ਮੁਹਾਲੀ, ਮੀਡੀਆ ਬਿਊਰੋ:
ਮਿਸ ਪੰਜਾਬਣ ਮੁਕਾਬਲੇ ਵਿੱਚ ਇੱਕ ਕੁਡ਼ੀ ਵੱਲੋਂ ਗੰਭੀਰ ਇਲਜ਼ਾਮ ਲਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੀਟੀਸੀ ਚੈਨਲ ਦੇ ਐਮਡੀ ਰਬਿੰਦਰ ਨਾਰਾਇਣ ਵੱਲੋਂ ਅੱਜ ਜੁਡੀਸ਼ੀਅਲ ਮੈਜਿਸਟਰੇਟ ਵਿਸ਼ਵ ਜਯੋਤੀ ਦੀ ਅਦਾਲਤ ਵਿੱਚ ਰੈਗੂਲਰ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ। ਅਦਾਲਤ ਨੇ ਸਰਕਾਰੀ ਪੱਖ ਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਰਬਿੰਦਰ ਨਰਾਇਣ ਦੀ ਰੈਗੂਲਰ ਜ਼ਮਾਨਤ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ।
ਪੀਟੀਸੀ ਦੇ ਐੱਮਡੀ ਨੂੰ ਮੋਹਾਲੀ ਪੁਲਸ ਨੇ ਪੀਟੀਸੀ ਮਿਸ ਪੰਜਾਬਣ ਮੁਕਾਬਲੇ ’ਚ ਹਿੱਸਾ ਲੈਣ ਵਾਲੀ ਪ੍ਰਤੀਯੋਗੀ ’ਤੇ ਗੈਰ-ਕਾਨੂੰਨੀ ਕੰਮ ਕਰਨ ਲਈ ਦਬਾਅ ਪਾਉਣ ਅਤੇ ਸ਼ੋਅ ਛੱਡਣ ਲਈ 50 ਲੱਖ ਰੁਪਏ ਦੀ ਮੰਗ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਹੈ। ਪੁਲਿਸ ਰਿਮਾਂਡ ਖ਼ਤਮ ਹੋਣ ਮਗਰੋਂ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਸੇ ਕੇਸ ਵਿੱਚ ਨਾਮਜ਼ਦ ਮੁੱਖ ਮੁਲਜ਼ਮ ਨੈਨਸੀ ਘੁੰਮਣ ਨੇ ਵੀ ਮੁਹਾਲੀ ਅਦਾਲਤ ’ਚ ਆਪਣੀ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਮਿਸ ਪੰਜਾਬਣ ਦੇ ਮੈਗਾ ਆਡੀਸ਼ਨ ਵਿੱਚ ਹਿੱਸਾ ਲੈ ਰਹੀ ਲਡ਼ਕੀ ਦੇ ਪਿਤਾ ਗਿਆਨ ਸਿੰਘ ਨੇ 15 ਮਾਰਚ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। ਮਾਮਲਾ ਹਾਈਕੋਰਟ ਦੇ ਧਿਆਨ ’ਚ ਆਉਣ ਤੋਂ ਬਾਅਦ ਵੂਮੈਨ ਸੈੱਲ ਪੁਲਿਸ ਨੇ ਇਸ ਮਾਮਲੇ ’ਚ ਪੀਟੀਸੀ ਆਡੀਸ਼ਨ ਦੀ ਸੰਯੁਕਤ ਸਹਾਇਕ ਨਿਰਦੇਸ਼ਕ ਨੈਨਸੀ ਘੁੰਮਣ ਅਤੇ ਨਿਹਾਰਿਕਾ, ਪੀਟੀਸੀ ਚੈਨਲ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਾਰਾਇਣ ਅਤੇ ਭੁਪਿੰਦਰ ਸਿੰਘ, ਜੇਡੀ ਰੈਜ਼ੀਡੈਂਸੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੋਡਿਊਸਰ ਲਕਸ਼ਮਣ ਅਤੇ 25 ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। 5 ਅਪ੍ਰੈਲ ਨੂੰ ਪੀਡ਼ਤਾ ਨੇ ਅਦਾਲਤ ਵਿੱਚ ਸੀਆਰਪੀਸੀ 164 ਤਹਿਤ ਬਿਆਨ ਦਰਜ ਕਰਵਾਏ ਸਨ। ਅਜੇ ਤੱਕ ਰਬਿੰਦਰ ਨਾਰਾਇਣ ਤੋਂ ਇਲਾਵਾ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।