ਅੰਮ੍ਰਿਤਸਰ : ਨਸ਼ਾ ਤਸਕਰੀ ਦੇ ਸਬੰਧ ਵਿਚ ਦਰਜ ਐੱਫਆਈਆਰ ਵਿਚ ਨਾਂ ਆਉਣ ਤੋਂ ਬਾਅਦ ਅਕਾਲੀ ਦਲ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਰੂਪੋਸ਼ ਹੋ ਗਏ ਹਨ। ਇਸ ਦੇ ਚੱਲਦੇ ਬਿਕਰਮ ਸਿੰਘ ਮਜੀਠੀਆ ਦੀ ਗੁੰਮਸ਼ੁਦਗੀ ਦੇ ਮਹਾਨਗਰ ਵਿਚ ਵੱਖ-ਵੱਖ ਸਥਾਨਾਂ ’ਤੇ ਪੋਸਟਰ ਲੱਗ ਗਏ ਹਨ। ਇਹ ਰੰਗਦਾਰ ਪੋਸਟਰ ਸਰਕਟ ਹਾਊਸ ਤੋਂ ਲੈ ਕੇ ਕਚਹਿਰੀ ਚੌਕ ਤਕ ਕਾਫ਼ੀ ਗਿਣਤੀ ਵਿਚ ਲੱਗੇ ਹੋਏ ਹਨ।
ਇਹ ਪੋਸਟਰ ਕਿਸ ਸੰਸਥਾਨ ਜਾਂ ਸਰਕਾਰੀ ਏਜੰਸੀ ਨੇ ਲਗਵਾਏ ਹਨ, ਇਸ ਦਾ ਵੀ ਪੋਸਟਰਾਂ ਉੱਤੇ ਕੋਈ ਜ਼ਿਕਰ ਨਹੀ ਹੈ। ਬਿਕਰਮ ਸਿੰਘ ਮਜੀਠੀਆ ਦੀ ਗੁੰਮਸ਼ੁਦਗੀ ਸਬੰਧੀ ਪੋਸਟਰ ਲੱਗਣ ਨਾਲ ਸ਼ਹਿਰ ਵਿਚ ਵੱਡੀ ਚਰਚਾ ਹੈ। ਪੋਸਟਰਾਂ ਨੂੰ ਲੱਗੇ ਦੇਖਣ ਵਾਲੇ ਲੋਕ ਤਾਂ ਖੁੱਲ੍ਹੇਆਮ ਇਹ ਕਹਿ ਰਹੇ ਸਨ ਕਿ ਸਿੱਖ ਇਤਿਹਾਸ ਵਿਚ ਕਿਤੇ ਵੀ ਕਿਸੇ ਜਰਨੈਲ ਦੇ ਲੁਕ ਕੇ ਬੈਠਣ ਦਾ ਜ਼ਿਕਰ ਨਹੀ ਹੈ। ਜਰਨੈਲ ਤਾਂ ਕਦੇ ਲੁਕ ਕੇ ਨਹੀਂ ਬੈਠ ਜਾਂਦੇ, ਅਕਾਲੀ ਦਲ ਦੇ ਜਰਨੈਲ ਜੋ ਆਪਣੇ ਆਪਣੇ ਨੂੰ ਅਤੇ ਉਨ੍ਹਾਂ ਦੇ ਸਮਰਥਨ ਨਿਰਦੋਸ਼ ਹੋਣ ਦਾ ਦਾਅਵਾ ਕਰਦੇ ਹੈ ਤਾਂ ਫਿਰ ਲੁਕ ਕੇ ਬੈਠੇ ਮਾਝੇ ਦੇ ਜਰਨੈਲ ਸਾਹਮਣੇ ਆ ਕੇ ਆਪਣੀ ਸੱਚਾਈ ਨੂੰ ਸਾਬਤ ਕਿਉਂ ਨਹੀਂ ਕਰਦੇ। ਪੋਸਟਰ ’ਤੇ ਮਜੀਠੀਆ ਨੂੰ ਸਿੱਧੇ ਤੌਰ ’ਤੇ ਚਿੱਟੇ ਦੇ ਨਾਲ ਜੋੜਿਆ ਗਿਆ ਹੈ। ਇਹ ਪੋਸਟਰ ਪੰਜਾਬੀ ਵਿਚ ਛਪੇ ਹਨ।
ਪਿਛਲੇ ਮਹੀਨੇ ਬਿਕਰਮ ਮਜੀਠੀਆ ਖ਼ਿਲਾਫ਼ ਨਸ਼ਾ ਤਸਕਰੀ ਦੇ ਮਾਮਲੇ ਸਬੰਧੀ ਐੱਫਆਈਆਰ ਦਰਜ ਹੋਈ ਸੀ। ਪੋਸਟਰ ’ਤੇ ਗੁੰਮਸ਼ੁਦਾ ਦੀ ਤਲਾਸ਼ ਵੀ ਲਿਖਿਆ ਹੋਇਆ ਹੈ ਅਤੇ ਨਾਂ ਸਿੱਧੇ ਤੌਰ ’ਤੇ ਨਸ਼ੇ ਨਾਲ ਜੋੜ ਦਿੱਤਾ ਗਿਆ ਹੈ। ਇਨ੍ਹਾਂ ਪੋਸਟਰਾਂ ’ਤੇ ਮਜੀਠੀਆ ਦੀ ਪਹਿਚਾਣ ਮਜੀਠਾ ਚਿੱਟੇ ਵਾਲਾ ਦੱਸਿਆ ਗਿਆ ਹੈ। ਪੋਸਟਰ ’ਤੇ ਉਮਰ 45 ਸਾਲ, ਰੰਗ ਸਾਂਵਲਾ ਅਤੇ ਕੱਦ ਛੇ ਫੁੱਟ ਚਾਰ ਇੰਚ ਦੱਸੀ ਗਈ ਹੈ। ਇਸ ’ਤੇ ਦੋਸ਼ ਪੰਜਾਬ ਵਿਚ ਨਸ਼ਾ ਲਿਆਉਣ ਵਾਲਾ ਦੱਸਿਆ ਗਿਆ ਹੈ। ਪੋਸਟਰ ’ਤੇ ਇਨਾਮ ਦੀ ਰਾਸ਼ੀ ਦੇ ਤੌਰ ’ਤੇ ਲਿਖਿਆ ਹੈ ਕਿ ਨਸ਼ਾ-ਮੁਕਤ ਪੰਜਾਬ। ਪੋਸਟਰ ਦੇ ਹੇਠਾਂ ਨੋਟ ਵੀ ਲਿਖਿਆ ਹੈ ਕਿ ਬਿਕਰਮ ਮਜੀਠੀਆ ਕਿਤੇ ਵੀ ਦਿਸੇ ਤਾਂ ਤੁਰੰਤ ਨਜ਼ਦੀਕ ਦੇ ਪੁਲਿਸ ਸਟੇਸ਼ਨ ’ਤੇ ਸੂਚਿਤ ਕਰੋ।