Punjab Assembly Elections 2022 : ਇਹ ਹਨ ਆਮ ਆਦਮੀ ਪਾਰਟੀ ਨੇ 10 ਏਜੰਡੇ, ਚੋਣਾਂ ਨੂੰ ਲੈ ਕੇ ਕੇਜਰੀਵਾਲ ਨੇ ਸਪੱਸ਼ਟ ਕੀਤਾ ਵਿਜ਼ਨ

ਜਲੰਧਰ, ਮੀਡੀਆ ਬਿਊਰੋ:

ਜਲੰਧਰ ਦੇ ਵਪਾਰੀਆਂ ਦੇ ਪ੍ਰੋਗਰਾਮ ’ਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੀ ਪਾਰਟੀ ਦੇ ਦਸ ਏਜੰਡੇ ਪੇਸ਼ ਕੀਤੇ।

ਪਹਿਲਾ ਏਜੰਡਾ

ਵਿਦੇਸ਼ੀ ਸ਼ਹਿਰਾਂ ਦੀ ਤਰ੍ਹਾਂ ਪੰਜਾਬ ਦੇ ਸ਼ਹਿਰਾਂ ਦੀ ਸਾਫ਼-ਸਫ਼ਾਈ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਸਾਰੇ ਸ਼ਹਿਰ ਸਾਫ਼ ਤੇ ਸੁੰਦਰ ਬਣਾਏ ਜਾਣਗੇ।

ਦੂਜਾ ਏਜੰਡਾ

ਦਿੱਲੀ ਦੀ ਤਰ੍ਹਾਂ ਪੰਜਾਬ ਵਿਚ ਵੀ ਡੋਰ ਸਟੈੱਪ ਡਲਿਵਰੀ ਫਾਰ ਸਰਵਿਸਿਜ਼ ਲਾਗੂ ਕਰਾਂਗੇ। ਸਰਕਾਰੀ ਕੰਮ ਕਰਾਉਣ ਲਈ ਲੋਕਾਂ ਨੂੰ ਵਿਚੋਲੀਏ, ਦਲਾਲਾਂ ਅਤੇ ਲਾਈਨ ਵਿੱਚ ਲੱਗਣ ਤੋਂ ਮੁਕਤੀ ਮਿਲੇਗੀ। ਸਾਰੇ ਸਰਕਾਰੀ ਕੰਮ, ਬਿਜਲੀ ਕੁਨੈਕਸ਼ਨ ਹੋਵੇ ਜਾਂ ਰਾਸ਼ਨ ਕਾਰਡ ਬਣਾਉਣਾ, ਸਰਕਾਰੀ ਕਰਮਚਾਰੀ ਲੋਕਾਂ ਦੇ ਘਰ ਜਾ ਕੇ ਕਰਨਗੇ।

ਤੀਜਾ ਏਜੰਡਾ

ਸ਼ਹਿਰਾਂ ਨੂੰ ਸੁੰਦਰ ਬਣਾਉਣ ਲਈ ਅੰਡਰ ਗਰਾਊਂਡ ਕੇਬਲਿੰਗ ਕੀਤੀ ਜਾਵੇਗੀ। ਦਿੱਲੀ ਵਿਚ ਉਨ੍ਹਾਂ ਸੰਘਣੀ ਆਬਾਦੀ ਵਾਲੀਆਂ ਥਾਵਾਂ ਵਿਚ ਅੰਡਰ ਗਰਾਊਂਡ ਕੇਬਲਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਸ਼ਹਿਰਾਂ ਵਿਚ ਵੀ ਅੰਡਰ ਗਰਾਊਂਡ ਕੇਬਲਿੰਗ ਕਰਕੇ ਸ਼ਹਿਰਾਂ ਨੂੰ ਸੁੰਦਰ ਬਣਾਵਾਂਗੇ।

ਚੌਥਾ ਏਜੰਡਾ

ਦਿੱਲੀ ਵਿੱਚ ਮੁਹੱਲਾ ਕਲੀਨਿਕ ਰਾਹੀਂ ਦਿੱਲੀ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਹਨ। ਉਸੇ ਤਰਜ਼ ’ਤੇ ਸ਼ਹਿਰਾਂ ਤੇ ਪਿੰਡਾਂ ਵਿਚ 16 ਹਜ਼ਾਰ ਪੇਂਡੂ ਕਲੀਨਿਕ ਅਤੇ ਮੁਹੱਲਾ ਕਲੀਨਿਕ ਬਣਾਉਣਗੇ ਅਤੇ ਖਸਤਾ ਹਾਲ ਸਰਕਾਰੀ ਹਸਪਤਾਲਾਂ ਨੂੰ ਠੀਕ ਕਰਾਂਗੇ। ਪੰਜਾਬ ਦੇ ਲੋਕਾਂ ਨੂੰ ਇਲਾਜ ਲਈ ਮਹਿੰਗੇ ਪ੍ਰਾਈਵੇਟ ਹਸਪਤਾਲਾਂ ’ਚ ਨਹੀਂ ਜਾਣਾ ਪਵੇਗਾ।

