ਪੱਪੀ ਭਦੌੜ ਦੀ ਸੰਗੀਤ ਪ੍ਰਤੀ ਵੱਡਮੁਲੀ ਦੇਣ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ – ਡਾ. ਸਿਮਰਜੀਤ ਧਾਲੀਵਾਲ
ਫਰਿਜਨੋ, ਕੈਲੀਫੋਰਨੀਆਂ (ਨੀਟਾ ਮਾਛੀਕੇ /ਕੁਲਵੰਤ ਧਾਲੀਆਂ) ਪੱਪੀ ਭਦੌੜ, ਇੱਕ ਸਫਲ ਸੰਗੀਤਕਾਰ ਅਤੇ ਮਿਆਰੀ ਗੀਤਾਂ ਦਾ ਰਚੇਤਾ ਹੈ। ਜਿਸ ਨੇ ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਮੁਹੰਮਦ ਸਦੀਕ ਵਰਗੇ ਕਲਾਕਾਰਾਂ ਨਾਲ ਸਟੇਜ ਤੇ ਕੰਮ ਕੀਤਾ ਅਤੇ ਨਛੱਤਰ ਛੱਤਾ ਅਤੇ ਮੇਜਰ ਰਾਜਸਥਾਨੀ ਵਰਗੇ ਕਲਾਕਾਰਾਂ ਨੂੰ ਸਟੇਜਾਂ ਤੇ ਚੜਾਇਆ। ਪੱਪੀ ਦੇ ਲਿਖੇ ਬਹੁਤ ਸਾਰੇ ਗੀਤ ਵੱਖੋ-ਵੱਖ ਕਲਾਕਾਰ ਨੇ ਗਾਏ। ਪੱਪੀ ਲੰਮੇ ਅਰਸੇ ਤੋ ਪੰਜਾਬ ਤੋ ਦੂਰ ਅਮਰੀਕਾ ਰਹਿਕੇ ਵੀ ਸੰਗੀਤ ਨਾਲ ਜੁੜਿਆ ਰਿਹਾ। ਉਸਦਾ ਇੱਕ ਗੀਤ ਜਿਹੜਾ ਸਿੱਖੀ ਵਿੱਚ ਆ ਰਹੇ ਨਿਘਾਰ ਦੀ ਗੱਲ ਕਰਦਾ, ਸਿੱਖਾਂ ਨੂੰ ਆਉਣ ਵਾਲੀਆ ਚਣੌਤੀਆਂ ਪ੍ਰਤੀ ਜਾਗਰੂਕ ਕਰਦਾ ‘ਖ਼ਤਰਾ ਸਿੱਖੀ ਨੂੰ’ ਪੱਪੀ ਦੀ ਆਪਣੀ ਅਵਾਜ਼ ਵਿੱਚ ਗਾਇਆ ਗੀਤ, “ਧਾਲੀਆਂ ਐਂਡ ਮਾਛੀਕੇ ਮੀਡੀਆ ਅਮਰੀਕਾ ਦੀ ਪੇਸ਼ਕਸ਼ ਬਹੁਤ ਜਲਦ ਤੁਹਾਡੀ ਕਚਿਹਰੀ ਵਿੱਚ ਆ ਰਿਹਾ ਹੈ। ਜਿਸ ਨੂੰ ਬਹੁਤੇ ਅਖੌਤੀ ਕਿਸਮ ਦੇ ਸਿੱਖ ਸ਼ਾਇਦ ਨਾ ਪਸੰਦ ਕਰਨ। ਪਰ ਇਸ ਅਜੋਕੇ ਸਮੇਂ ਦੀਆਂ ਹਕੀਕਤਾਂ ਬਿਆਨ ਕਰਦਾ ਗੀਤ ਹੈ।
ਜਿਸ ਦਾ ਪੋਸਟਰ ਉੱਘੇ ਸਾਮਜਸੇਵੀ ਰਾਜੂ ਵਕੀਲਾਂਵਾਲਾ ਦੇ ਗ੍ਰਹਿ ਵਿਖੇ ਇਕ ਸੰਗੀਤਕ ਸ਼ਾਮ ਦੌਰਾਨ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ਤੇ ਡਾ. ਸਿਮਰਜੀਤ ਸਿੰਘ ਧਾਲੀਵਾਲ, ਸ਼ਾਇਰ ਰਣਜੀਤ ਗਿੱਲ, ਗਾਇਕ ਅਵਤਾਰ ਗਰੇਵਾਲ, ਗੁਰਸੇਵਕ ਧਾਲੀਵਾਲ, ਪੱਤਰਕਾਰ ਕੁਲਵੰਤ ਧਾਲੀਆਂ, ਨੀਟਾ ਮਾਛੀਕੇ ਆਦਿ ਸੱਜਣ ਮਜੂਦ ਰਹੇ। ਇਸ ਮੌਕੇ ਡਾ. ਸਿਮਰਜੀਤ ਧਾਲੀਵਾਲ ਨੇ ਬੋਲਦਿਆਂ ਕਿਹਾ ਕਿ ਪੱਪੀ ਭਦੌੜ ਦੀ ਪੰਜਾਬੀ ਸੰਗੀਤ ਨੂੰ ਵੱਡੀ ਦੇਣ ਹੈ ਅਤੇ ਪੱਪੀ ਨੂੰ ਇਸ ਗੀਤ ਲਈ ਬਹੁਤ ਬਹੁਤ ਵਧਾਈਆਂ। ਜੀ. ਐਚ. ਜੀ. ਅਕੈਡਮੀ ਫਰਿਜ਼ਨੋ ਦੇ ਮੋਢੀ ਮੈਂਬਰ ਪਰਮਜੀਤ ਸਿੰਘ ਧਾਲੀਵਾਲ ਅਤੇ ਟਰਾਂਸਪੋਰਟਰ ਮਿੰਟੂ ਉੱਪਲੀ ਨੇ ਵੀ ਪੱਪੀ ਦੀ ਹਰ-ਪੱਖੋਂ ਮੱਦਦ ਕਰਨ ਲਈ ਪਰਪੱਕਤਾ ਦੁਹਰਾਈ। ਅੰਤ ਸਮਾਜ, ਸੱਭਿਆਚਾਰ ਅਤੇ ਧਾਰਮਿਕ ਵਿਸ਼ਿਆਂ ‘ਤੇ ਬਾਤਾਂ ਪਾਉਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।