ਖੰਨਾ (ਪਰਮਜੀਤ ਸਿੰਘ ਧੀਮਾਨ) –ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬੇ ਦੀ ਕਾਂਗਰਸ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਆਮ ਲੋਕ ਮਹਿੰਗਾਈ ਦੀ ਚੱਕੀ ਵਿਚ ਪਿੱਸ ਰਹੇ ਹਨ, ਪ੍ਰਤੂੰ ਇਨ੍ਹਾਂ ਸਰਕਾਰਾਂ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ। ਇਹ ਪ੍ਰਗਟਾਵਾ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ਇੰਚਾਰਜ਼ ਸੁਖਵੰਤ ਸਿੰਘ ਟਿੱਲੂ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਪਹਿਲੀ ਟਰਮ ਵਿਚ ‘ਸਭਕਾ ਸਾਥ ਸਭਕਾ ਵਿਕਾਸ’ ਦਾ ਨਾਅਰਾ ਤੇ ਵਾਅਦਾ ਖੂਹ ਖਾਤੇ ਪੈ ਗਿਆ ਹੈ, ਕਿਉਂਕਿ ਵਿਕਾਸ ਤਾਂ ਸਿਰਫ਼ ਕਾਰਪੋਰੇਟ ਘਰਾਣਿਆਂ ਦਾ ਹੋਇਆ ਹੈ, ਆਮ ਲੋਕਾਂ ਦਾ ਨਹੀਂ। ਉਨ੍ਹਾਂ ਕਿਹਾ ਕਿ ਅੱਜ ਆਏ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਕੋਈ ਸਮਾਂ ਸੀ ਜਦੋਂ ਭਾਜਪਾ ਵਾਲੇ ਪੈਟਰੋਲੀਅਮ ਪਦਾਰਥਾਂ ਵਿਚ ਮਾਮੂਲੀ ਵਾਧੇ ਸਬੰਧੀ ਵਿਰੋਧਤਾ ਦਰਜ ਕਰਵਾਉਣ ਲਈ ਸੜਕਾਂ ’ਤੇ ਉਤਰ ਆਉਂਦੇ ਸੀ ਅਤੇ ਅੱਜ ਮੂੰਹ ਵੀ ਨਹੀਂ ਖੋਲ੍ਹਦੇ।
ਟਿੱਲੂ ਨੇ ਕਿਹਾ ਕਿ ਰਸੋਈ ਗੈਸ ਅਤੇ ਆਮ ਲੋੜੀਂਦੀਆਂ ਚੀਜ਼ਾਂ ’ਚ ਹੋ ਰਹੇ ਵਾਧੇ ਕਾਰਨ ਆਮ ਵਿਅਕਤੀ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਿਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਬੀਬੀ ਇੰਦਰਜੀਤ ਕੌਰ ਪੰਧੇਰ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਉਂਦੀਆਂ ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਭਰਮਾਉਣ ਲਈ ਨਵੇਂ ਨਵੇਂ ਵਾਅਦੇ ਕਰ ਰਹੇ ਹਨ, ਪ੍ਰਤੂੰ ਹੁਣ ਸਿਰਫ਼ ਵਾਅਦੇ ਕਰਨ ਨਾਲ ਕੁਝ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਜੇਕਰ ਚੰਨੀ ਸਰਕਾਰ ਲੋਕਾਂ ਦੀ ਹਮਾਇਤੀ ਹੈ ਤਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦਾ ਬੋਝ ਘਟਾਉਣ ਲਈ ਲਾਏ ਜਾ ਰਹੇ ਟੈਕਸ ਵਿਚ ਕਟੌਤੀ ਕਰਕੇ ਲੋਕਾਂ ਨੂੰ ਰਾਹਤ ਦੇਵੇ। ਇਸ ਮੌਕੇ ਸੰਦੀਪ ਸਿੰਘ, ਅਵਤਾਰ ਸਿੰਘ ਢਿੱੱਲੋਂ, ਗੁਰਮੀਤ ਸਿੰਘ ਬੈਨੀਪਾਲ, ਰਵਿੰਦਰ ਕੌਰ ਰੰਗੀ, ਪਰਮਿੰਦਰ ਕੌਰ ਆਦਿ ਹਾਜ਼ਰ ਸਨ।