ਚੰਡੀਗੜ੍ਹ, ਮੀਡੀਆ ਬਿਊਰੋ:
ਹਿੰਦੂ ਤੇ ਸਿੱਖ ਚਿਹਰਾ ਦੇਖ ਕੇ ਟਿਕਟ ਵੰਡ ਦੇ ਮੁੱਦੇ ’ਤੇ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਮੀਟਿੰਗ ’ਚ ਸੀਨੀਅਰ ਆਗੂ ਅੰਬਿਕਾ ਸੋਨੀ ਤੇ ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖਡ਼ ਭਿਡ਼ ਗਏ। ਜਾਖਡ਼ ਨੇ ਅੰਬਿਕਾ ਸੋਨੀ ’ਤੇ ਦੋਹਰਾ ਪੈਮਾਨਾ ਅਪਣਾਉਣ ਦਾ ਦੋਸ਼ ਲਗਾਇਆ। ਬਾਅਦ ’ਚ ਸੋਨੀਆ ਗਾਂਧੀ ਨੇ ਮਾਮਲੇ ’ਚ ਦਖ਼ਲ ਦਿੱਤਾ ਤੇ ਮੁੱਦਾ ਸ਼ਾਂਤ ਹੋਇਆ।
ਸੋਮਵਾਰ ਨੂੰ ਹੋਈ ਸੀਈਸੀ ਦੀ ਵਰਚੁਅਲ ਮੀਟਿੰਗ ’ਚ ਚੰਡੀਗਡ਼੍ਹ ਦੇ ਨਾਲ ਲੱਗਦੇ ਮੋਹਾਲੀ ਜ਼ਿਲ੍ਹੇ ਦੀਆਂ ਖਰਡ਼ ਤੇ ਡੇਰਾ ਬੱਸੀ ਵਿਧਾਨ ਸਭਾ ਸੀਟਾਂ ਨੂੰ ਲੈ ਕੇ ਉਮੀਦਵਾਰਾਂ ’ਤੇ ਚਰਚਾ ਹੋ ਰਹੀ ਸੀ। ਮੀਟਿੰਗ ’ਚ ਅੰਬਿਕਾ ਸੋਨੀ ਸੀਈਸੀ ਦੀ ਸਬ ਕਮੇਟੀ ਦੇ ਮੈਂਬਰ ਵਜੋਂ ਸ਼ਾਮਲ ਸਨ। ਖਰਡ਼ ਸੀਟ ’ਤੇ ਚਰਚਾ ਹੋਈ ਕਿ ਇੱਥੋਂ ਸਿੱਖ ਚਿਹਰੇ ਨੂੰ ਉਤਾਰਿਆ ਜਾਵੇ ਜਾਂ ਹਿੰਦੂ ਨੂੰ। ਇਸ ’ਤੇ ਅੰਬਿਕਾ ਸੋਨੀ ਨੇ ਕਿਹਾ ਕਿ ਪੰਜਾਬ ’ਚ ਹਿੰਦੂ-ਸਿੱਖ ਵਰਗਾ ਕੋਈ ਵਿਵਾਦ ਨਹੀਂ ਹੈ। ਇਸ ਲਈ ਕਿਸੇ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਹੈ। ਡੇਰਾ ਬੱਸੀ ਸੀਟ ਲਈ ਦਾਅਵੇਦਾਰ ਅਮਿਤ ਬਾਵਾ ਤੇ ਦਪਿੰਦਰ ਢਿੱਲੋਂ ਵਿਚਾਲੇ ਮਾਮਲਾ ਫਸਿਆ ਹੋਇਆ ਸੀ। ਇਸ ’ਤੇ ਅੰਬਿਕਾ ਸੋਨੀ ਨੇ ਆਪਣੀ ਰਾਇ ਰੱਖੀ ਕਿ ਇਹ ਸੀਟ ਹਿੰਦੂ ਪ੍ਰਭਾਵ ਵਾਲੀ ਹੈ। ਇਸ ਲਈ ਹਿੰਦੂ ਨੂੰ ਹੀ ਟਿਕਟ ਦੇਣੀ ਚਾਹੀਦੀ ਹੈ। ਉਨ੍ਹਾਂ ਦੇ ਇਸ ਸੁਝਾਅ ਦਾ ਜਾਖਡ਼ ਨੇ ਇਹ ਕਹਿੰਦੇ ਹੋਏ ਵਿਰੋਧ ਕੀਤਾ ਕਿ ਇਹ ਦੋਹਰਾ ਚਰਿੱਤਰ ਹੈ। ਦੋਵੇਂ ਸੀਟਾਂ ’ਤੇ ਵੱਖ-ਵੱਖ ਵਿਚਾਰ ਕਿਉਂ ਹਨ? ਇਕ ਸੀਟ ’ਤੇ ਕਿਹਾ ਜਾ ਰਿਹਾ ਹੈ ਕਿ ਪੰਜਾਬ ’ਚ ਹਿੰਦੂ ਤੇ ਸਿੱਖ ਦਾ ਮੁੱਦਾ ਨਹੀਂ ਹੈ, ਜਦਕਿ ਦੂਜੀ ਸੀਟ ’ਤੇ ਕਿਹਾ ਜਾ ਰਿਹਾ ਹੈ ਕਿ ਇਹ ਹਿੰਦੂ ਸੀਟ ਹੈ। ਜਾਂ ਤਾਂ ਪਾਰਟੀ ਇਹ ਦੇਖੇ ਕਿ ਕਿਹਡ਼ਾ ਉਮੀਦਵਾਰ ਜਿੱਤ ਸਕਦਾ ਹੈ ਜਾਂ ਫਿਰ ਉਸ ਇਲਾਕੇ ’ਚ ਕਿਹਡ਼ੇ ਵੋਟਰ ਜ਼ਿਆਦਾ ਹਨ। ਇਸੇ ਆਧਾਰ ’ਤੇ ਉਮੀਦਵਾਰ ਦੀ ਚੋਣ ਕੀਤੀ ਜਾਵੇ। ਇਸ ਤੋਂ ਪਹਿਲਾਂ ਕਿ ਅੰਬਿਕਾ ਸੋਨੀ ਕੋਈ ਜਵਾਬ ਦਿੰਦੇ, ਸੋਨੀਆ ਗਾਂਧੀ ਨੇ ਸਥਿਤੀ ਨੂੰ ਸੰਭਾਲਿਆ ਤੇ ਮਾਮਲੇ ਨੂੰ ਸ਼ਾਂਤ ਕੀਤਾ।
ਜ਼ਿਕਰਯੋਗ ਹੈ ਸੂਬੇ ਦੀਆਂ 31 ਸੀਟਾਂ ’ਤੇ ਉਮੀਦਵਾਰਾਂ ਦਾ ਫ਼ੈਸਲਾ ਲੈਣ ਲਈ ਸੀਈਸੀ ਦੀ ਮੀਟਿੰਗ ਚੱਲ ਰਹੀ ਸੀ। ਮੀਟਿੰਗ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਾਜ਼ਰ ਨਾ ਹੋਣ ਕਾਰਨ ਕਾਂਗਰਸ ਦੀ ਦੂਜੀ ਸੂਚੀ ਨਹੀਂ ਆ ਸਕੀ।
ਅੰਬਿਕਾ ਨੇ ਵਿਗਾਡ਼ਿਆ ਸੀ ਜਾਖਡ਼ ਦਾ ਸਮੀਕਰਣ
ਸੁਨੀਲ ਜਾਖਡ਼ ਹਿੰਦੂ-ਸਿੱਖ ਦੇ ਮੁੱਦੇ ’ਤੇ ਪਹਿਲਾਂ ਤੋਂ ਹੀ ਅੰਬਿਕਾ ਸੋਨੀ ਤੋਂ ਨਾਰਾਜ਼ ਚੱਲ ਰਹੇ ਹਨ। ਪਿਛਲੇ ਸਾਲ 19 ਸਤੰਬਰ ਨੂੰ ਜਦੋਂ ਮੁੱਖ ਮੰਤਰੀ ਅਹੁਦੇ ਲਈ ਸੁਨੀਲ ਜਾਖਡ਼ ਦਾ ਨਾਂ ਸਭ ਤੋਂ ਉੱਪਰ ਚੱਲ ਰਿਹਾ ਸੀ ਤੇ 40 ਵਿਧਾਇਕਾਂ ਨੇ ਜਾਖਡ਼ ਦੇ ਹੱਕ ’ਚ ਆਪਣੀ ਵੋਟ ਦਿੱਤੀ ਸੀ ਤਾਂ ਅੰਬਿਕਾ ਸੋਨੀ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਕਿਹਾ ਸੀ ਕਿ ਪੰਜਾਬ ’ਚ ਦਸਤਾਰਧਾਰੀ ਸਿੱਖ ਹੀ ਮੁੱਖ ਮੰਤਰੀ ਬਣਨਾ ਚਾਹੀਦਾ ਹੈ। ਇਸ ਲਈ ਆਖ਼ਰ ’ਚ ਚਰਨਜੀਤ ਸਿੰਘ ਚੰਨੀ ਦਾ ਨਾਂ ਅੱਗੇ ਕਰ ਦਿੱਤਾ ਗਿਆ। ਮੰਨਿਆ ਜਾਂਦਾ ਹੈ ਕਿ ਅੰਬਿਕਾ ਸੋਨੀ ਦੇ ਦਖ਼ਲ ਕਾਰਨ ਹੀ ਜਾਖਡ਼ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਜਾਖਡ਼ ਦੀ ਇਹ ਨਾਰਾਜ਼ਗੀ ਅਕਸਰ ਸਾਹਮਣੇ ਆਉਂਦੀ ਰਹਿੰਦੀ ਹੈ।