ਪਟਿਆਲਾ, ਮੀਡੀਆ ਬਿਊਰੋ:
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੱਡਿਆਂ ਘਰਾਂ ਦੇ ਕਾਕੇ ਵੀ ਮੈਦਾਨ ਵਿਚ ਨਿੱਤਰੇ ਹਨ। ਇਕੱਲੇ ਪਟਿਆਲਾ ਜ਼ਿਲ੍ਹੇ ਦੇ 8 ਵਿਚੋਂ ਚਾਰ ਹਲਕਾ ਪਟਿਆਲਾ ਦਿਹਾਤੀ, ਪਟਿਆਲਾ ਸ਼ਹਿਰੀ, ਸਨੌਰ, ਸਮਾਣਾ, ਸ਼ੁਤਰਾਣਾ ਹਲਕਿਆਂ ਵਿਚ ਸਿਆਸੀ ਧਨਾਢਾਂ ਦੇ ਵਾਰਸ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਲਡ਼ ਰਹੇ ਹਨ।
ਹਲਕਾ ਪਟਿਆਲਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਵੱਲੋਂ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਉਸ ਦੇ ਦਾਦਾ ਸਰਦਾਰਾ ਸਿੰਘ ਕੋਹਲੀ 1977 ਵਿਚ ਅਕਾਲੀ ਸਰਕਾਰ ਮੌਕੇ ਕੈਬਨਿਟ ਮੰਤਰੀ ਰਹੇ ਹਨ। ਇਨ੍ਹਾਂ ਤੋਂ ਬਾਅਦ ਸੁਰਜੀਤ ਸਿੰਘ ਕੋਹਲੀ ਨੇ 2007 ਵਿਚ ਅਕਾਲੀ ਦਲ ਦੀ ਟਿਕਟ ’ਤੇ ਚੋਣ ਲਡ਼ੀ ਅਤੇ ਵਜ਼ੀਰੀ ਵੀ ਹਾਸਲ ਕੀਤੀ। ਸੁਰਜੀਤ ਸਿੰਘ ਕੋਹਲੀ ਦੇ ਪੁੱਤਰ ਅਜੀਤਪਾਲ ਸਿੰਘ ਕੋਹਲੀ 2007 ਵਿਚ ਕੌਂਸਲਰ ਦੀ ਚੋਣ ਜਿੱਤੇ ਤੇ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਪਟਿਆਲਾ ਸ਼ਹਿਰ ਦੇ ਮੇਅਰ ਬਣੇ। ਮੌਜੂਦਾ ਚੋਣਾਂ ਵਿਚ ਕੋਹਲੀ ਪਰਿਵਾਰ ਨੇ ਅਕਾਲੀ ਦਲ ਦੋਂ ਕਿਨਾਰਾ ਕਰਦਿਆਂ ‘ਆਪ’ ਦਾ ਪੱਲਾ ਫਡ਼ਿਆ ਤੇ ਪਾਰਟੀ ਨੇ ਟਿਕਟ ਦਿੱਤੀ ਹੈ।
ਹਲਕਾ ਸਨੌਰ ਤੋਂ ਦੋ ਸਿਆਸੀ ਧਨਾਢਾਂ ਦੇ ਵਾਰਸ ਚੋਣ ਮੈਦਾਨ ਵਿਚ ਨਿੱਤਰੇ ਹਨ। ਇਸ ਹਲਕੇ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬੁਲਾਰੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਸੱਜਾ ਹੱਥ ਮੰਨੇ ਜਾਂਦੇ ਭਰਤਇੰਦਰ ਸਿੰਘ ਚਹਿਲ ਦਾ ਪੁੱਤਰ ਆਹਮੋ-ਸਾਹਮਣੇ ਹਨ। 