Punjab Assembly Elections 2022 : ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦਾ ਲੋਕਾਂ ਨੇ ਕੀਤਾ ਵਿਰੋਧ, ਗੱਡੀ ਬਦਲ ਕੇ ਨਿਕਲੇ

ਭਵਾਨੀਗੜ੍ਹ, ਮੀਡੀਆ ਬਿਊਰੋ:

ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਸਭਨਾਂ ਪਾਰਟੀਆਂ ਦੇ ਉਮੀਦਵਾਰ ਵੋਟਰਾਂ ਨੂੰ ਆਪਣੇ ਹੱਕ ਵਿੱਚ ਭੁਗਤਣ ਲਈ ਵੱਖ-ਵੱਖ ਹੱਥਕੰਡੇ ਅਪਣਾ ਰਹੇ ਹਨ। ਅਪੀਲ ਕਰਦੇ ਨਜ਼ਰ ਆ ਰਹੇ ਹਨ ਉੱਥੇ ਹੀ ਚੋਣ ਪ੍ਰਚਾਰ ‘ਚ ਜੁੱਟੇ ਕਾਂਗਰਸ ਪਾਰਟੀ ਦੇ ਸੰਗਰੂਰ ਤੋਂਂ ਉਮੀਦਵਾਰ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਅੱਜ ਹਲਕੇ ਦੇ ਪਿੰਡ ਭੱਟੀਵਾਲ ਕਲਾਂ ‘ਚ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸਿੰਗਲਾ ਇੱਥੇ ਰਵਿਦਾਸ ਮੰਦਿਰ ਕੋਲ ਬਣੇ ਸੈਡਾਂ ’ਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸਨ ਤਾਂ ਇਸ ਦੌਰਾਨ ਵੱਡੀ ਗਿਣਤੀ ’ਚ ਇਕੱਤਰ ਹੋਏ ਪਿੰਡ ਵਾਸੀਆਂ ਨੇ ਸਿੰਗਲਾ ਦਾ ਘਿਰਾਓ ਕਰਦਿਆਂ ਹੱਥਾਂ ‘ਚ ਕਾਲੀਆਂ ਝੰਡੀਆਂ ਫੜ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਕਾਂਗਰਸ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਅਮਰਜੀਤ ਸਿੰਘ ਬੱਬੀ, ਸਿੰਦਰਪਾਲ, ਅਮਰੀਕ ਸਿੰਘ, ਲਖਵਿੰਦਰ ਸਿੰਘ, ਰਾਜਵਿੰਦਰ ਸਿੰਘ, ਗੁਰਜੀਤ ਸਿੰਘ, ਸ਼ੇਰ ਸਿੰਘ, ਗਗਨਦੀਪ ਸਿੰਘ, ਪੁਸ਼ਪਿੰਦਰ ਸਿੰਘ, ਪ੍ਰਿੰਸ ਸਿੰਘ ਆਦਿ ਨੇ ਦੋਸ਼ ਲਗਾਇਆ ਕਿ 5 ਸਾਲ ਸਰਕਾਰ ‘ਚ ਕੈਬਨਿਟ ਮੰਤਰੀ ਦੇ ਅਹੁਦੇ ‘ਤੇ ਰਹਿੰਦਿਆਂ ਸਿੰਗਲਾ ਨੇ ਉਨ੍ਹਾਂ ਦੇ ਪਿੰਡ ਨੂੰ ਵਿਕਾਸ ਕਾਰਜਾਂ ਲਈ ਕੋਈ ਵੀ ਗ੍ਰਾਂਟ ਨਹੀਂ ਦਿੱਤੀ ਤਾਂ ਹੁਣ ਕਾਂਗਰਸੀ ਮੰਤਰੀ ਵੱਲੋਂ ਕਿਹੜੇ ਮੂੰਹ ਨਾਲ ਪਿੰਡ ‘ਚੋਂ ਖੁਦ ਲਈ ਵੋਟਾਂ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੰਗਲਾ ਨੇ ਪਹਿਲਾਂ ਕਦੇ ਵੀ ਪਿੰਡ ਦਾ ਗੇੜਾ ਨਹੀਂ ਮਾਰਿਆ ਤੇ ਨਾ ਹੀ ਪਿੰਡ ਦੇ ਲੋਕਾਂ ਦੀ ਕੋਈ ਸਾਰ ਲੈਣ ਦੀ ਸੋਚੀ ਇਸ ਕਰਕੇ ਰੋਸ ਵੱਜੋੰ ਲੋਕਾਂ ਵੱਲੋੰ ਅੱਜ ਸਿੰਗਲਾ ਦਾ ਡੱਟਵਾਂ ਵਿਰੋਧ ਕੀਤਾ ਜਾ ਰਿਹਾ ਹੈ ਜੋ ਅੱਗੇ ਵੀ ਜਾਰੀ ਰਹੇਗਾ।

