ਅੰਮ੍ਰਿਤਸਰ, ਮੀਡੀਆ ਬਿਊਰੋ:
ਭਾਜਪਾ ਨੇ 1985 ਤਾਮਿਲਨਾਡੂ ਕੈਡਰ ਦੇ ਸਾਬਕਾ ਆਈਏਐੱਸ ਅਧਿਕਾਰੀ ਡਾ. ਜਗਮੋਹਨ ਸਿੰਘ ਰਾਜੂ ਨੂੰ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਮੈਦਾਨ ’ਚ ਉਤਾਰਿਆ ਹੈ। ਉਨ੍ਹਾਂ ਦਾ ਮੁਕਾਬਲਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦਲ ਦੇ ਜਨਰਲ ਸੈਕਟਰੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਹੈ।
ਮੌਜੂਦਾ ਸਮੇਂ ’ਚ ਉਹ ਦਿੱਲੀ ’ਚ ਅਡੀਸ਼ਨਲ ਚੀਫ ਸੈਕਟਰੀ ਕਮ ਚੀਫ ਰੈਜ਼ੀਡੈਂਟ ਕਮਿਸ਼ਨਰ ਤਾਮਿਲਨਾਡੂ ਸਰਕਾਰ ਤਾਇਨਾਤ ਸਨ। 25 ਜਨਵਰੀ ਨੂੰ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਅਤੇ 27 ਜਨਵਰੀ ਨੂੰ ਭਾਜਪਾ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਐਲਾਨ ਕੀਤਾ। ਉਹ ਮੂਲ ਰੂਪ ’ਚ ਫਰੀਦਕੋਟ ਤੋਂ ਹਨ।
ਜ਼ਿਆਦਾ ਸਮੇਂ ਤਕ ਤਾਮਿਲਨਾਡੂ ਤੇ ਤਿੰਨ ਸਾਲ ਲੰਡਨ ਵੀ ਉਨ੍ਹਾਂ ਦੀ ਪੋਸਟਿੰਗ ਰਹੀ। ਅਪ੍ਰੈਲ 2023 ’ਚ ਉਨ੍ਹਾਂ ਦੀ ਰਿਟਾਇਰਮੈਂਟ ਸੀ। ਸਿੱਧੂ ਤੇ ਮਜੀਠੀਆ ਨਾਲ ਹੋਣ ਜਾ ਰਹੇ ਮੁਕਾਬਲੇ ’ਤੇ ਕਿਸੇ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਸ੍ਰੀ ਹਰਿਮੰਦਿਰ ਸਾਹਿਬ ਦੀ ਪਵਿੱਤਰ ਧਰਤੀ ਹੈ ਅਤੇ ਸਿੱਖਾਂ ਦੀ ਰਾਜਧਾਨੀ ਹੈ। ਦੁਨੀਆ ਭਰ ਵਿਚ ਇਸ ਨੂੰ ਪੂਜਿਆ ਜਾਂਦਾ ਹੈ ਅਤੇ ਕੋਈ ਡਰੱਗ ਵਾਲਾ ਬੰਦਾ ਜਾਂ ਹੰਕਾਰੀ ਗਾਲੀ-ਗਲੌਚ ਕਰਨ ਵਾਲਾ ਇੱਥੋਂ ਵਿਧਾਇਕ ਬਣ ਜਾਵੇ ਤਾਂ ਇਸ ਤੋਂ ਵੱਡੀ ਅੰਮ੍ਰਿਤਸਰ ਦੀ ਬੇਅਦਬੀ ਕੀ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਹੁਣ ਪੰਜਾਬ ਤੇ ਗੁਰੂ ਨਗਰੀ ਏਨੀ ਵੀ ਅਭਾਗੀ ਨਹੀਂ ਹੈ ਕਿ ਉਨ੍ਹਾਂ ਨੂੰ ਅਜਿਹੇ ਉਮੀਦਵਾਰ ਚੁਣਨੇ ਪੈਣ। ਭਾਜਪਾ ’ਚ ਆਉਣ ’ਤੇ ਉਨ੍ਹਾਂ ਕਿਹਾ ਕਿ ਉਹ ਖ਼ੁਸ਼ਕਿਸਮਤ ਹਨ ਕਿ ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ਦੀ ਸੇਵਾ ਦਾ ਮੌਕਾ ਦਿੱਤਾ ਹੈ ਤੇ ਮੈਂ ਇਹ ਸੇਵਾ ਤਨਦੇਹੀ ਨਾਲ ਕਰਨਾ ਚਾਹੁੰਦਾ ਹਾਂ। ਵਾਹਿਗੁਰੂ ਦੀ ਉਨ੍ਹਾਂ ’ਤੇ ਹਮੇਸ਼ਾਂ ਹੀ ਆਪਾਰ ਕਿਰਪਾ ਰਹੀ ਹੈ, ਇਹੀ ਵਜ੍ਹਾ ਸੀ ਕਿ ਉਹ 22 ਸਾਲ ਦੀ ਉਮਰ ਵਿਚ ਆਈਏਐੱਸ ਬਣ ਗਏ ਸਨ ਤੇ ਪਹਿਲੀ ਪੋਸਟਿੰਗ ਬਤੌਰ ਐੱਸਡੀਐੱਮ ਤਾਮਿਲਨਾਡੂ ਦੇ ਸੇਲਮ ਸ਼ਹਿਰ ਵਿਚ ਹੋਈ ਸੀ।
ਸਾਖ਼ਰਤਾ ਲਈ ਯੂਨੈਸਕੋ ਤੋਂ ਸਨਮਾਨਿਤ
ਉਮੀਦਵਾਰ ਰਾਜੂ ਰਾਸ਼ਟਰੀ ਸਾਖ਼ਰਤਾ ਮਿਸ਼ਨ ਭਾਰਤ ਸਰਕਾਰ ਦੇ 2009 ਤੋਂ 2014 ਤਕ ਡਾਇਰੈਕਟਰ ਰਹੇ। ਇਸ ਦੌਰਾਨ ਉਨ੍ਹਾਂ ਨੇ 2.47 ਕਰੋੜ ਬਾਲਗਾਂ ਨੂੰ ਸਾਖ਼ਰ ਬਣਾਇਆ, ਜਿਸ ’ਤੇ ਉਨ੍ਹਾਂ ਨੂੰ ਯੂਨੈਸਕੋ ਵੱਲੋਂ ਯੂਨੈਸਕੋ ਸਾਖ਼ਰਤਾ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਨੂੰ ਖੇਤੀਬਾੜੀ, ਮੱਧ ਤੇ ਲਘੂ ਉਦਯੋਗ, ਊਰਜਾ, ਵਣਜ ਅਤੇ ਸਿੱਖਿਆ ਵਿਚ ਮਹੱਤਵਪੂਰਣ ਅਨੁਭਵ ਹੈ। ਉਹ ਅਧਿਆਪਕ ਵੀ ਹਨ ਤੇ ਕੈਂਬਰਿਜ ਯੂਨੀਵਰਸਿਟੀ, ਯੂਕੇ ਦੇ ਵਿਜ਼ਟਿੰਗ ਫੈਲੋ ਅਤੇ ‘ਰਾਮਰਾਜ, ਦ ਪੀਪਲਜ਼ ਵੈੱਲਫੇਅਰ ਸਟੇਟ’ ਕਿਤਾਬ ਦੇ ਲੇਖਕ ਹਨ। ਉਨ੍ਹਾਂ ਦੀ ਪਤਨੀ ਅਨੂ ਜੈ ਸਿੰਘ ਆਈਆਰਐੱਸ ਅਧਿਕਾਰੀ ਹਨ।