨ ਦਿਨ ਤੱਕ ਨੀਂਦ ਦੀ ਗੋਲੀ ਖਾ ਕੇ ਸੌਣਾਂ ਪਵੇਗਾ। ਪੰਜਾਬ ਦੇ ਇੰਚਾਰਜ਼ ਗਜੇਂਦਰ ਸ਼ੇਖਾਵਤ ਨੇ ਇਹ ਗੱਲ ਐਤਵਾਰ ਦੀ ਸ਼ਾਮ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਹ ਇੱਥੇ ਪ੍ਰਧਾਨਮੰਤਰੀ ਦੀ ਰੈਲੀ ਨੂੰ ਲੈ ਕੇ ਜ਼ਿਲ੍ਹੇ ਦੇ ਭਾਜਪਾ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਪੁੱਜੇ ਸਨ। ਪੰਜਾਬ ਦੇ 36 ਹਜ਼ਾਰ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਫਾਇਲ ’ਤੇ ਦਸਤਖ਼ਤ ਨਾ ਲਏ ਜਾਣ ਨੂੰ ਲੈ ਕੇ ਰਾਜਪਾਲ ਦੇ ਖਿਲਾਫ ਧਰਨਾ ਦੇਣ ਦੀ ਦਿੱਤੀ ਗਈ ਪੰਜਾਬ ਦੇ ਮੰਤਰੀਆਂ ਦੀ ਚੇਤਵਾਨੀ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਹ ਕੋਰਾ ਝੂਠ ਹੈ। ਇਸ ’ਤੇ ਕੇਵਲ ਰਾਜਨੀਤੀ ਕੀਤੀ ਜਾ ਰਹੀ ਹੈ। ਪੰਜਾਬ ਦੀ ਸਰਕਾਰ ਲੋਕਾਂ ਨਾਲ ਧੋਖਾ ਕਰ ਰਹੀ ਹੈ। ਸ਼ੋ੍ਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭਾਜਪਾ ’ਚ ਸ਼ਾਮਿਲ ਹੋਣ ਵਾਲੇ ਸਿੱਖ ਨੇਤਾਵਾਂ ’ਤੇ ਸਿੱਖੀ ਨੂੰ ਦਾਗ਼ ਲਗਾਉਣ ਵਾਲੀ ਟਿੱਪਣੀ ਕਰਨ ਦੇ ਸਵਾਲ ’ਤੇ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਲੋਕਤੰਤਰ ਦੇਸ਼ ’ਚ ਇਸਤੋਂ ਹਲਕੀ ਗੱਲ ਹੋਰ ਕੀ ਹੋ ਸਕਦੀ ਹੈ। ਇਸਤੋਂ ਪਹਿਲਾਂ ਮੀਟਿੰਗ ਨੂੰ ਸੰਬੋਧਨ ਕਰਦਿਆ ਉਨ੍ਹਾਂ ਸੂਬੇ ਦੀ ਭ੍ਰਿਸ਼ਟ ਸਰਾਕਰ ਨੂੰ ਲਾਂਭੇ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਪੰਜਾਬ ’ਚ ਡਬਲ ਇੰਜਣ ਦੀ ਸਰਕਾਰ ਬਣਾਈ ਜਾਵੇਗੀ ਜਿਸ ਸਦਕਾ ਪੰਜਾਬ ਦੇ ਲੋਕਾਂ ਨੂੰ ਨਸ਼ਾ, ਰੇਤ, ਕੇਬਲ, ਭੂ ਮਾਫੀ, ਟਰਾਂਸਪੋਰਟ ਆਦਿ ਸਾਰੇ ਮਾਫੀਆ ਤੋਂ ਮੁਕਤ ਕਰਵਾਇਆ ਜਾਵੇਗਾ। ਬੇਰੁਜ਼ਗਾਰੀ ਖਤਮ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ‘ਆਪ’ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਡਰਾਮੇਬਾਜ ਦੱਸਿਆ। ਇਸ ਮੌਕੇ ਸੁਖਪਾਲ ਸਿੰਘ ਸਰਾਂ, ਗੁਰਚਰਨ ਸਿੰਘ ਸੰਧੂ, ਲੋਕਪ੍ਰਿਯਾ ਸ਼ਰਮਾ, ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਸਤੀਸ਼ ਅਸੀਜਾ, ਜੀਵਨ ਸ਼ਰਮਾ, ਅੰਗਰੇਜ਼ ਉੜਾਂਗ, ਰਾਣਾ ਕਮਰਾ, ਭੰਵਰ ਲਾਲ, ਅਨੁਰਾਗ ਸ਼ਰਮਾ, ਕੁਲਦੀਪ ਸਿੰਘ ਭੰਗੇਵਾਲਾ, ਅਰਵਿੰਦ ਪਠੇਲਾ, ਸੰਦੀਪ ਗਿਰਧਰ, ਅਸ਼ੋਕ ਸੈਨੀ, ਆਦਿ ਤੋਂ ਇਲਾਵਾ ਪੰਜਾਬ ਲੋਕ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਾ ਸਿੰਘ ਚਹਿਲ, ਸੰਯੁਕਤ ਅਕਾਲੀ ਦਲ ਦੇ ਰਾਜਿੰਦਰ ਸਿੰਘ ਰਾਜਾ ਤੋਂ ਇਲਾਵਾ ਹੋਰ ਵੀ ਆਗੁ ਹਾਜ਼ਰ ਸਨ।