ਚੰਡੀਗੜ੍ਹ, ਮੀਡੀਆ ਬਿਊਰੋ:
ਕਰੀਬ 80 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਮਲਟੀਪਰਪਜ਼ ਆਡੀਟੋਰੀਅਮ ਦੀ ਉਸਾਰੀ ਦਾ ਕੰਮ ਹਾਲੇ ਪੂਰਾ ਨਹੀਂ ਹੋਇਆ ਤੇ ਇਸ ਨੂੰ ਪ੍ਰਾਈਵੇਟ ਕੰਪਨੀ ਨੂੰ ਸੌਂਪਣ ਦੀ ਤਿਆਰੀ ਅਰੰਭ ਹੋ ਗਈ ਹੈ। ਮਲਟੀਪਰਪਜ਼ ਆਡੀਟੋਰੀਅਮ ਦਾ ਪ੍ਰਾਜੈਕਟ ਦਸ ਸਾਲਾਂ ਤੋਂ ਲਟਕਿਆ ਹੋਇਆ ਹੈ। 40 ਕਰੋੜ ਦੀ ਅਨੁਮਾਨਤ ਲਾਗਤ ਹੁਣ 80 ਕਰੋੜ ਤੋਂ ਉੱਪਰ ਪੁੱਜ ਗਈ ਹੈ। ਆਡੀਟੋਰੀਅਮ ਤਿਆਰ ਹੋਣ ਵਿਚ ਸਾਲ ਲੱਗ ਸਕਦਾ ਹੈ। ਪੀਯੂ ਸੈਨੇਟ ਦੀ 26 ਅਪ੍ਰੈਲ ਨੂੰ ਹੋਣ ਵਾਲੀ ਮੀਟਿੰਗ ਵਿਚ ਆਡੀਟੋਰੀਅਮ ਦੇ ਰੱਖ-ਰਖਾਅ ਲਈ ਪ੍ਰਾਈਵੇਟ ਕੰਪਨੀ ਬਣਾਉਣ ਦੀ ਤਜਵੀਜ਼ ਰੱਖੀ ਜਾਵੇਗੀ। ਪ੍ਰਸਤਾਵ ਦਾ ਵਿਰੋਧ ਹੋਣਾ ਤੈਅ ਮੰਨਿਆ ਜਾ ਰਿਹਾ ਹੈ। 6 ਮਈ ਨੂੰ ਪੀਯੂ ਦੀ 69ਵੀਂ ਕਨਵੋਕੇਸ਼ਨ ਸਬੰਧੀ ਮੌਜੂਦਾ ਏਜੰਡੇ ਵਿਚ ਕੁਝ ਪ੍ਰਸਤਾਵ ਆ ਸਕਦੇ ਹਨ। ਜਿਸ ਵਿਚ ਕਨਵੋਕੇਸ਼ਨ ਵਿਚ ਦਿੱਤੇ ਜਾਣ ਵਾਲੇ ਪੀਯੂ ਖੇਲ ਰਤਨ ਐਵਾਰਡ, ਵਿਗਿਆਨ ਰਤਨ ਤੇ ਉਦਯੋਗ ਰਤਨ ਦਿੱਤੇ ਜਾਣ ਵਾਲੇ ਵਿਅਕਤੀਆਂ ਦੇ ਨਾਂ ਰੱਖੇ ਜਾ ਸਕਦੇ ਹਨ। ਪੀਯੂ ਸੈਨੇਟ ਦਾ ਏਜੰਡਾ ਸ਼ਨੀਵਾਰ ਨੂੰ ਜਾਰੀ ਕੀਤਾ ਗਿਆ।
ਆਉਣ ਵਾਲੀ ਸੈਨੇਟ ਮੀਟਿੰਗ ’ਚ ਰੱਖੀ ਜਾਵੇਗੀ ਤਜਵੀਜ਼
-ਪੀਐੱਚਡੀ ਵਾਈਵਾ ਲਈ ਉਮੀਦਵਾਰਾਂ ਨੂੰ ਆਨਲਾਈਨ ਸਹੂਲਤ ਜਾਰੀ ਰੱਖਣ ਦੀ ਤਜਵੀਜ਼।
