ਮੋਹਾਲੀ, ਮੀਡੀਆ ਬਿਊਰੋ:
PSEB ਨੇ ਟਰਮ-2 ਨਾਲ ਸਬੰਧਤ ਅੱਠਵੀਂ ਤੇ ਬਾਰ੍ਹਵੀਂ ਜਮਾਤ ਦੀ ਡੇਟਸ਼ੀਟ ’ਚ ਤਬਦੀਲੀ ਕੀਤੀ ਹੈ। ਕੰਟਰੋਲਰ ਪ੍ਰੀਖਿਆਵਾਂ ਜੇਆਰ ਮਹਿਰੋਕ ਵੱਲੋਂ ਜਾਰੀ ਵੇਰਵਿਆਂ ਅਨੁਸਾਰ 7 ਅਪ੍ਰੈਲ ਨੂੰ ਹੋਣ ਵਾਲਾ ਇਕਨਾਮਿਕਸ (26) ਜਨਰਲ ਫਾਊਂਡੇਸ਼ਨ ਕੋਰਸ ਵਿਸ਼ਾ ਜਮਾਤ ਬਾਰ੍ਹਵੀਂ ਦਾ ਪੇਪਰ ਹੁਣ 25 ਮਈ ਨੂੰ ਹੋਵੇਗਾ। ਬਾਰ੍ਹਵੀਂ ਜਮਾਤ ਦੇ ਕੁੱਲ ਚਾਰ ਪਰਚਿਆਂ ਦਾ ਸਮਾਂ ਤਬਦੀਲ ਕੀਤਾ ਗਿਆ ਹੈ। ਇਨ੍ਹਾਂ ਵਿਚ ਫਿਜ਼ੀਕਲ ਐਜੂਕੇਸ਼ਨ ਦਾ 23 ਮਈ ਨੂੰ ਹੋਣ ਵਾਲਾ ਪਰਚਾ ਹੁਣ 7 ਮਈ ਨੂੰ ’ਤੇ ਪਾ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਸਵਾਗਤ ਜ਼ਿੰਦਗੀ ਵਿਸ਼ੇ ਦਾ ਪੇਪਰ 17 ਮਈ ਦੀ ਥਾਂ ਹੁਣ 20 ਮਈ ਤੇ ਪਬਲਿਕ ਐਡਮਨਿਸਟ੍ਰੇਸ਼ਨ ਦਾ ਪਰਚਾ 20 ਮਈ ਦਾ ਥਾਂ 17 ਮਈ ਨੂੰ ਤੈਅ ਕਰ ਦਿੱਤਾ ਗਿਆ ਹੈ। ਬਾਕੀ ਵੇਰਵਿਆਂ ਅਨੁਸਾਰ 7 ਅਪ੍ਰੈਲ ਤੋਂ ਸ਼ੁਰੂ ਹੋਈ ਅੱਠਵੀਂ ਜਮਾਤ ਦੀ ਪ੍ਰੀਖਿਆ ਵਿਚੋਂ 13 ਅਪ੍ਰੈਲ ਤੋਂ 28 ਅਪ੍ਰੈਲ ਤਕ ਹੋਣ ਵਾਲੇ ਪੇਪਰ ਹੁਣ 10 ਵਜੇ ਦੀ ਥਾਂ ਸਵੇਰੇ 9 ਵਜੇ ਸ਼ੁਰੂ ਹੋਣਗੇ ਜਦੋਂ ਕਿ 11 ਅਪ੍ਰੈਲ ਨੂੰ ਹੋਣ ਵਾਲਾ ਅੰਗਰੇਜ਼ੀ ਵਿਸ਼ੇ ਦੇ ਪੇਪਰ ਦਾ ਸਮਾਂ ਸਵੇਰੇ 10 ਵਜੇ ਹੀ ਰੱਖਿਆ ਗਿਆ ਹੈ। ਕੰਟਰੋਲਰ ਪ੍ਰੀਖਿਆਵਾਂ ਨੇ ਹੁਕਮਾਂ ’ਚ ਕਿਹਾ ਹੈ ਕਿ 11 ਅਪ੍ਰੈਲ ਨੂੰ ਸਮੂਹ ਕੇਂਦਰ ਸੁਪਰਡੈਂਟ ਤੇ ਪ੍ਰੀਖਿਆ ਦੇਣ ਆ ਰਹੇ ਸਮੂਹ ਵਿਦਿਆਰਥੀਆਂ ਨੂੰ ਹਸਤਾਖਰ ਚਾਰਟ ’ਤੇ ਦਸਤਖ਼ਤ ਕਰਵਾਉਣ ਸਮੇਂ ਅਗਲੀ ਪ੍ਰੀਖਿਆ ਬਾਰੇ ਲਿਖਤੀ ਰੂਪ ’ਚ ਨੋਟ ਕਰਵਾਉਣਗੇ। ਮਹਿਰੋਕ ਨੇ ਦੱਸਿਆ ਕਿ ਬਦਲਾਅ ਦਾ ਕਾਰਨ ਪ੍ਰਬੰਧਕੀ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਲਿਆ ਗਿਆ ਹੈ।