ਸਮਰਥਕਾਂ ਨੇ ਵੀ ਸਿੰਗਲਾ ਦੇ ਹੱਕ ‘ਚ ਲਾਏ ਨਾਅਰੇ

ਓਧਰ ਜਦੋਂ ਸਿੰਗਲਾ ਨੂੰ ਆਪਣੇ ਖਿਲਾਫ਼ ਵਿਰੋਧ ਹੋਣ ਸਬੰਧੀ ਭਿਣਕ ਪਈ ਤਾਂ ਉਨ੍ਹਾਂ ਦਾ ਕਾਫਲਾ ਰਸਤਾ ਬਦਲ ਕੇ ਪਿੰਡ ‘ਚ ਰੱਖੇ ਪ੍ਰੋਗਰਾਮ ‘ਚ ਪਹੁੰਚਿਆ ਪਰੰਤੂ ਵਿਰੋਧ ਕਰਨ ਲਈ ਤਿਆਰ ਖੜੇ ਲੋਕਾਂ ਨੂੰ ਇਸ ਬਾਰੇ ਜਿਵੇੰ ਹੀ ਪਤਾ ਲੱਗਿਆ ਤਾਂ ਉਹ ਪੈਦਲ ਮਾਰਚ ਕਰਦੇ ਹੋਏ ਸਿੰਗਲਾ ਦੇ ਪ੍ਰੋਗਰਾਮ ਵਾਲੀ ਜਗ੍ਹਾ ਨੇੜੇ ਪਹੁੰਚ ਗਏ ਜਿੱਥੇ ਉਨ੍ਹਾਂ ਕਾਲੀਆਂ ਝੰਡੀਆਂ ਨਾਲ ‘ਗਾਲ ਮੰਤਰੀ’ ਤੇ ‘ਵਿਨਾਸ਼ ਮੰਤਰੀ’ ਜਿਹੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਤਾਂ ਇਸ ਦੌਰਾਨ ਸਿੰਗਲਾ ਦੇ ਸਮਰਥਕ ਵੀ ਤੈਸ਼ ‘ਚ ਆ ਗਏ ਜਿਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਦੇ ਸਾਹਮਣੇ ਹੁੰਦਿਆਂ ਕਾਂਗਰਸ ਸਰਕਾਰ ਅਤੇ ਵਿਜੇਇੰਦਰ ਸਿੰਗਲਾ ਜਿੰਦਾਬਾਦ ਦੇ ਨਾਅਰੇ ਲਗਾਏ। ਜਿਸ ਕਰਕੇ ਪੁਲਿਸ ਦੀ ਮੌਜੂਦਗੀ ‘ਚ ਪਿੰਡ ਵਿੱਚ ਕਰੀਬ ਪੌਣਾ ਘੰਟੇ ਸਥਿਤੀ ਤਣਾਅਪੂਰਨ ਬਣੀ ਰਹੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸਿੰਗਲਾ ਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਜਿਸ ਕਰਕੇ ਮਹਿਜ 2-3 ਮਿੰਟਾਂ ਦੇ ਸੰਬੋਧਨ ਤੋਂ ਬਾਅਦ ਹੀ ਸਿੰਗਲਾ ਆਪਣੀ ਕਾਰ ਰਾਹੀਂ ਜਾਣ ਦੀ ਬਜਾਏ ਬਦਲਵੀਂ ਗੱਡੀ ’ਚ ਬੈਠ ਕੇ ਪਿੰਡ ‘ਚੋਂ ਰਵਾਨਾ ਹੋ ਗਏ।

Share This :

Leave a Reply