ਚੰਡੀਗੜ੍ਹ, ਮੀਡੀਆ ਬਿਊਰੋ:
20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸੂਬੇ ਵਿਚ 117 ਵਿਧਾਨ ਸਭਾ ਹਲਕਿਆਂ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਬੀਬੀ ਰਾਜਿੰਦਰ ਕੌਰ ਭੱਠਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ, ਆਪ ਦੇ ਪ੍ਰਧਾਨ ਭਗਵੰਤ ਮਾਨ,ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਐੱਸ.ਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੈ ਸਾਂਪਲਾ, ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ, ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ ਸਮੇਤ 2279 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਲਈ ਚੋਣ ਮੈਦਾਨ ਵਿਚ ਕੁੱਦੇ ਹਨ।
ਗੁਰਦਾਸਪੁਰ ਜ਼ਿਲ੍ਹੇ ’ਚ ਪੈਂਦੇ ਹਲਕਾ ਫਤਿਹਗੜ੍ਹ ਚੂੜੀਆਂ, ਬਠਿੰਡਾ ਦੇ ਭੂਚੋ ਮੰਡੀ ਤੇ ਬਠਿੰਡਾ ਰੂਰਲ ’ਚ ਸੱਭ ਤੋਂ ਘੱਟ 12 ਉਮੀਦਵਾਰਾਂ ਤੇ ਸੰਗਰੂਰ ਜ਼ਿਲ੍ਹੇ ਦੇ ਲਹਿਰਾ ਹਲਕੇ ’ਚ ਸੱਭ ਤੋਂ ਵੱਧ 37 ਉਮੀਦਵਾਰ ਮੈਦਾਨ ਵਿਚ ਹਨ। ਜੇਕਰ ਵੱਖ-ਵੱਖ ਜ਼ਿਲ੍ਹਿਆਂ ’ਚ ਪੈਂਦੇ ਹਲਕਿਆਂ ਦੀ ਗੱਲ ਕਰੀਏ ਤਾਂ ਸੱਭ ਤੋਂ ਘੱਟ ਮਾਲੇਰਕੋਟਲਾ ਜ਼ਿਲ੍ਹੇ ’ਚ 44 ਅਤੇ ਸੱਭ ਤੋਂ ਵੱਧ ਲੁਧਿਆਣਾ ਜ਼ਿਲ੍ਹੇ ’ਚ 250 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਸੇ ਤਰ੍ਹਾਂ ਪਠਾਨਕੋਟ ਜ਼ਿਲ੍ਹੇ ’ਚ 49, ਗੁਰਦਾਸਪੁਰ ਜ਼ਿਲ੍ਹੇ ’ਚ 121, ਅੰਮ੍ਰਿਤਸਰ ’ਚ 207, ਤਰਨਤਾਰਨ ’ਚ 96, ਕਪੂਰਥਲਾ ’ਚ 77, ਜਲੰਧਰ ’ਚ 170, ਹੁਸ਼ਿਆਰਪੁਰ ’ਚ 117, ਨਵਾਂਸ਼ਹਿਰ ’ਚ 48, ਰੂਪਨਗਰ ’ਚ 55, ਮੋਹਾਲੀ ’ਚ 72, ਫਿਰੋਜ਼ਪੁਰ ’ਚ 81, ਸ੍ਰੀ ਫਤਿਹਗੜ੍ਹ ਸਾਹਿਬ ’ਚ 57, ਲੁਧਿਆਣਾ ’ਚ 250, ਮੋਗਾ ’ਚ 72, ਫਾਜ਼ਿਲਕਾ ’ਚ 60, ਸ੍ਰੀ ਮੁਕਤਸਰ ਸਾਹਿਬ ’ਚ 83, ਫਰੀਦਕੋਟ ’ਚ 48, ਬਠਿੰਡਾ ’ਚ 121, ਮਾਨਸਾ ’ਚ 57, ਸੰਗਰੂਰ ’ਚ 115, ਮਾਲੇਰਕੋਟਲਾ ’ਚ 44, ਬਰਨਾਲਾ ’ਚ 69 ਅਤੇ ਪਟਿਆਲਾ ’ਚ 170 ਉਮੀਦਵਾਰ ਮੈਦਾਨ ਵਿਚ ਹਨ। ਭਲਕੇ ਚਾਰ ਫਰਵਰੀ ਬਾਅਦ ਦੁਪਿਹਰ ਤਿੰਨ ਵਜੇ ਤਕ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈ ਸਕਦੇ ਹਨ।