ਮਿਨੀਏਪੋਲਿਸ ਵਿਚ ਪੁਲਿਸ ਵਿਭਾਗ ਹੋਵੇਗਾ ਭੰਗ।
ਕੈਲੀਫੋਰਨੀਆ (ਹੁਸਨ ਲੜੋਆ ਬੰਗਾ)— ਮਿਨੀਏਪੋਲਿਸ ਸ਼ਹਿਰ ਵਿਚ ਜਾਰਜ ਫਲਾਈਡ ਨਾਮੀ ਕਾਲੇ ਵਿਅਕਤੀ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਤੋਂ ਬਾਅਦ ਵਾਸ਼ਿੰਗਟਨ ਵਿਚ ਤਾਇਨਾਤ ਕੀਤੇ ਨੈਸ਼ਨਲ ਗਾਰਡ ਹਟਾ ਲਏ ਗਏ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ। ਉਨਾਂ ਕਿਹਾ ਹੈ ਕਿ ‘ਮੈ ਹੁਣੇ ਹੀ ਵਾਸ਼ਿੰਗਟਨ ਡੀ. ਸੀ ਵਿਚੋਂ ਨੈਸ਼ਨਲ ਗਾਰਡ ਹਟਾਉਣ ਦੀ ਪ੍ਰਕ੍ਰਿਆ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਹੈ ਕਿਉਂਕਿ ਹੁਣ ਹਰ ਚੀਜ਼ ਨਿਯੰਤਰਣ ਹੇਠ ਹੈ।
ਉਹ ਹੁਣ ਵਾਪਿਸ ਜਾ ਰਹੇ ਹਨ ਪਰ ਜੇਕਰ ਲੋੜ ਪਈ ਤਾਂ ਉਨਾਂ ਨੂੰ ਦੁਬਾਰਾ ਫਿਰ ਫੌਰੀ ਸੱਦ ਲਿਆ ਜਾਵੇਗਾ।’ ਲੰਘੇ ਦਿਨ ਵਾਸ਼ਿੰਗਟਨ ਵਿਚ ਕੁੱਝ ਲੋਕ ਇਕੱਠੇ ਹੋਏ ਪਰ ਉਨਾਂ ਨੇ ਸ਼ਾਤਮਈ ਪ੍ਰਦਰਸ਼ਨ ਕੀਤਾ। ਨਿਊਯਾਰਕ ਸਮੇਤ ਕਈ ਸ਼ਹਿਰਾਂ ਵਿਚ ਹਾਲਾਤ ਸ਼ਾਂਤ ਹੋ ਗਏ ਹਨ ਤੇ ਕਰਫ਼ਿਊ ਹਟਾ ਲਿਆ ਗਿਆ ਹੈ। ਨਿਊਯਾਰਕ ਦੇ ਮੇਅਰ ਬਿੱਲ ਡੀ ਬਲਾਸੀਓ ਨੇ ਇਕ ਟਵੀਟ ਵਿਚ ਕਿਹਾ ਹੈ ਕਿ ਕਰਫ਼ਿਊ ਨੂੰ ਤੁਰੰਤ ਹਟਾ ਲਿਆ ਗਿਆ ਹੈ ਕਿਉਂਕਿ ਸਭ ਕੁਝ ਆਮ ਵਾਂਗ ਹੋ ਰਿਹਾ ਹੈ।
ਮਿਨੀਏਪੋਲਿਸ ਦਾ ਪੁਲਿਸ ਵਿਭਾਗ ਹੋਵੇਗਾ ਭੰਗ-
ਮਿਨੀਏਪੋਲਿਸ ਸਿਟੀ ਕੌਂਸਲ ਨੇ ਲੰਘੇ ਦਿਨ ਸ਼ਹਿਰ ਦੇ ਪੁਲਿਸ ਵਿਭਾਗ ਵਿਚ ਇਨਕਲਾਬੀ ਤਬਦੀਲੀਆਂ ਕਰਨ ਦਾ ਫੈਸਲਾ ਕੀਤਾ। ਕੌਂਸਲ ਦੀ ਵੱਡੀ ਬਹੁਗਿਣਤੀ ਨੇ ਜਨਤਿਕ ਤੌਰ ‘ਤੇ ਪੁਲਿਸ ਵਿਭਾਗ ਭੰਗ ਕਰਨ ਦਾ ਸਮਰਥਨ ਕੀਤਾ ਹੈ। ਹਾਲਾਂ ਕਿ ਮੇਅਰ ਜੈਕਬ ਫਰੇ ਪੁਲਿਸ ਵਿਚ ਸੁਧਾਰ ਲਿਆਉਣਾ ਚਹੁੰਦੇ ਹਨ ਪਰੰਤੂ ਕੌਂਸਲ ਦੇ 12 ਵਿਚੋਂ 9 ਮੈਂਬਰਾਂ ਨੇ ਪੁਲਿਸ ਵਿਭਾਗ ਨੂੰ ਭੰਗ ਕਰਨ ਦੀ ਹਮਾਇਤ ਕੀਤੀ। ਕੌਂਸਲ ਦੀ ਪ੍ਰਧਾਨ ਲੀਸਾ ਬੈਂਡਰ ਨੇ ਕਿਹਾ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਸਾਡੀ ਪੁਲਿਸ ਸਾਡੇ ਸਮਾਜ ਨੂੰ ਸੁਰੱਖਿਅਤ ਰਖਣ ਵਿਚ ਨਾਕਾਮ ਰਹੀ ਹੈ। ਪੁਲਿਸ ਵਿਭਾਗ ਵਿਚ ਵੱਡੀ ਪੱਧਰ ਉਪਰ ਸੁਧਾਰ ਲਿਆਉਣ ਦੀਆਂ ਕੋਸ਼ਿਸ਼ਾਂ ਫੇਲ ਹੋ ਚੁੱਕੀਆਂ ਹਨ। ਇਥੇ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿਟੀ ਕੌਂਸਲ ਨੇ ਪੁਲਿਸ ਵੱਲੋਂ ਕਿਸੇ ਵੀ ਵਿਅਕਤੀ ਦੀ ਧੌਣ ਉਪਰ ਗੋਡਾ ਰਖਣ ‘ਤੇ ਪਾਬੰਦੀ ਲਾ ਦਿੱਤੀ ਸੀ। ਆਉਣ ਵਾਲੇ ਦਿਨਾਂ ਵਿਚ ਪੁਲਿਸ ਵਿਭਾਗ ਦੀ ਸ਼ਕਲ ਕਿਹੋ ਜਿਹੀ ਹੋਵੇਗੀ, ਇਹ ਸਪੱਸ਼ਟ ਹੋ ਜਾਵੇਗਾ ਪਰ ਇਕ ਗੱਲ ਅਜੇ ਸਾਫ ਨਹੀਂ ਹੈ ਕਿ ਪੁਲਿਸ ਵਿਭਾਗ ਦੀ ਥਾਂ ‘ਤੇ ਕਿਹੜੀ ਵਿਵਸਥਾ ਬਣਾਈ ਜਾਵੇਗੀ।
ਗੋਰੇ ਪੁਲਿਸ ਅਧਿਕਾਰੀ ਨੂੰ ਕਾਲਿਆਂ ਨੇ ਬਚਾਇਆ-
ਲੁਈਸਵਿਲੇ ਵਿਚ ਕਲਾਰਕ ਬ੍ਰਿਜ ਕੋਲ ਗੈਲਨ ਹਿੰਸ਼ਾ ਨਾਮੀ ਪੁਲਿਸ ਅਧਿਕਾਰੀ ਦੀ ਕਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਘੇਰ ਲਿਆ ਤੇ ਉਹ ਉਸ ਦੀ ਕਾਰ ਉਪਰ ਚੜ ਗਏ। ਪੁਲਿਸ ਅਧਿਕਾਰੀ ਨੇ ਆਪਣੇ ਸਾਥੀਆਂ ਨੂੰ ਰੇਡੀਓ ਕਾਲ ਕਰਕੇ ਮੱਦਦ ਦੀ ਬੇਨਤੀ ਕੀਤੀ। ਉਹ ਖੁਦ ਕਾਰ ਵਿਚੋਂ ਨਿਕਲਕੇ ਬਾਹਰ ਆ ਗਿਆ। ਏਨੇ ਨੂੰ ਉਥੇ ਮੌਜੂਦ ਹੋਰ ਪ੍ਰਦਰਸ਼ਨਕਾਰੀਆਂ ਨੇ ਉਸ ਦੁਆਲੇ ਘੇਰਾ ਪਾ ਲਿਆ। ਬਾਅਦ ਵਿਚ ਹਿੰਸ਼ਾ ਨੇ ਮੰਨਿਆ ਕਿ ਕੁੱਝ ਲੋਕਾਂ ਦੀ ਮੱਦਦ ਨਾਲ ਉਨਾਂ ਦੀ ਜਾਨ ਬਚ ਗਈ ਹੈ।