ਲੁਧਿਆਣਾ, ਮੀਡੀਆ ਬਿਊਰੋ:
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਨੇਤਾਵਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਾਉਣ ਦੇ ਨਾਲ-ਨਾਲ ਵਪਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀ ਨਬਜ਼ ਟਟੋਲੀ ਜਿਸ ਤੋਂ ਬਾਅਦ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਬੱਸ ਸਟੈਂਡ ਦੇ ਨਜ਼ਦੀਕ ਇਕ ਹੋਟਲ ਵਿਚ ਪੱਤਰਕਾਰ ਮਿਲਣੀ ਦੌਰਾਨ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ’ਤੇ ਨਿਸ਼ਾਨੇ ਸਾਧੇ। ਇਸ ਦੌਰਾਨ ਉਨ੍ਹਾਂ ਦੇ ਨਿਸ਼ਾਨੇ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਹੇ ਜਿਨ੍ਹਾਂ ਖ਼ਿਲਾਫ਼ ਉਨ੍ਹਾਂ ਕਿਸੇ ਚੈਨਲ ਦੀ ਵੀਡੀਓ ਦੇ ਕਲਿੱਪ ਸ਼ੇਅਰ ਕਰਕੇ ਉਨ੍ਹਾਂ 2 ਟਵੀਟ ਕੀਤੇ।
ਦੱਸਣਾ ਬਣਦਾ ਹੈ ਕਿ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਵੱਲੋਂ ਐਤਵਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਜਾ ਸਕਦਾ ਹੈ ਅਤੇ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਬਣਾ ਕੇ ਮੈਦਾਨ ਵਿਚ ਉਤਾਰਿਆ ਜਾਵੇ ਜਦਕਿ ਕਾਂਗਰਸ ਦੇ ਐਲਾਨ ਤੋਂ ਪਹਿਲਾਂ ਹੀ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਮੁੱਖ ਮੰਤਰੀ ਚੰਨੀ ਖ਼ਿਲਾਫ਼ ਹਮਲਾਵਰ ਦਿਖਾਈ ਦਿੱਤੇ। ਉਨ੍ਹਾਂ ਆਪਣੇ ਪਹਿਲੇ ਟਵੀਟ ਰਾਹੀਂ ਦੋਸ਼ ਲਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਨੂੰ ਜਾਤੀਵਾਦ ਵਿਚ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਵਿਚ ਸਭ ਤੋਂ ਵੱਧ ਸਤਿਕਾਰ ਮਿਲਣ ਵਾਲੀ ਸਿੱਖ ਕੌਮ ਨੂੰ ਵੀ ਚੰਨੀ ਵੱਲੋਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚੰਨੀ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਦਾ ਦਲਿਤਾਂ ਪ੍ਰਤੀ ਪਿਆਰ ਸਾਹਮਣੇ ਆ ਗਿਆ ਹੈ। ਪੁਰੀ ਨੇ ਆਪਣੇ ਦੂਜੇ ਟਵੀਟ ਰਾਹੀਂ ਲਿਖਿਆ ਕਿ ਸਿੱਖ ਰਹੇ ਪੰਜਾਬ ਦੇ ਮੁੱਖ ਮੰਤਰੀ ਦਾ ਇਕ ਹੋਰ ਰਤਨ ਧਰਮ ਪਰਿਵਰਤਨ ਦੀ ਰੱਖਿਆ ਜਦ ਕਿ ਉਨ੍ਹਾਂ ਵੱਲੋਂ ਕਾਰਨ ਧਰਮ ਪਰਿਵਰਤਨ ਕਰ ਰਹੇ ਪਰਿਵਾਰਾਂ ਨੂੰ ਪਿਆਰ ਨਾ ਮਿਲਣਾ ਦੱਸਿਆ ਗਿਆ ਹੈ।
