
ਖੰਨਾ (ਪਰਮਜੀਤ ਸਿੰਘ ਧੀਮਾਨ) – ਅੱਜ ਇਥੇ ਬਿਜਲੀ ਬੋਰਡ ਨਾਲ ਸਬੰਧਤ ਟੈਕਨੀਕਲ ਸਰਵਿਸਜ਼ ਯੂਨੀਅਨ ਦੀਆਂ ਵੱਖ ਵੱਖ ਜੱਥੇਬੰਦੀਆਂ ਨੇ ਸਾਂਝੇ ਰੂਪ ਵਿਚ ਇੱਕਠ ਕਰਕੇ ਪਾਵਰਕਾਮ ਟ੍ਰਾਂਸਕੋ ਮੈਨੇਜਮੈਂਟ ਖਿਲਾਫ਼ ਰੋਸ ਰੈਲੀ ਕੱਢੀ। ਇਸ ਮੌਕੇ ਬਿਜਲੀ ਕਾਮਿਆਂ ਨੇ 26 ਨਵੰਬਰ ਤੱਕ ਸਮੂਹਿਕ ਛੁੱਟੀ ’ਤੇ ਜਾਣ ਦਾ ਫੈਸਲਾ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਰਤਾਰ ਚੰਦ, ਮਨੀ ਰਾਮ, ਗੁਰਚਰਨ ਸਿੰਘ ਅਤੇ ਸੁਖਵੀਰ ਸਿੰਘ ਨੇ ਮੰਗ ਕੀਤੀ ਕਿ 2011 ਤੋਂ ਬਿਜਲੀ ਮੁਲਾਜ਼ਮਾਂ ਦੇ ਪੇ-ਬੈਂਡ ਦਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲੋਂ ਫਰਕ ਕਾਇਮ ਰੱਖਦੇ ਹੋਏ ਵਾਧਾ ਕੀਤਾ ਜਾਵੇ, ਪਟਿਆਲਾ ਸਰਕਾਰ ਤੋਂ ਡਿਸਮਿਸ ਕੀਤੇ ਸਾਥੀ ਬਿਨ੍ਹਾਂ ਸ਼ਰਤ ਬਹਾਲ ਕੀਤੇ ਜਾਣ, 33 ਪ੍ਰਤੀਸ਼ਤ ਪੈਨਸ਼ਨ ਕਟੌਤੀ ਦਾ ਫੈਸਲਾ ਵਾਪਸ ਲਿਆ ਜਾਵੇ।
ਤਨਖਾਹ ਸਕੇਲ ਦੋ ਧਿਰੀ ਗੱਲਬਾਤ ਰਾਹੀਂ ਬਿਨ੍ਹਾਂ ਸ਼ਰਤ 15ਵੀਂ ਲੇਬਰ ਕਾਨਫਰੰਸ ਮੁਤਾਬਿਕ ਪ੍ਰਵਾਨ ਕਰਕੇ ਸੋਧੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਰਿਟਾਇਰ ਮੁਲਾਜ਼ਮਾਂ ਨੂੰ ਬਿਜਲੀ ਯੂਨਿਟ ਵਿਚ ਛੋਟ ਦਿੱਤੀ ਜਾਵੇ, ਪਾਵਰਕਾਮ ਤੇ ਟ੍ਰਾਂਸਕੋ ਅੰਦਰ ਪੱਕੀ ਭਰਤੀ ਸ਼ੁਰੂ ਕੀਤੀ ਜਾਵੇ, ਠੇਕੇ ’ਤੇ ਕੰਮ ਕਰਦੇ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਆਦਿ। ਇਸ ਮੌਕੇ ਜਗਜੀਤ ਸਿੰਘ, ਦਲਜੀਤ ਸਿੰਘ, ਸ਼ੇਰ ਸਿੰਘ, ਰਾਜੇਸ਼ ਕੁਮਾਰ, ਜਾਮੀਲ ਖਾਨ, ਮਨਜੀਤ ਸਿੰਘ, ਜਸਵੰਤ ਸਿੰਘ, ਅਜੇ ਕੁਮਾਰ, ਗੁਰਮੁੱਖ ਸਿੰਘ ਨੇ ਕਿਹਾ ਕਿ ਜੇਕਰ ਮੈਨੇਜਮੈਂਟ ਤੇ ਪੰਜਾਬ ਸਰਕਾਰ ਨੇ ਮੰਗਾਂ ਜਲਦ ਪ੍ਰਵਾਨ ਨਾ ਕੀਤੀਆਂ ਤਾ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।