ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇ-ਨਜ਼ਰ ਪੰਜਾਬ ਵਿੱਚ ਸਿਆਸੀ ਅਖਾੜਾ ਪੂਰਾ ਭੁੱਖਿਆ ਹੋਇਆ ਹੈ। ਦਲ ਬਦਲੇ ਜਾ ਰਹੇ ਹਨ ਅਤੇ ਬਾਗੀਆਂ ਨੂੰ ਫਸਾਉਣ ਲਈ ਜਾਲ ਵਿੱਛ ਚੁੱਕੇ ਹਨ। ਇਸ ਦੇ ਨਾਲ ਹੀ ਨਸ਼ਾ, ਚੁਣਾਵੀ ਫੰਡਿੰਗ ਅਤੇ ਮਨੀ ਲਾਂਡਰਿੰਗ ਦੇ ਕੇਸ ਵੀ ਖੁੱਲ੍ਹ ਰਹੇ ਹਨ। ਈ. ਡੀ. ਵੀ ਪੰਜਾਬ ਵਿੱਚ ਸਰਗਰਮ ਹੈ। 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਕਰੀਬ 25 ਦਿਨ ਦਾ ਸਮਾਂ ਬਚਿਆ ਹੈ। ਇਹ ਵਿਧਾਨ ਸਭਾ ਚੋਣ ਜਨਤਾ ਦੇ ਕਿਸ ਮੁੱਦਿਆਂ ’ਤੇ ਲੜੀਆਂ ਜਾ ਰਹੀਆਂ ਹਨ, ਉਹ ਮੁੱਦੇ ਚੁਣਾਵੀ ਨੈਤਿਕਤਾ ਤੋਂ ਲਗਭਗ ਗਾਇਬ ਹਨ ਅਤੇ ਮੁੱਖ ਮੰਤਰੀ ਦੇ ਚਿਹਰੇ ’ਤੇ ਸਿਆਸਤ ਹੋ ਰਹੀ ਹੈ। ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਸਿਆਸਤ ਤੇਜ਼ ਹੋ ਗਈ ਹੈ। ਹਾਲਾਂਕਿ ਕਾਂਗਰਸ ’ਚ ਅਜੇ ਤੱਕ ਇਹ ਤੈਅ ਨਹੀਂ ਹੋ ਸਕਿਆ ਕਿ ਮੁੱਖ ਮੰਤਰੀ ਫੇਸ ਕੌਣ ਹੋਵੇਗਾ ?
ਮੁੱਖ ਮੰਤਰੀ ਅਹੁਦੇ ‘ਤੇ ਚੋਣਾਂ ’ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਸ਼ੁਰੂ ਹੋਈ ਲੜਾਈ ’ਚ ਕੈਪਟਨ ਅਮਰਿੰਦਰ ਸਿੰਘ ਦੇ ਹੱਥੋਂ ਕੁਰਸੀ ਤਾਂ ਜਾਂਦੀ ਰਹੀ ਤੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਛੱਡ ਕੇ ਵੱਕਾਰ ਦੀ ਲੜਾਈ ’ਚ ਆਪਣੀ ਪਾਰਟੀ ਤੱਕ ਬਣਾਉਣੀ ਪੈ ਗਈ ਅਤੇ ਹੁਣ ਉਹ ਭਾਜਪਾ ਨਾਲ ਮਿਲ ਕੇ ਚੋਣਾਂ ਲੜ ਰਹੇ ਹਨ ਪਰ ਨਵਜੋਤ ਸਿੰਘ ਸਿੱਧੂ ਫਿਰ ਵੀ ਨਾ ਤਾਂ ਮੁੱਖ ਮੰਤਰੀ ਬਣ ਸਕੇ ਤੇ ਨਾ ਹੀ ਅਜੇ ਤੱਕ ਮੁੱਖ ਮੰਤਰੀ ਫੇਸ ਐਲਾਨ ਹੋਏ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਸੰਸਦ ਭਗਵੰਤ ਮਾਨ ਨੂੰ ਮੁੱਖ ਮੰਤਰੀ ਫੇਸ ਦੇ ਤੌਰ ’ਤੇ ਚੋਣਾਂ ’ਚ ਉਤਾਰਿਆ ਗਿਆ ਹੈ। ਉੱਥੇ ਹੀ ਕਿਸੇ ਦਲਿਤ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਐਲਾਨ ਕਰਨ ਵਾਲੀ ਭਾਜਪਾ ਵੀ ਅਜੇ ਤੱਕ ਮੁੱਖ ਮੰਤਰੀ ਫੇਸ ਦਾ ਐਲਾਨ ਨਹੀਂ ਕਰ ਸਕੀ ਹੈ। ਚਾਹੇ ਦੇਸ਼ ਦੀਆਂ ਦੋਵੇਂ ਵੱਡੀਆਂ ਪਾਰਟੀਆਂ ਕਾਂਗਰਸ ਤੇ ਭਾਜਪਾ ਵੱਲੋਂ ਮੁੱਖ ਮੰਤਰੀ ਫੇਸ ਦਾ ਐਲਾਨ ਚੋਣ ਨਤੀਜਿਆਂ ਤੋਂ ਬਾਅਦ ਹੋਵੇਗਾ ਪਰ ਵਰਤਮਾਨ ’ਚ ਜਨਤਾ ਦੇ ਮੁੱਦਿਆਂ ’ਤੇ ਕੋਈ ਗੱਲ ਨਹੀਂ ਕਰ ਰਿਹਾ ਹੈ।
ਪੰਜਾਬ ’ਚ 15ਵੀਂ ਵਿਧਾਨ ਸਭਾ ਲਈ 2017 ’ਚ ਚੋਣਾਂ ’ਚ ਨਸ਼ਾ ਮੁੱਖ ਮੁੱਦੇ ਦੇ ਰੂਪ ’ਚ ਉੱਭਰਿਆ ਸੀ। 2014 ’ਚ ਹੋਈਆਂ ਲੋਕ ਸਭਾ ਚੋਣਾਂ ’ਚ ਨਸ਼ੇ ਦੇ ਮੁੱਦੇ ਨੇ ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ ‘ਤੇ ਅਖੀਰ ਪੰਜਾਬ ਦੀ ਸੱਤਾ ਹੱਥਾਂ ਤੋਂ ਜਾਂਦੀ ਰਹੀ। ਉੱਥੇ ਹੀ ਨਸ਼ੇ ਦਾ ਖ਼ਾਤਮੇ ਲਈ ਗੁਟਕਾ ਸਾਹਿਬ ਦੀ ਸਹੁੰ ਲੈ ਕੇ ਸੱਤਾ ’ਚ ਆਏ ਕੈਪਟਨ ਅਮਰਿੰਦਰ ਸਿੰਘ ਵੀ ਨਸ਼ੇ ’ਤੇ ਪੂਰੀ ਤਰ੍ਹਾਂ ਨਾਲ ਕਾਬੂ ਨਹੀਂ ਪਾ ਸਕੇ ਤੇ ਪੰਜਾਬ ’ਚ ਨਸ਼ੇ ਨਾਲ ਕਈ ਮੌਤਾਂ ਹੋਣ ਤੋਂ ਬਾਅਦ ਅੱਜ ਵੀ ਇਹ ਮੁੱਦਾ ਕਾਇਮ ਹੈ। ਨਸ਼ੇ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਮੁੱਦਾ ਕਿਸਾਨੀ ਆਤਮ-ਹੱਤਿਆਵਾਂ ਦਾ ਸੀ। ਖੇਤੀ ਪ੍ਰਧਾਨ ਸੂਬੇ ਪੰਜਾਬ ’ਚ ਚੋਣਾਂ ਦੌਰਾਨ ਕਿਸਾਨਾਂ ਦੇ ਕਰਜ਼ ਦਾ ਮੁੱਦਾ ਹਮੇਸ਼ਾ ਹਾਵੀ ਰਿਹਾ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਿਸਾਨਾਂ ਵੱਲੋਂ ਕਰਜ਼ ਕਾਰਨ ਕੀਤੀਆਂ ਜਾ ਰਹੀਆਂ ਆਤਮ-ਹੱਤਿਆਵਾਂ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਗਿਆ ਤੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕਰਕੇ ਕੈਪਟਨ ਕੈਪਟਨ ਅਮਰਿੰਦਰ ਸਿੰਘ ਸੱਤਾ ’ਚ ਆਏ ਸਨ। ਨਸ਼ਾ ਅਤੇ ਕਿਸਾਨੀ ਕਰਜ਼ੇ ਤੋਂ ਇਲਾਵਾ ਤੀਜਾ ਮੁੱਦਾ ਵੱਡੇ ਗੈਂਗਸਟਰਾਂ ਅਤੇ ਲਾਅ ਐਂਡ ਆਰਡਰ ਦਾ ਸੀ। ਗੈਂਗਸਟਰਾਂ ਤੇ ਨਸ਼ੇ ਦੇ ਵਧਦੇ ਕਾਰੋਬਾਰ ਕਾਰਨ ਲਾਅ ਐਂਡ ਆਰਡਰ ਦੀ ਹਾਲਤ ’ਤੇ ਸਵਾਲ ਚੁੱਕੇ ਜਾ ਰਹੇ ਸਨ। ਨਾਭਾ ਜੇਲ੍ਹ ਬ੍ਰੇਕ ਕਾਂਡ ਚਿੰਤਾ ਦਾ ਵਿਸ਼ਾ ਬਣ ਗਿਆ ਸੀ। ਸੂਬੇ ’ਚ 57 ਗੈਂਗਸਟਰਾਂ ਅਤੇ 20 ਹਜ਼ਾਰ ਦੇ ਕਰੀਬ ਭਗੌੜੇ ਮੁਲਜ਼ਮ ਖੁੱਲ੍ਹੇਆਮ ਘੁੰਮ ਰਹੇ ਸਨ। ਚੋਣ ਕਮਿਸ਼ਨ ਨੇ ਵੀ ਗੈਂਗਸਟਰਾਂ ਅਤੇ ਮੁਲਜ਼ਮਾਂ ਦੇ ਮਾਮਲੇ ’ਚ ਚਿੰਤਾ ਜ਼ਾਹਿਰ ਕੀਤੀ ਸੀ। ਹਾਲਾਂਕਿ ਕਾਂਗਰਸ ਦੀ ਸਰਕਾਰ ਆਉਣ ’ਤੇ ਗੈਂਗਸਟਰਾਂ ਤੇ ਕਾਫ਼ੀ ਸਖ਼ਤੀ ਹੋਈ, ਪਰ ਇਸ ਦੇ ਬਾਵਜੂਦ ਅੱਜ ਵੀ ਗੈਂਗਸਟਰਾਂ ਦੇ ਮਾਡਿਊਲਾਂ ਦੀ ਹਾਜ਼ਰੀ ਦਰਜ ਹੋ ਰਹੀ ਹੈ ਅਤੇ ਪੰਜਾਬ ’ਚ ਅੱਜ ਵੀ ਸਹਿਮ ਦਾ ਮਹੌਲ ਹੈ। ਸਭ ਤੋਂ ਅਹਿਮ ਮੁੱਦਾ ਬੇਅਦਬੀ ਦਾ ਸੀ। ਪੰਜਾਬ ’ਚ ਕਾਂਗਰਸ ਨੂੰ ਸੱਤਾ ’ਚ ਆਏ 5 ਸਾਲ ਪੂਰੇ ਹੋਣ ਵਾਲੇ ਹਨ ਪਰ ਅੱਜ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕੀ ਹੈ। ਇਸੇ ਤਰੀਕੇ ਇਸ ਵਾਰ ਦੀ ਪੰਜਾਬ ਇਲੈਕਸ਼ਨ ਵਿੱਚੋਂ ਪੰਜਾਬ ਦੇ ਅਸਲ ਮੁੱਦੇ ਜਿਵੇਂ- ਐਜੂਕੇਸ਼ਨ, ਹਿੱਲਥ-ਕੇਅਰ, ਬੇਰੁਜ਼ਗਾਰੀ, ਕਿਸਾਨ ਖ਼ੁਦਕੁਸ਼ੀਆਂ, ਵਧਦੀ ਮਹਿੰਗਾਈ, ਰੇਤ-ਬਜ਼ਰੀ-ਮਾਫ਼ੀਆ, ਬਾਲ ਮਜ਼ਦੂਰੀ, ਖੇਡਾਂ, ਔਰਤਾਂ ਦੀਆਂ ਮੁਸ਼ਕਲਾਂ, ਮਜ਼ਦੂਰ-ਵਪਾਰੀ ਵਰਗ ਦੇ ਮਸਲੇ ,ਪੰਜਾਬ ‘ਚ ਗੰਧਲੇ ਹੋ ਰਹੇ ਪਾਣੀ, ਪ੍ਰਦੂਸ਼ਨ ਆਦਿ ਮੁੱਦੇ ਪੂਰੀ ਤਰਾਂ ਗਾਇਬ ਹਨ।
ਮਾਛੀਕੇ ਐਂਡ ਧਾਲੀਆਂ ਮੀਡੀਆਂ ਕੈਲੀਫੋਰਨੀਆਂ ਅਮਰੀਕਾ