ਪਟਿਆਲਾ, ਮੀਡੀਆ ਬਿਊਰੋ:
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਦੀ ਤਰ੍ਹਾਂ ਆਪਣੇ ਚੋਣ ਪ੍ਰਚਾਰ ਦੀ ਕਮਾਂਡ ਪਰਿਵਾਰ ਨੂੰ ਸੌਂਪੀ ਹੈ। ਪਹਿਲਾਂ ਇਹ ਕਮਾਂਡ ਪਰਨੀਤ ਕੌਰ ਦੇ ਹੱਥ ’ਚ ਹੁੰਦੀ ਸੀ ਪਰ ਇਸ ਵਾਰ ਫਿਲਹਾਲ ਜੈਇੰਦਰ ਕੌਰ ਅਗਵਾਈ ਕਰ ਰਹੇ ਹਨ। ਪੰਜਾਬ ਲੋਕ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਹਾਕੀ ਤੇ ਗੇਂਦ ਨਾਲ ਮੋਤੀ ਮਹਿਲ ਵਿਚ ਅਭਿਆਸ ਕੀਤਾ। ਜਿਸ ਤੋਂ ਬਾਅਦ ਉਹ ‘ਸਕੂਪ’ ਦੀ ਤਲਾਸ਼ ’ਚ ਮੈਦਾਨ ਵਿਚ ਨਿਕਲੇ ਹਨ। ਜੈਇੰਦਰ ਕੌਰ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਦੀ ਚੋਣ ਪ੍ਰਚਾਰ ਮੁਹਿੰਮ ਦੀ ਕਮਾਂਡ ਸਾਂਭ ਲਈ ਹੈ। ਮੁੱਢ ਤੋਂ ਹੀ ਆਪਣੇ ਪਿਤਾ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨ ਵਾਲੀ ਜੈਇੰਦਰ ਕੌਰ ਵੱਲੋਂ ਪੁਰਾਣੇ ਕਾਂਗਰਸੀ ਆਗੂਆਂ ਨੂੰ ਲੋਕ ਕਾਂਗਰਸ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ ਉਥੇ ਹੀ ਹੁਣ ਘਰ-ਘਰ ਜਾ ਕੇ ਪਿਤਾ ਦੇ ਹੱਕ ’ਚ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਜੈਇੰਦਰ ਕੌਰ ਨੇ ਬੁੱਧਵਾਰ ਨੂੰ ਮੋਤੀ ਮਹਿਲ ’ਚ ਹਾਕੀ ਤੇ ਗੇਂਦ ਨਾਲ ਅਭਿਆਸ ਕੀਤਾ। ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ’ਤੇ ਪੋਸਟ ਕਰ ਕੇ ਵਿਰੋਧੀਆਂ ਨੂੰ ਵੱਡਾ ਗੋਲ ਕਰਨ ਦੇ ਸੰਕੇਤ ਦਿੱਤੇ। ਅਗਲੇ ਦਿਨ ਹੀ ਜੈਇੰਦਰ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਗ਼ੈਰਹਾਜ਼ਰੀ ਨੂੰ ਪੂਰਾ ਕਰਦਿਆਂ ਹੋਰ ਹਲਕਿਆਂ ’ਚ ਵੀ ਦੌਰੇ ਕਰਦਿਆਂ ਆਪਣੇ ਵਰਕਰਾਂ ਦੀ ਹੌਸਲਾ ਅਫਜ਼ਾਈ ਕੀਤੀ। ਜੈਇੰਦਰ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਹਲਕੇ ਪਟਿਆਲਾ ਸ਼ਹਿਰੀ ਵਿਚ ਵੀ ਘਰ-ਘਰ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਸਹਿਯੋਗ ਨਾਲ ਪੰਜਾਬ ’ਚ ਡਬਲ ਇੰਜਣ ਦੀ ਸਰਕਾਰ ਬਣੇਗੀ। ਜਿਸ ਨਾਲ ਪੰਜਾਬ ਇਕ ਵਾਰ ਫਿਰ ਤਰੱਕੀ ਦੀਆਂ ਲੀਹਾਂ ’ਤੇ ਅੱਗੇ ਤੁਰੇਗਾ।