1998 ਵਿਚ ਕੈਪਟਨ ਨੂੰ ਵਿਧਾਨ ਸਭਾ ਚੋਣ ਵਿਚ ਮਾਤ ਦੇਣ ਵਾਲੇ ਪ੍ਰੋ. ਚੰਦੂਮਾਜਰਾ 2014 ਵਿਚ ਲੋਕ ਸਭਾ ਮੈਂਬਰ ਵੀ ਬਣੇ। ਚੰਦੂਮਾਜਰਾ ਦੇ ਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ 2017 ਵਿਚ ਹਲਕਾ ਸਨੌਰ ਤੋਂ ਪਹਿਲੀ ਚੋਣ ਲਡ਼ੀ ਤੇ ਜ਼ਿਲ੍ਹੇ ਵਿਚ ਅਕਾਲੀ ਦਲ ਦਾ ਇਕਲੌਤਾ ਵਿਧਾਇਕ ਬਨਣ ਦਾ ਮਾਣ ਹਾਸਲ ਕੀਤਾ। ਹਰਿੰਦਰਪਾਲ ਸਿੰਘ ਦੂਸਰੀ ਵਾਰ ਇਸ ਹਲਕੇ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜਦੋਂਕਿ ਪੰਜਾਬ ਲੋਕ ਕਾਂਗਰਸ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸਮ ਖ਼ਾਸ ਅਤੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਹਿਲ ਦੇ ਵਾਰਸ ਬਿਕਰਮ ਸਿੰਘ ਚਹਿਲ ਪਹਿਲੀ ਵਾਰ ਚੋਣ ਮੈਦਾਨ ਵਿਚ ਉੱਤਰੇ ਹਨ।
ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਤੋਂ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਦੇ ਪੁੱਤਰ ਮੋਹਿਤ ਮੋਹਿੰਦਰਾ ਸਿਆਸੀ ਸਫਰ ਦੀ ਸ਼ੁਰੂਆਤ ਕਰ ਰਹੇ ਹਨ। 8 ਵਿਧਾਨ ਸਭਾ ਚੋਣਾਂ ਲਡ਼ ਚੁੱਕੇ ਬ੍ਰਹਮ ਮੋਹਿੰਦਰਾ ਨੇ 6 ਵਾਰ ਜਿੱਤ ਹਾਸਲ ਕਰ ਚੁੱਕੇ ਹਨ। ਜਿਨ੍ਹਾਂ ਨੇ 2012 ਅਤੇ 17 ਵਿਚ ਲਗਾਤਾਰ ਦੋ ਵਾਰ ਪਟਿਆਲਾ ਦਿਹਾਤੀ ਤੋਂ ਜਿੱਤ ਹਾਸਲ ਕੀਤੀ ਤੇ ਇਸ ਵਾਰ ਪੁੱਤਰ ਨੂੰ ਅੱਗੇ ਕੀਤਾ ਹੈ।
ਹਲਕਾ ਸਮਾਣਾ ਤੋਂ ਸਾਬਕਾ ਵਿੱਤ ਮੰਤਰੀ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੇ ਵਾਰਸ ਕਾਕਾ ਰਜਿੰਦਰ ਸਿੰਘ ਕਾਂਗਰਸ ਪਾਰਟੀ ਵੱਲੋਂ ਦੂਸਰੀ ਵਾਰ ਚੋਣ ਮੈਦਾਨ ਵਿਚ ਹਨ। ਲਾਲ ਸਿੰਘ ਪਹਿਲੀ ਵਾਰ 1977 ਵਿਚ ਡਕਾਲਾ ਤੋਂ ਕਾਂਗਰਸ ਦੀ ਟਿਕਟ ’ਤੇ ਪੰਜਾਬ ਵਿਧਾਨ ਸਭਾ ਦਾ ਮੈਂਬਰ ਬਣੇ, ਉਸ ਤੋਂ ਬਾਅਦ ਉਹ 2012 ਤਕ 5 ਵਾਰ ਡਕਾਲਾ ਦੀ ਨੁਮਾਇੰਦਗੀ ਕਰ ਚੁੱਕੇ ਹਨ। 2012 ਵਿਚ ਲਾਲ ਸਿੰਘ ਹਲਕਾ ਸਨੌਰ ਤੋਂ ਚੋਣ ਜਿੱਤੇ। ਜਿਸ ਤੋਂ ਬਾਅਦ ਸਾਲ 2017 ਵਿਚ ਉਨ੍ਹਾਂ ਨੇ ਪੁੱਤਰ ਰਜਿੰਦਰ ਸਿੰਘ ਨੂੰ ਹਲਕਾ ਸਮਾਣਾ ਤੋਂ ਸਿਆਸੀ ਸਫ਼ਰ ਸ਼ਰੁੂ ਕਰਵਾਇਆ। 2022 ਦੀਆਂ ਚੋਣਾਂ ਵਿਚ ਪਾਰਟੀ ਨੇ ਲਾਲ ਸਿੰਘ ਦੇ ਪੁੱਤਰ ਰਜਿੰਦਰ ਸਿੰਘ ਨੂੰ ਟਿਕਟ ਦਿੱਤੀ ਹੈ।