ਇਸ ਤੋਂ ਬਾਅਦ ਕੇਂਦਰੀ ਮੰਤਰੀ ਹਰਦੀਪ ਪੁਰੀ ਅਕਾਲੀ ਦਲ ’ਤੇ ਵੀ ਹਮਲਾਵਰ ਦਿਖਾਈ ਦਿੱਤੇ। ਉਨ੍ਹਾਂ ਤੋਂ ਅਕਾਲੀ ਦਲ ਨਾਲ ਮੁੜ ਗੱਠਜੋੜ ਹੋਣ ’ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸਭ ਤੋਂ ਵੱਧ ਨੁਕਸਾਨ ਅਕਾਲੀ ਦਲ ਨਾਲ ਗੱਠਜੋੜ ਦੌਰਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਨੇ ਭਾਜਪਾ ਦੇ ਕਿਸੇ ਵੀ ਸਿੱਖ ਜਾਂ ਹਿੰਦੂ ਚਿਹਰੇ ਨੂੰ ਅੱਗੇ ਨਹੀਂ ਵਧਣ ਦਿੱਤਾ ਅਤੇ ਜਦੋਂ ਹੁਣ ਭਾਜਪਾ ਅਕਾਲੀ ਦਲ ਦਾ ਸਾਥ ਛੱਡ ਕੇ ਚੋਣ ਮੈਦਾਨ ਵਿਚ ਉੱਤਰੀ ਹੈ ਤਾਂ ਸਾਨੂੰ ਪੰਜਾਬੀਆਂ ਦਾ ਵਡਮੁੱਲਾ ਸਹਿਯੋਗ ਅਤੇ ਪਿਆਰ ਭਰਪੂਰ ਮਿਲ ਰਿਹਾ ਹੈ।
ਇਸੇ ਤਰ੍ਹਾਂ ਉਨ੍ਹਾਂ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬਾਰੇ ਕਿਹਾ ਕਿ ਜਿਸ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਵਿਸ਼ਵ ਮਹਾਮਾਰੀ ਦੌਰਾਨ ਦਿੱਲੀ ਦੇ ਮੁਹੱਲਾ ਕਲੀਨਿਕ ਬੰਦ ਕਰ ਦਿੱਤੇ ਸਨ, ਉਸ ’ਤੇ ਕਿਸ ਤਰ੍ਹਾਂ ਭਰੋਸਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਗੱਠਜੋੜ ਹੀ ਪੰਜਾਬ ਨੂੰ ਕਰਜ਼ੇ ਦੀ ਦਲਦਲ ਵਿੱਚੋਂ ਕੱਢ ਸਕਦਾ ਹੈ ਕਿਉਂਕਿ 281 ਲੱਖ ਕਰੋੜ ਦੇ ਕਰਜ਼ਾਈ ਸੂਬੇ ਨੂੰ ਹੁਣ ਹੋਰ ਕਰਜ਼ਾ ਨਹੀਂ ਮਿਲੇਗਾ ਜਿਸ ਦੇ ਚੱਲਦੇ ਡਬਲ ਇੰਜਣ ਵਾਲੀ ਸਰਕਾਰ ਹੀ ਪੰਜਾਬ ਨੂੰ ਕਰਜ਼ੇ ਦੀ ਦਲਦਲ ਵਿੱਚੋਂ ਕੱਢ ਸਕਦੀ ਹੈ।
ਈਡੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ’ਤੇ ਕੀਤੀ ਗਈ ਕਾਰਵਾਈ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਸੂਬੇ ਵਿੱਚ ਚੋਣਾਂ ਹਨ ਤਾਂ ਮੁੱਖ ਮੰਤਰੀ ਜਾਂ ਮੰਤਰੀ ਦੇ ਰਿਸ਼ਤੇਦਾਰਾਂ ਨੂੰ ਕੀ ਛੋਟ ਦੇ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਈਡੀ ਦੀ ਕਾਰਵਾਈ ਵਿੱਚ ਕੇਂਦਰ ਸਰਕਾਰ ਜਾਂ ਉਨ੍ਹਾਂ ਦੀ ਪਾਰਟੀ ਦਾ ਕੋਈ ਲੈਣਾ-ਦੇਣਾ ਨਹੀਂ ਹੈ, ਜੋ ਜੈਸਾ ਕਰਦਾ ਹੈ, ਉਸ ਨੂੰ ਉਹੀ ਭਰਨਾ ਪੈਂਦਾ ਹੈ। ਭਾਜਪਾ ਗੱਠਜੋੜ ਪੰਜਾਬ ਨੂੰ ਨਸ਼ਾ ਮੁਕਤ, ਮਾਫੀਆ ਮੁਕਤ ਪੰਜਾਬ, ਖੁਸ਼ਹਾਲ ਕਿਸਾਨ, ਨਰੋਆ ਸਮਾਜ, ਹਰ ਹੱਥ ਨੂੰ ਰੁਜ਼ਗਾਰ, ਵਿਕਸਿਤ ਪੰਜਾਬ, ਨਾਰੀ ਸਸ਼ਕਤੀਕਰਨ, ਬੇਰੁਜ਼ਗਾਰੀ ਦਾ ਖ਼ਾਤਮਾ ਜਿਹੇ ਮੁੱਦਿਆਂ ਨਾਲ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਲੈ ਕੇ ਜਾਵੇਗਾ।
ਇਸ ਮੌਕੇ ਭਾਜਪਾ ਪੰਜਾਬ ਦੇ ਇੰਚਾਰਜ ਐੱਮਪੀ ਦੁਸ਼ਯੰਤ ਗੌਤਮ, ਬੁਲਾਰੇ ਅਨਿਲ ਸਰੀਨ, ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਅਤੇ ਹੋਰ ਮੌਜੂਦ ਸਨ।






















