ਜਗਰਾਓਂ, ਮੀਡੀਆ ਬਿਊੂਰੋ:
ਗੱਲ ਗੱਲ ’ਤੇ ਅਸਤੀਫਾ ਦੇਣ ਤੇ ਤਿੱਖੇ ਸੁਭਾਅ ਕਾਰਨ ਚਰਚਿਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਿਧਾਇਕ ਨਵਜੋਤ ਸਿੰਘ ਸਿੱਧੂ ਵਰਚੂਅਲ ਰੈਲੀ ਵਿਚ ਰਾਹੁਲ ਗਾਂਧੀ ਦੀ ਹਾਜ਼ਰੀ ਵਿਚ ਵੀ ਤੇਵਰ ਦਿਖਾਉਣੋਂ ਪਿੱਛੇ ਨਾ ਹਟੇ। ਇਸ ਦੇ ਨਾਲ ਹੀ ਉਨ੍ਹਾਂ ਨੇ ਵੱਡੇ ਬਾਦਲ ਨੂੰ ਮਚਲਿਆ ਬੁੱਢਾ, ਉਨ੍ਹਾਂ ਦੇ ਪੁੱਤਰ ਸੁਖਬੀਰ ਨੂੰ ਗੱਪੀ ਅਤੇ ਰਿਸ਼ਤੇਦਾਰ ਮਜੀਠੀਆ ’ਤੇ ਤੰਜ਼ ਕੱਸੇ।
ਇੱਥੋਂ ਦੇ ਇਕ ਰਿਜੋਰਟ ਵਿਖੇ ਵਰਚੂਅਲ ਰੈਲੀ ਵਿਚ ਬੋਲਦਿਆਂ ਸਿੱਧੂ ਦੇ ਭਾਸ਼ਣ ਤੋਂ ਸਾਫ ਲੱਗ ਰਿਹਾ ਸੀ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਹੋਈ ਗੁਪਤ ਮੀਟਿੰਗ ਵਿਚ ਚਰਨਜੀਤ ਸਿੰਘ ਚੰਨੀ ਦਾ ਚਿਹਰਾ ਕਬੂਲ ਕਰ ਲਿਆ ਪਰ ਇਸ ਦੇ ਨਾਲ ਹੀ ਭਾਸ਼ਣ ਦੌਰਾਨ ਬੰਦ ਕਮਰਾ ਮੀਟਿੰਗ ਵਿਚ ਸਰਕਾਰ ਬਣਨ ’ਤੇ ਉਨ੍ਹਾਂ ਵੱਲੋਂ ਤੈਅ ਕੀਤੇ ਫੈਸਲੇ ਨਾ ਲੈਣ ’ਤੇ ਕੀ ਕਰਨਗੇ, ਦੀ ਮਨਸ਼ਾ ਜੱਗ ਜ਼ਾਹਰ ਕਰ ਦਿੱਤੀ। ਉਨ੍ਹਾਂ ਸਾਫ਼ ਕਿਹਾ ਕਿ ਰਾਹੁਲ ਜੀ, ਸਿੱਧੂ ਐਤਕੀਂ ਦਰਸ਼ਨੀ ਘੋੜਾ ਨਹੀਂ ਬਣੇਗਾ। ਆਪਣੇ ਫੈਸਲੇ ਲੈਣ ਦੀ ਖੁੱਲ੍ਹ ਮਿਲੀ ਤਾਂ ਮਾਫ਼ੀਆ ਖਤਮ ਕਰ ਕੇ ਪੰਜਾਬ ਨੂੰ ਖੁਸ਼ਹਾਲੀ ਵੱਲ ਲੈ ਕੇ ਜਾਵਾਂਗੇ। ਅਜਿਹਾ ਕਰਨ ਦਿੱਤਾ ਤਾਂ ਉਹ ਜਿਸ ਨੂੰ ਵੀ ਸੀਐਮ ਬਣਾਉਣਗੇ, ਹੱਸ ਕੇ ਉਸ ਦੇ ਨਾਲ ਚੱਲਣਗੇ ਨਹੀਂ ਤਾਂ ਉਨ੍ਹਾਂ ਨੂੰ ਤਾਂ ਹਾਸੇ ਦੇ ਵੀ ਪੈਸੇ ਮਿਲਦੇ ਹਨ।
