ਧਰਮਕੋਟ (ਮੀਡੀਆ ਬਿਊਰੋ) ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਵੱਲੋਂ ਹਲਕਾ ਧਰਮਕੋਟ ਤੋਂ ਆਮ ਆਦਮੀ ਦੇ ਉਮੀਦਵਾਰ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਹੱਕ ਵਿਚ ਦਾਣਾ ਮੰਡੀ ਧਰਮਕੋਟ ਵਿਖੇ ਰੈਲੀ ਕੀਤੀ ਗਈ।
ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ, ਜਿਸ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਨਾਲ ਸਮੁੱਚੀ ਟੀਮ ਦਾ ਇਕੋ ਟੀਚਾ ਹੈ ਕਿ ਲੋਕਾਂ ਵੱਲੋਂ ਟੈਕਸ ਦੇ ਰੂਪ ਵਿਚ ਸਰਕਾਰੀ ਖਜਾਨੇ ਵਿਚ ਗਏ ਪੈਸੇ ਨੂੰ ਲੋਕਾਂ ਦੀ ਭਲਾਈ ਲਈ ਖਰਚਿਆ ਜਾਵੇ। ਉਨ੍ਹਾਂ ਕਾਂਗਰਸੀਆਂ ਅਤੇ ਅਕਾਲੀਆਂ ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਜਦ ਤੋਂ ਸੱਤਾ ਵਿਚ ਆਈ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਆਪਣੇ ਮਹਿਲਾਂ ਵਿਚੋਂ ਬਾਹਰ ਨਹੀਂ ਆਉਂਦੇ ਸਨ ਅਤੇ ਜਹਾਜ਼ ਨੂੰ ਵੀ ਜੰਗਾਲ ਪੈ ਚੁੱਕਾ ਸੀ, ਹੁਣ ਜਦ ਤੋਂ ਉਨ੍ਹਾਂ ਨੂੰ ਲਾਹ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ਉਪਰ ਬਿਠਾਇਆ ਹੈ, ਚੰਨੀ ਜਹਾਜ਼ ਤੋਂ ਬਿਨਾਂ ਇਕ ਪਿੰਡ ਤੋਂ ਦੂਜੇ ਪਿੰਡ ਨਹੀਂ ਜਾਂਦੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਕ ਵਾਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿਓ ਅਤੇ ਫਿਰ ਆਉਣ ਵਾਲੇ ਸਮਿਆਂ ਵਿਚ ਕਦੇ ਵੀ ਅਕਾਲੀ ਕਾਂਗਰਸੀ ਨਜਰ ਨਹੀਂ ਆਉਣਗੇ। ਉਪਰੰਤ ਹਲਕਾ ਧਰਮਕੋਟ ਤੋਂ ਉਮੀਦਵਾਰ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਭਗਵੰਤ ਮਾਨ ਅਤੇ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸਤਵੀਰ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ ਕੰਬੋਜ, ਅਮਨ ਪੰਡੋਰੀ, ਅਵਤਾਰ ਸਿੰਘ ਰੌਲੀ, ਸੁਖਬੀਰ ਸਿੰਘ ਮੰਦਰ, ਡਾ. ਅਮ੍ਰਿਤਪਾਲ ਸਿੰਘ, ਜਸਵੀਰ ਕੌਰ ਗਿੱਲ, ਬਲਜਿੰਦਰ ਸਿੰਘ, ਕੁਲਦੀਪ ਅਰੋੜਾ, ਇੰਦਰਜੀਤ ਸਿੰਘ, ਬਿੱਲਾ ਕੋਟ ਈਸੇ ਖਾਂ, ਰਵੀ ਗਿੱਲ, ਗੁਰਮੇਜ ਸਿੰਘ ਗੇਜਾ, ਹਰਜੀਤ ਸਿੰਘ, ਸੇਵਕ ਸਿੰਘ, ਸੋਨੀ, ਗੁਰਪ੍ਰੀਤ ਸਿੰਘ ਕਰੀਰ, ਬਲਵੰਤ ਸਿੰਘ, ਸਵਰਨ ਸਿੰਘ, ਕਮਲਪ੍ਰੀਤ ਸਿੰਘ, ਗਗਨਦੀਪ ਸਿੰਘ, ਡਾ. ਗੁਰਮੀਤ ਸਿੰਘ ਗਿੱਲ, ਕਰਮਜੀਤ ਕੌਰ, ਜਸਵਿੰਦਰ ਕੌਰ ਵਲੰਟੀਅਰ ਹਾਜ਼ਰ ਸਨ।