ਵੋਟਾਂ ਤੋਂ 4 ਦਿਨ ਪਹਿਲਾਂ ਅੰਮ੍ਰਿਤਸਰ ਦੇ ਮੇਅਰ ਕਾਂਗਰਸ ਛੱਡ ‘ਆਪ’ ‘ਚ ਸ਼ਾਮਲ
ਅੰਮ੍ਰਿਤਸਰ, ਮੀਡੀਆ ਬਿਊਰੋ:
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਆਪਣੇ ਹੀ ਜ਼ਿਲ੍ਹੇ ਨੂੰ ਸੰਭਾਲਣ ਤੋਂ ਅਸਮਰੱਥ ਹਨ। ਬੁੱਧਵਾਰ ਨੂੰ ਇਕ ਵੱਡੇ ਸਿਆਸੀ ਘਟਨਾਕ੍ਰਮ ‘ਚ ਕਾਂਗਰਸ ਤੋਂ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ। ਉਹ ਚੰਡੀਗੜ੍ਹ ‘ਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਹਾਜ਼ਰੀ ‘ਚ ‘ਆਪ’ ‘ਚ ਸ਼ਾਮਲ ਹੋਏ।
ਪਿਛਲੇ ਕੁਝ ਦਿਨਾਂ ਦੇ ਘਟਨਾਕ੍ਰਮ ਤੋਂ ਸਾਫ਼ ਹੈ ਕਿ ਸਿੱਧੂ ਆਪਣੇ ਹੀ ਗੜ੍ਹ ਵਿੱਚ ਘਿਰੇ ਨਜ਼ਰ ਆ ਰਹੇ ਹਨ। ਉਹ ਖੁਦ ਅੰਮ੍ਰਿਤਸਰ ਪੂਰਬੀ ਸੀਟ ਤੋਂ ਚੋਣ ਮੈਦਾਨ ‘ਚ ਹਨ। ਇੱਥੋਂ ਅਕਾਲੀ ਦਲ ਨੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਤੇ ਭਾਜਪਾ ਦੇ ਸੇਵਾਮੁਕਤ ਆਈਏਐਸ ਡਾਕਟਰ ਜਗਮੋਹਨ ਸਿੰਘ ਰਾਜੂ ਨੂੰ ਮੈਦਾਨ ‘ਚ ਉਤਾਰ ਕੇ ਮੁਕਾਬਲਾ ਦਿਲਚਸਪ ਬਣਾ ਦਿੱਤਾ ਹੈ। ਮਜੀਠੀਆ ਦੀ ਐਂਟਰੀ ਕਾਰਨ ਸਿੱਧੂ ਨੂੰ ਆਪਣੀ ਧੀ ਰਾਬੀਆ ਸਿੱਧੂ ਨੂੰ ਵੀ ਚੋਣ ਪ੍ਰਚਾਰ ਲਈ ਮੈਦਾਨ ‘ਚ ਉਤਾਰਨਾ ਪਿਆ। ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਅੰਕਾ ਗਾਂਧੀ ਨੇ ਇਕ ਦਿਨ ਪਹਿਲਾਂ ਹੀ ਦੂਜੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੇ ਸਿੱਧੂ ਲਈ ਅੰਮ੍ਰਿਤਸਰ ‘ਚ ਰੋਡ ਸ਼ੋਅ ਕੀਤਾ।
ਦੱਸ ਦੇਈਏ ਕਿ ਸਿੱਧੂ ਨੇ ਪੰਜਾਬ ‘ਚ ਮੁੱਖ ਮੰਤਰੀ ਚਿਹਰਾ ਹੋਣ ਦਾ ਦਾਅਵਾ ਕੀਤਾ ਸੀ। ਇਸ ਸਬੰਧੀ ਉਨ੍ਹਾਂ ਦੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਲੰਮੀ ਤਕਰਾਰ ਚੱਲ ਰਹੀ ਸੀ। ਰਾਹੁਲ ਗਾਂਧੀ ਦੇ ਦਖ਼ਲ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦਾ ਸੀਐਮ ਚਿਹਰਾ ਐਲਾਨਿਆ।
‘ਆਪ’ ਦਾ ਦਾਅਵਾ- ਚੰਨੀ ਭਦੌੜ ਤੇ ਸ੍ਰੀ ਚਮਕੌਰ ਸਾਹਿਬ ਤੋਂ ਹਾਰ ਰਹੇ
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ‘ਆਪ’ ਦੇ ਸੀਐਮ ਚਿਹਰੇ ਭਗਵੰਤ ਮਾਨ ਦਾਅਵਾ ਕਰ ਚੁੱਕੇ ਹਨ ਕਿ ਉਨ੍ਹਾਂ ਨੇ ਸ੍ਰੀ ਚਮਕੌਰ ਸਾਹਿਬ ਤੇ ਭਦੌੜ ‘ਚ ਸਰਵੇਖਣ ਕਰਵਾਇਆ ਹੈ ਜਿਸ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸੀਐੱਮ ਚਰਨਜੀਤ ਸਿੰਘ ਚੰਨੀ ਦੋਵਾਂ ਸੀਟਾਂ ਤੋਂ ਹਾਰ ਰਹੇ ਹਨ। ਉਨ੍ਹਾਂ ਦੇ ਇਸ ਦਾਅਵੇ ਤੋਂ ਬਾਅਦ ਕਾਂਗਰਸ ‘ਚ ਹਲਚਲ ਮਚ ਗਈ ਹੈ।