ਸਿੱਧੂ ਨੇ ਅੱਗੇ ਕਿਹਾ ਕਿ ਕਾਂਗਰਸ ਦਾ ਪ੍ਰਧਾਨ ਬਣੇ ਰਹੇ ਤਾਂ ਕਿਸੇ ਵੀ ਵਿਧਾਇਕ ਦੇ ਪੁੱਤ ਨੂੰ ਚੇਅਰਮੈਨੀ ਨਹੀਂ ਮਿਲੇਗੀ, ਚਾਹੇ ਉਨ੍ਹਾਂ ਨੂੰ ਅਸਤੀਫ਼ਾ ਕਿਉਂ ਨਾ ਦੇਵਾ ਪਵੇ। ਸਿੱਧੂ ਨੇ ਵਿਰੋਧੀਆਂ ਨੂੰ ਲੰਮੇਂ ਹੱਥੀ ਲੈਂਦਿਆਂ ਕਿਹਾ ਕਿ ਵੱਡਾ ਬਾਦਲ ਮਚਲਿਆ ਬੁੱਢਾ ਹੈ ਜਿਸ ਨੇ ‘ਰਾਜ ਨਹੀਂ ਸੇਵਾ’ ਦਾ ਨਾਅਰਾ ਦੇ ਕੇ ਪੰਜਾਬ ਨੂੰ ਲੁੱਟਿਆ, ਜਦਕਿ ‘ਸੇਵਾ’ 10 ਫੀਸਦੀ ਕੀਤੀ ਅਤੇ 90 ਫੀਸਦੀ ਮੇਵਾ ਖਾਧਾ। ਸੁਖਬੀਰ ਬਾਦਲ ਨੂੰ ਗੱਪੀ ਦੱਸਿਆ ਤੇ ਬਿਕਰਮ ਮਜੀਠੀਆ ’ਤੇ ਨਿਸ਼ਾਨਾ ਲਾਉਂਦਿਆ ਸਿੱਧੂ ਨੇ ਕਿਹਾ ਕਿ ਕੋਠੇ ’ਤੇ ਤੋਤਾ ਬਹਿਣ ਨਹੀਂ ਦੇਣਾ, ਤਸਕਰ ਰਹਿਣ ਨਹੀਂ ਦੇਣਾ। ਇਸ ਦੇ ਨਾਲ ਹੀ ਸਿੱਧੂ, ਕੈਪਟਨ ਅਮਰਿੰਦਰ ਸਿੰਘ ਨੂੰ ਲਪੇਟਣਾ ਨਾ ਭੁੱਲੇ। ਉਨ੍ਹਾਂ ਕਿਹਾ ਕਿ ਇਹ ਸਾਬਕਾ ਮੁੱਖ ਮੰਤਰੀ ਕੇਂਦਰੀ ਹਾਕਮਾਂ ਦੇ ਇਸ਼ਾਰੇ ’ਤੇ ਨੱਚਦਾ ਸੀ, ਹੁਣ ਇਹ ਡਬਲ ਇੰਜਣ ਸਰਕਾਰ ਬਣਾਉਣ ਦੀ ਗੱਲ ਕਰ ਰਿਹਾ ਹੈ, ਇਸ ਦਾ ਇੰਜਣ ਸੀਜ ਹੋ ਚੁੱਕਾ ਹੈ।
ਸੀਐੱਮ ਮੁਸਕਰਾ ਨਾ ਤਾੜੀ ਮਾਰ..!
ਭਾਸ਼ਣ ਦੌਰਾਨ ਵਿਧਾਇਕ ਸਿੱਧੂ ਦੀ ਨਜ਼ਰ ਮੁੱਖ ਮੰਤਰੀ ਚੰਨੀ ’ਤੇ ਪਈ ਤਾਂ ਉਨ੍ਹਾਂ ਨੂੰ ਮੁਸਕਰਾਉਂਦਿਆਂ ਦੇਖ ਮਾਈਕ ਤੋਂ ਹੀ ਕਿਹਾ,‘ਮੁਸਕਰਾ ਨਾ ਤਾੜੀ ਮਾਰ’ ਜਿਸ ’ਤੇ ਤਾੜੀ ਮਾਰਦੇ ਹੋਏ ਸੀਐੱਮ ਚੰਨੀ ਉੱਠੇ ਅਤੇ ਭਾਸ਼ਣ ਦੇ ਰਹੇ ਸਿੱਧੂ ਨੂੰ ਜੱਫੀ ਪਾਉਣ ਜਾ ਪੁੱਜੇ।






