ਪੰਜਵਾਂ ਏਜੰਡਾ

ਸ਼ਹਿਰਾਂ ਤੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਕਰਨ ਦਾ ਵਾਅਦਾ ਕੀਤਾ। ਦਿੱਲੀ ਵਿੱਚ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਇਆ ਜਦੋਂ ਕਿ ਦੇਸ਼ ਦੇ ਹੋਰਨਾਂ ਰਾਜਾਂ ਵਿਚ ਸਰਕਾਰੀ ਸਕੂਲਾਂ ਦੀ ਹਾਲਤ ਬਦਤਰ ਹੋ ਗਈ ਹੈ। ਦਿੱਲੀ ਵਿਚ ਇਸ ਸਾਲ ਸਰਕਾਰੀ ਸਕੂਲਾਂ ਦੇ ਨਤੀਜੇ 99.6 ਫੀਸਦ ਆਏ ਹਨ। ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਾ ਹੀ ਅਸਲੀ ਰਾਸ਼ਟਰ ਨਿਰਮਾਣ ਹੈ।

ਛੇਵਾਂ ਏਜੰਡਾ

ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਇਸ ਵੇਲੇ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਪੰਜਾਬ ’ਚ ਵੀ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ। ਹਰ ਤਰ੍ਹਾਂ ਕੱਟਾਂ ਤੋਂ ਰਾਹਤ ਮਿਲੇਗੀ।

ਸੱਤਵਾਂ ਏਜੰਡਾ

ਸਾਰੇ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ 24 ਘੰਟੇ ਦਿੱਤੀ ਜਾਵੇਗੀ।

ਅੱਠਵਾਂ ਏਜੰਡਾ

ਦਿੱਲੀ ਦੇ ਬਾਜ਼ਾਰਾਂ ਦੀਆਂ ਸੜਕਾਂ, ਪਾਰਕਿੰਗ ਵਿਵਸਥਾ ਅਤੇ ਪਖਾਨੇ ਹਨ। ਮੌਜੂਦਾ ਸਮੇਂ ਪੰਜਾਬ ਦੇ ਲਗਪਗ ਸਾਰੇ ਸ਼ਹਿਰਾਂ ਵਿਚਲੇ ਬਾਜ਼ਾਰਾਂ ਦੀਆਂ ਸੜਕਾਂ ਬੇਹੱਦ ਖ਼ਰਾਬ ਹਨ। ‘ਆਪ’ ਦੀ ਸਰਕਾਰ ਬਾਜ਼ਾਰਾਂ ਦੀਆਂ ਟੁੱਟੀਆਂ ਸੜਕਾਂ ਨੂੰ ਸੁੰਦਰ ਬਣਾਏਗੀ ਅਤੇ ਬਾਜ਼ਾਰਾਂ ਵਿੱਚ ਥਾਂ-ਥਾਂ ਪਾਰਕਿੰਗ ਅਤੇ ਪਖਾਨੇ ਬਣਾਏਗੀ।

ਨੌਵਾਂ ਏਜੰਡਾ

ਕੇਜਰੀਵਾਲ ਨੇ ਕਿਹਾ ਕਿ ‘ਆਪ’ ਸਰਕਾਰ ਵਪਾਰੀਆਂ ਤੇ ਕਾਰੋਬਾਰੀਆਂ ਤੋਂ ਮਿਲੇ ਸੁਝਾਵਾਂ ਅਨੁਸਾਰ ਉਨ੍ਹਾਂ ਦੇ ਸਾਰੇ ਮਸਲੇ ਹੱਲ ਕਰੇਗੀ ਅਤੇ ਨਵੇਂ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਇੰਸੈਂਟਿਵ ਦੇਵੇਗੀ। ‘ਆਪ’ ਸਰਕਾਰ ਵਪਾਰੀਆਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਰੇਡ ਰਾਜ ਅਤੇ ਇੰਸਪੈਕਟਰੀ ਰਾਜ ਨੂੰ ਜੜ੍ਹੋਂ ਖ਼ਤਮ ਕਰੇਗੀ। ਉਦਯੋਗ ਤੇ ਵਪਾਰ ਨੂੰ ਵਧਾ ਕੇ ਰੋਜ਼ਗਾਰ ਵਧਾਇਆ ਜਾ ਸਕਦਾ ਹੈ।

ਦਸਵਾਂ ਏਜੰਡਾ

ਲੋਕਾਂ ਤੇ ਖਾਸ ਕਰਕੇ ਔਰਤਾਂ ਦੀ ਸੁਰੱਖਿਆ ‘ਆਪ’ ਦੀ ਸਰਕਾਰ ਦਾ ਸਭ ਤੋਂ ਜ਼ਰੂਰੀ ਕੰਮ ਹੈ। ਸੁਰੱਖਿਆ ਵਿਵਸਥਾ ਠੀਕ ਕਰਨ ਲਈ ਦਿੱਲੀ ’ਚ ਵੱਡੀ ਗਿਣਤੀ ਸੀਸੀਟੀਵੀ ਕੈਮਰੇ ਲਵਾਏ ਹਨ। ਅੱਜ ਦਿੱਲੀ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਗਿਣਤੀ ਨਿਊਯਾਰਕ ਅਤੇ ਲੰਡਨ ਤੋਂ ਵੀ ਜ਼ਿਆਦਾ ਹਨ। ਪੰਜਾਬ ਵਿਚ ਵੀ ਸਰਕਾਰ ਬਣਨ ’ਤੇ ਸ਼ਹਿਰਾਂ ਵਿੱਚ ਥਾਂ-ਥਾਂ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਅਤੇ ਔਰਤਾਂ ਦੀ ਸੁਰੱਖਿਆ ਪੱਕੀ ਕੀਤੀ ਜਾਵੇਗੀ।

Share This :

Leave a Reply