-ਪੀਐੱਚਡੀ ਵਿਚ ਰਜਿਸਟ੍ਰੇਸ਼ਨ ਸਬੰਧੀ ਕਮੇਟੀ ਦੀਆਂ ਨਵੀਆਂ ਸਿਫਾਰਸ਼ਾਂ ਨੂੰ ਪ੍ਰਵਾਨਗੀ।
-ਬੀਏ ਆਨਰਜ਼ ਇਕਨਾਮਿਕਸ ਵਿਚ ਦਾਖ਼ਲੇ ਦੇ ਨਿਯਮਾਂ ’ਚ ਤਬਦੀਲੀ ਦਾ ਪ੍ਰਸਤਾਵ।
-ਕੋਰਸ ’ਚ ਕੋਟੇ ਤਹਿਤ ਵਾਧੂ ਸੀਟ ਦੀ ਮਨਜ਼ੂਰੀ।
ਡੀਐੱਸਡਬਲਯੂ ਪ੍ਰੋ.ਜਗਤਾਰ ਸਿੰਘ ਤੇ ਡੀਯੂਆਈ ਪ੍ਰੋ.ਰੇਣੂ ਵਿੱਜ ਦੀ ਨਿਯੁਕਤੀ ਨੂੰ ਪ੍ਰਵਾਨਗੀ
-ਡੈਂਟਲ ਕਾਲਜਾਂ ਸਮੇਤ ਵੱਖ-ਵੱਖ ਵਿਭਾਗਾਂ ਵਿੱਚ ਸਹਾਇਕ ਪ੍ਰੋਫੈਸਰਾਂ ਨੂੰ ਠੇਕੇ ਤੇ ਮਹਿਮਾਨ ਵਜੋਂ ਨਿਯੁਕਤ ਕਰਨ ਦੀ ਪ੍ਰਵਾਨਗੀ।
-ਪੀਯੂ ਦੇ ਤਿੰਨ ਸਾਬਕਾ ਵਾਈਸ-ਚਾਂਸਲਰ ਦੁਆਰਾ ਗਠਿਤ ਕਮੇਟੀ ਵੱਲੋਂ ਅਕਾਦਮਿਕ ਤਬਦੀਲੀਆਂ ਦਾ ਪ੍ਰਸਤਾਵ।
-32 ਵਿਚ ਨਵਾਂ ਕੋਰਸ ਸੁਰੂ ਕਰਨ ਦੀ ਮਨਜ਼ੂਰੀ।
ਪਹਿਲੀ ਵਾਰ ਸੈਨੇਟ ਦਾ ਈ-ਏਜੰਡਾ
ਪੰਜਾਬ ਯੂਨੀਵਰਸਿਟੀ ਪ੍ਰਬੰਧਕਾਂ ਨੇ ਸੈਨੇਟ ਦੇ ਏਜੰਡੇ ਨੂੰ ਲੈ ਕੇ ਨਵੀਂ ਸ਼ੁਰੂਆਤ ਕੀਤੀ ਹੈ। ਪਹਿਲੀ ਵਾਰ ਸਾਰੇ ਸੈਨੇਟਰਾਂ ਨੂੰ ਈ-ਏਜੰਡਾ ਜਾਰੀ ਕੀਤਾ ਗਿਆ ਹੈ। ਇਸ ਨਾਲ ਪੀਯੂ ਪ੍ਰਸ਼ਾਸਨ ਨੂੰ ਦੋ ਫਾਇਦੇ ਹੋਣਗੇ। ਸਾਰੇ ਸੈਨੇਟਰ ਮੋਬਾਈਲ ’ਤੇ ਏਜੰਡਾ ਪ੍ਰਾਪਤ ਕਰ ਸਕਣਗੇ ਤੇ ਕਾਗਜ਼ ਪੱਖੋਂ ਜ਼ਿਆਦਾ ਬੱਚਤ ਹੋਵੇਗੀ। ਅਧਿਕਾਰੀਆਂ ਮੁਤਾਬਕ ਈ-ਏਜੰਡੇ ਵਿਚ ਅੰਤਿਕਾ ਦਾ ਹਾਈਪਰਲਿੰਕ ਦਿੱਤਾ ਜਾਵੇਗਾ, ਜਿਸ ਨਾਲ ਵਿਸਥਾਰਪੂਰਵਕ ਜਾਣਕਾਰੀ ਮਿਲੇਗੀ।